ਨੰਦੇੜ/ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਪ੍ਰਸ਼ਾਸ਼ਕ ਡਾ. ਪਰਵਿੰਦਰ ਸਿੰਘ ਪਸਰੀਚਾ ਵਲੋਂ ਗੁਰਦੁਆਰਾ ਪ੍ਰਬੰਧ ਨੂੰ ਹੋਰ ਸੁਚਾਰੂ ਬਣਾਉਣ ਲਈ ਦੋ ਸਹਾਇਕ ਸੁਪਰਡੈਂਟਾਂ ਦੀ ਚੋਣ ਲਈ 10 ਮਈ 2023 ਨੂੰ ਗੁਰਦੁਆਰਾ ਸਾਹਿਬ ਦੇ 10 ਸੁਪਰਵਾਈਜ਼ਰਾਂ ਦੀ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਲਈ ਗਈ।ਇਸ ਸਮੇਂ ਨਾਂਦੇੜ ਦੇ ਜਿਲ੍ਹਾ ਕੁਲੈਕਟਰ ਅਭਿਜੀਤ ਰਾਉਂਤ ਵਿਸ਼ੇਸ਼ ਤੌਰ `ਤੇ ਹਾਜ਼ਰ ਰਹੇ।ਇਸ ਪ੍ਰੀਖਿਆ ਉਪਰੰਤ ਜੈਮਲ ਸਿੰਘ ਢਿਲੋਂ ਪੀ.ਏ ਪ੍ਰਸ਼ਾਸਕ ਸਾਹਿਬ ਅਤੇ ਬਲਵਿੰਦਰ ਸਿੰਘ ਫੌਜੀ ਅਕਾਊਂਟੈਂਟ ਨੂੰ ਮੈਰਿਟ ਦੇ ਆਧਾਰ `ਤੇ ਸਹਾਇਕ ਸੁਪਰਡੈਂਟ ਚੁਣਿਆ ਗਿਆ।ਏਸੇ ਤਰਾਂ ਹੀ ਸੁਪਰਡੈਂਟ ਪਦ ਲਈ 35 ਤੋਂ 55 ਸਾਲ ਦੀ ਉਮਰ ਦੇ ਉਮੀਦਵਾਰਾਂ ਠਾਨ ਸਿੰਘ ਬੁੰਗਈ ਤੇ ਰਵਿੰਦਰ ਸਿੰਘ ਕਪੂਰ ਦਾ ਇੰਟਰਵਿਊ ਲਿਆ ਗਿਆ ਅਤੇ ਪ੍ਰਸ਼ਾਸਨਿਕ ਤਜ਼ੱਰਬੇ ਦੇ ਆਧਾਰ `ਤੇ ਠਾਨ ਸਿੰਘ ਬੰਗਈ ਨੂੰ ਸੁਪਰਡੈਂਟ ਨਿਯੁਕਤ ਕੀਤਾ ਗਿਆ।ਤਖਤ ਸਾਹਿਬ ਦੇ ਮਾਨਯੋਗ ਪੰਜ ਪਿਆਰੇ ਸਾਹਿਬਾਨ ਜੱਥੇਦਾਰ ਸੰਤ ਬਾਬਾ ਕੁਲਵੰਤ ਸਿੰਘ, ਮੀਤ ਜਥੇਦਾਰ ਭਾਈ ਜੋਤਿੰਦਰ ਸਿੰਘ, ਭਾਈ ਕਸ਼਼ਮੀਰ ਸਿੰਘ ਹੈਡ ਗ੍ਰੰਥੀ, ਭਾਈ ਰਾਮ ਸਿੰਘ ਧੂਪੀਆ ਤੇ ਭਾਈ ਗੁਰਮੀਤ ਸਿੰਘ ਮੀਤ ਗਾਂਧੀ ਜੀ ਦੀ ਹਾਜਰੀ ਵਿੱਚ ਡਾ. ਪਰਵਿੰਦਰ ਸਿੰਘ ਪਸਰੀਚਾ ਪ੍ਰਸ਼ਾਸਕ ਨੇ ਠਾਨ ਸਿੰਘ ਜੀ ਬੰਗਈ ਨੂੰ ਤਖਤ ਸੱਚਖੰਡ ਸਾਹਿਬ ਦੇ ਸੁਪਰਡੈਂਟ ਵਜੋਂ ਨਿਯੁੱਕਤੀ ਪੱਤਰ ਸੌਂਪਿਆ ਅਤੇ ਵਧਾਈਆਂ ਦਿੱਤੀਆਂ ਇਸ ਸਮੇਂ ਜਸਬੀਰ ਸਿੰਘ ਧਾਮ ਤੇ ਹੋਰ ਪਤਵੰਤੇ ਹਾਜ਼ਰ ਸਨ।ਜਿਕਰਯੋਗ ਹੈ ਕਿ ਠਾਨ ਸਿੰਘ ਬੰਗਈ ਪਹਿਲਾਂ ਵੀ ਸਤੰਬਰ 2015 ਤੋਂ ਮਾਰਚ 2018 ਤੱਕ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸੁਪਰਡੈਂਟ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।