ਪੰਜਾਬ ਸਰਕਾਰ ਦਲਿਤ ਭਾਈਚਾਰੇ ਦੇ ਵਿਕਾਸ ਲਈ ਵਚਨਬੱਧ – ਬਾਦਲ
ਕੇਂਦਰ ਸਰਕਾਰ ਦਲਿਤ ਭਾਈਚਾਰੇ ਦੇ ਵਿਕਾਸ ਲਈ ਸਪੈਸ਼ਲ ਪੈਕੇਜ਼ ਦੇਵੇ – ਮਜੀਠੀਆ
ਬਾਦਲ ਸਰਕਾਰ ਨੇ ਦਲਿਤ ਭਾਈਚਾਰੇ ਦੀ ਬਾਂਹ ਫੜ੍ਹੀ – ਰਣੀਕੇ

ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ/ਹਰਿੰਦਰਪਾਲ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਜੀਵਨ ਸਿੰਘ ਦੀ ਯਾਦਗਾਰ ਉਸਾਰਨ ਲਈ ਉਹ ਦਿੱਲੀ ਸਿੱਖ ਗੁਰਦੁਆਰਾ ਮੈਨਜੇਮੈਂਟ ਕਮੇਟੀ ਨਾਲ ਗੱਲਬਾਤ ਕਰਕੇ ਅਮਰ ਸ਼ਹੀਦ ਜੀਵਨ ਸਿੰਘ ਦੀ ਯਾਦ ਵਿਚ ਸ਼ਾਨਦਾਰ ਯਾਦਗਾਰ ਉਸਾਰਨਗੇ। ਇਹ ਪ੍ਰਗਟਾਵਾ ਉਨ੍ਹਾਂ ਅਮਰ ਸ਼ਹੀਦ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਸਰਕਾਰ ਵਲੋਂ ਮਾਨਾਂਵਾਲਾ ਦੇ ਨਜ਼ਦੀਕ ਪਿੰਡ ਬਿਸੰਬਰਪੁਰਾ ਵਿਖੇ ਕਰਵਾਏ ਰਾਜ ਪੱਧਰੀ ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕੀਤਾ।
ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜੋ ਕੋਮਾਂ ਆਪਣੇ ਇਤਿਹਾਸ ਨੂੰ ਹਮੇਸ਼ਾਂ ਯਾਦ ਰੱਖਦੀਆਂ ਹਨ ਉਹ ਹਮੇਸ਼ਾਂ ਤਰੱਕੀ ਕਰਦੀਆਂ ਹਨ। ਉਨਾਂ ਕਿਹਾ ਕਿ ਅਮਰ ਸ਼ਹੀਦ ਭਾਈ ਜੀਵਨ ਸਿੰਘ, ਜੋ ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਚਾਂਦਨੀ ਚੌਕ ਤੋਂ ਆਏ ਸਨ, ਦੇ ਸ਼ਹੀਦੀ ਦਿਹਾੜੇ ਸਬੰਧੀ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਸਮਾਗਮ ਕਰਵਾਉਣਾ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਭਾਵੇਂ ਉਨਾਂ ਦੇ ਅਧਿਕਾਰ ਖੇਤਰ ਵਿਚ ਅਮਰ ਸ਼ਹੀਦ ਜੀਵਨ ਸਿੰਘ ਦੀ ਯਾਦਗਾਰ ਚਾਂਦਨੀ ਚੌਕ ਦਿੱਲੀ ਵਿਖੇ ਬਣਾਉਣਾ ਨਹੀ ਹੈ ਪਰ ਉਹ ਫਿਰ ਵੀ ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਮੈਨਜੇਮੈਂਟ ਕਮੇਟੀ ਨਾਲ ਗੱਲਬਾਤ ਕਰਨਗੇ।
