ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਵਿਖੇ ਕੰਪਿਊਟਰ ਸਾਇੰਸ ਵਿਭਾਗ ਦੇ ਰਿਸਰਚ ਐਂਡ ਡਿਵੈਲਪਮੈਂਟ ਸੈਲ ਦੇ ਸਹਿਯੋਗ ਨਾਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ਼.ਡੀ.ਪੀ) ਵਲੋਂ ‘ਡਿਜ਼ੀਟਲ ਇਨੀਸ਼ੀਏਟਿਵਜ਼ ਇਨ ਇੰਡੀਆ’ ਸੈਮੀਨਾਰ ਦਾ ਆਯੋਜਨ ਕੀਤਾ।ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵੱਖ-ਵੱਖ ਵਿਸ਼ਿਆਂ ਦੇ ਫੈਕਲਟੀ ਮੈਂਬਰਾਂ ਨੂੰ ਇਕ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਿੱਖਿਆ ’ਚ ਡਿਜੀਟਲ ਟੂਲਜ਼ ਦੇ ਖੇਤਰ ’ਚ ਪ੍ਰਮੁੱਖ ਮਾਹਿਰਾਂ ਨਾਲ ਜੋੜਨਾ ਸੀ ਤਾਂ ਜੋ ਅਧਿਆਪਕ ਵਿਦਿਆਰਥੀਆਂ ਨੂੰ ਡਿਜ਼ੀਟਲ ਢੰਗ ਨਾਲ ਸੰਚਾਰ ਕਰਨ ਅਤੇ ਸਲਾਹ ਦੇਣ ਦੇ ਨਵੇਂ ਤੇ ਬੇਹੱਤਰ ਤਰੀਕਿਆਂ ਬਾਰੇ ਜਾਣੂ ਕਰਵਾ ਸਕਣ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਸਿੱਖਿਆ ਵਿਭਾਗ ਤੋਂ ਪ੍ਰੋ: ਡਾ. ਦੀਪਾ ਸਿਕੰਦ ਕੌਟਸ ਨੇ ਐਫ.ਡੀ.ਪੀ ਦੇ ਸਰੋਤ ਵਿਅਕਤੀ ਵਜੋਂ ਸ਼ਿਰਕਤ ਕਰਦਿਆਂ ਸਿੱਖਿਆ ’ਚ ਡਿਜ਼ੀਟਲ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਜਿਸ ਵਿਚ ਉਨ੍ਹਾਂ ਨੇ ਸਵੈਮ, ਐਨ.ਪੀ.ਟੀ.ਈ.ਐਲ, ਈ-ਯੰਤਰਾ, ਫੋਸੀ, ਵਰਚੁਅਲ ਲੈਬ ਅਤੇ ਈ-ਕੰਟੈਂਟ ਡਿਵੈਲਪਮੈਂਟ ਟੂਲ ਆਦਿ ਵਰਗੇ ਵੱਖ-ਵੱਖ ਤਰੀਕਿਆਂ ਤੋਂ ਜਾਣੂ ਕਰਵਾਇਆ।
ਉਨ੍ਹਾਂ ਨੇ ਸਵੈਮ, ਵੀਡੀਓ ਲੈਕਚਰ, ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਰੀਡਿੰਗ ਸਮੱਗਰੀ ਜਿਸ ਨੂੰ ਡਾਊਨਲੋਡ/ਪ੍ਰਿ੍ਰੰਟ ਕੀਤਾ ਜਾ ਸਕਦਾ, ਕਵਿੱਜ਼ਾਂ ਰਾਹੀਂ ਸਵੈ-ਮੁਲਾਂਕਣ ਅਤੇ ਟੈਸਟਾਂ, ਕਲੀਅਰ ਕਰਨ ਲਈ ਆਨਲਾਈਨ ਚਰਚਾ ਫੋਰਮ ’ਤੇ ਹੋਸਟ ਕੀਤੇ ਗਏ ਕੋਰਸਾਂ ਦੇ ਚਾਰ ਚਤੁਰਭੁਜਾਂ ਬਾਰੇ ਵੀ ਜਾਣਕਾਰੀ ਦਿੱਤੀ।ਇੰਟਰਐਕਟਿਵ ਸੈਸ਼ਨ ਦੌਰਾਨ ਫੈਕਲਟੀ ਨੂੰ ਸਵੈਮ ਪਲੇਟਫਾਰਮ ’ਤੇ ਐਮ.ਓ.ਓ.ਸੀ.ਐਸ 3 ਨੂੰ ਏਕੀਕ੍ਰਿਤ ਕਰਕੇ ਆਪਣੇ ਅਧਿਆਪਨ ਦੇ ਹੁਨਰ ਨੂੰ ਵਧਾਉਣ ਲਈ ਵਿਧੀਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਅਧਿਆਪਕਾਂ ਨੂੰ ‘ਨਤੀਜੇ ਅਧਾਰਿਤ ਅਧਿਆਪਨ’ ਅਤੇ ‘ਸਿੱਖਿਆ ਕੇਂਦਰਿਤ ਅਧਿਆਪਨ ਰਣਨੀਤੀਆਂ’ ਨੂੰ ਸਮਝਣ ਅਤੇ ਅਭਿਆਸ ਕਰਨ ਦੀ ਤਾਕੀਦ ਵੀ ਕੀਤੀ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਅਤੇ ਗਿਆਨ ਭਰਪੂਰ ਲੈਕਚਰ ਦੇਣ ਲਈ ਡਾ. ਪ੍ਰੋ: ਡਾ. ਦੀਪਾ ਸਿਕੰਦ ਕੌਟਸ ਦਾ ਧੰਨਵਾਦ ਕਰਦਿਆਂ ਕਾਲਜ ਸਟਾਫ਼ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।