ਸ. ਬਾਦਲ ਨੇ ਸੂਬੇ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਕੜਾਕੇ ਦੀ ਠੰਢ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁਹੰਚੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਾਡੀ ਅਗਲੀ ਪੀੜ੍ਹੀ ਤੱਕ ਯਾਦ ਰੱਖਣ ਦੇ ਮਕਸਦ ਨਾਲ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਮਰ ਸ਼ਹੀਦ ਜੀਵਨ ਸਿੰਘ ਦੀ ਯਾਦਗਾਰ ਉਸਾਰੀ ਜਾ ਰਹੀ ਹੈ। ਬਾਬਾ ਮੋਤੀ ਰਾਮ ਮਹਿਰਾ, ਭਾਈ ਮਰਦਾਨਾ ਅਤੇ ਭਾਈ ਸੱਜਣ ਸਿੰਘ ਦੀਆਂ ਇਤਿਹਾਸਕ ਦਰਸ਼ਨੀ ਯਾਦਗਾਰਾਂ ਬਣ ਰਹੀਆਂ ਹਨ।
ਸ. ਬਾਦਲ ਨੇ ਕਿਹਾ ਕਿ ਰਾਜ ਅੰਦਰ ਜੋ ਲੋਕ ਲਾਲ ਲਕੀਰ ਅੰਦਰ ਰਹਿੰਦੇ ਹਨ ਉਨਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਉਕਿ ਲਾਲ ਲਕੀਰ ਅੰਦਰ ਰਹਿਣ ਵਾਲੇ ਲੋਕਾਂ ਕੋਲ ਆਪਣੀ ਮਾਲਕੀ ਵਾਲੀ ਲੈਂਡ ਦਾ ਕੋਈ ਸਬੂਤ ਨਹੀਂ ਹੁੰਦਾ ਹੈ।ਪਰ ਉਨਾਂ ਦੱਸਿਆ ਕਿ ਉਹ ਇਸ ਸਬੰਧੀ ਪਹਿਲਾਂ ਹੀ ਪ੍ਰਾਪਰਟੀ ਦੀ ਗਿਣਤੀ ਕਰਨ ਸਬੰਧੀ ਅਧਿਕਾਰੀਆਂ ਨੂੰ ਹੁਕਮ ਦੇ ਚੁੱਕੇ ਹਨ।ਉਨਾਂ ਕਿਹਾ ਕਿ ਲੋਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਲੋਕਾਂ ਦੀ ਮਲਕੀਅਤ ਨੂੰ ਦੱਸਣ ਲਈ ਹੱਲ ਲੱਭਿਆ ਗਿਆ ਹੈ।
ਸ. ਬਾਦਲ ਨੇ ਸੰਬੋਧਨ ਦੌਰਾਨ ਅੱਗੇ ਕਿਹਾ ਕਿ ਸਾਡੇ ਸਰਕਾਰ ਦੇ ਹਿੱਸੇ ਹੀ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਉਸਾਰਨ ਦਾ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਸੰਗਰੂਰ ਜ਼ਿਲੇ ਅੰਦਰ ‘ਵੱਡਾ ਘੱਲੂਘਾਰਾ’ ਜਿਥੇ ਕਰੀਬ 35 ਹਜ਼ਾਰ ਲੋਕਾਂ ਸ਼ਹੀਦ ਕਰ ਦਿੱਤੇ ਗਏ ਸਨ ਅਤੇ ਗੁਰਦਾਸਪੁਰ ਜ਼ਿਲੇ ਅੰਦਰ ਵਾਪਰੇ ‘ਛੋਟੇ ਘੱਲੂਘਾਰਾ’ ਜਿਥੇ ਕਰੀਬ 15 ਹਜ਼ਾਰ ਲੋਕਾਂ ਨੇ ਸ਼ਹੀਦੀ ਜਾਮ ਪੀਤਾ ਸੀ, ਉਨ੍ਹਾਂ ਦੀ ਯਾਦ ਵਿਚ ਯਾਦਗਾਰਾਂ ਉਸਾਰੀਆਂ ਗਈਆਂ ਹਨ।ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਚੱਪੜਚਿੜੀ ਨੇੜੇ ਮੁਹਾਲੀ ਵਿਖੇ ਯਾਦਗਾਰ ਉਸਾਰੀ ਗਈ ਹੈ। ਰਾਮ ਤੀਰਥ ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕ ਦੀ ਯਾਦਗਾਰ ਉਸਾਰੀ ਜਾ ਰਹੀ ਹੈ। ਕਰਤਾਰਪੁਰ ਅਤੇ ਅੰਮ੍ਰਿਤਸਰ ਵਿਖੇ ਸ਼ਹੀਦਾਂ ਦੀ ਯਾਦਗਾਰ ਉਸਾਰੀਆਂ ਜਾ ਰਹੀਆਂ ਹਨ। ਸ੍ਰੀ ਹਰਮੰਦਿਰ ਸਾਹਿਬ ਦੇ ਸਾਹਮਣੇ ਗੋਲਡਨ ਪਲਾਜ਼ੇ ਦੀ ਉਸਾਰੀ ਕੀਤੀ ਗਈ ਹੈ।

ਸ. ਬਾਦਲ ਨੇ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਨੇ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨਾਂ ਕਿਹਾ ਕਿ ਆਟਾ-ਦਾਲ ਸਕੀਮ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਵਰਗੀਆਂ ਕਲਿਆਣ ਕਾਰੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਮਕਸਦ ਨਾਲ ਮਾਂ ਖੇਡ ਕਬੱਡੀ ਨੂੰ ਪ੍ਰਫੁਲਿਤ ਕੀਤਾ ਗਿਆ ਹੈ ਅਤੇ ਅੱਜ ਸਰਕਾਰ ਵਲੋਂ ਪੰਜ ਵਿਸ਼ਵ ਕਬੱਡੀ ਟੂਰਨਾਮੈਂਟ ਕਰਵਾਏ ਗਏ ਹਨ ਅਤੇ ਅੱਜ ਮਾਂ ਖੇਡ ਕਬੱਡੀ ਪੂਰੇ ਵਿਸ਼ਵ ਵਿਚ ਆਪਣੀ ਪਹਿਚਾਣ ਬਣਾ ਚੁੱਕੀ ਹੈ।
ਸ. ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਦਲਿਤ ਭਾਈਚਾਰੇ ਦੇ ਲੋਕਾਂ ਲਈ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਦਲਿਤ ਬਾਈਚਾਰੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 240 ਸਾਲ, 10 ਗੁਰੂ ਸਾਹਿਬਾਨਾਂ ਦੇ ਸਮੇਂ ਪੰਥ ਦੀ ਮਹਾਨ ਸੇਵਾ ਕੀਤੀ ਹੈ ਅਤੇ ਇਨ੍ਹਾਂ ਦੀਆਂ ਕੁਰਬਾਨੀਆਂ ਨੂੰ ਮੁੱਖ ਰੱਖ ਕੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਦੇ ਕੇ ਨਿਵਾਜਿਆ ਸੀ।ਸ. ਬਾਦਲ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਨੇ ਦਲਿਤ ਸਮਾਜ ਦੀ ਬਾਂਹ ਫੜਦਿਆਂ ਇਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਸਿੱਖਿਆ ਦੇ ਪ੍ਰਸਾਰ, ਸਮਾਜਿਕ ਮਾਨ ਸਨਮਾਨ ਵਿਚ ਵਾਧੇ ਲਈ ਇਨਕਲਾਬੀ ਸਕੀਮਾਂ ਸ਼ੁਰੂ ਕੀਤੀਆਂ ਹਨ, ਜਿਸ ਵਿਚ ਸ਼ਗਨ ਸਕੀਮ, ਸਕੂਲਾਂ ਵਿਚ ਪੜ੍ਹਦੀਆਂ ਬੱਚੀਆਂ ਨੂੰ ਵਜੀਫੇ, ਕਮਰਸ਼ੀਅਲ ਪਾਇਲਟ ਟਰੇਨਿੰਗ ਲਈ 25 ਲੱਖ ਰੁਪਏ ਦੀ ਗ੍ਰਾਂਟ, ਸਕੂਲਾਂ ਵਿਚ ਮੁਫਤ ਪਾਠ ਪੁਸਤਕਾਂ, ਪ੍ਰਾਈਮਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜਰੀ ਵਜੀਫਾ ਸਕੀਮ, ਪ੍ਰੀ-ਮੈਟ੍ਰਿਕ ਸਕੀਮ ਅਧੀਨ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ, 10+2 ਜਮਾਤ ਵਿਚ ਪੜ੍ਹਦੀਆਂ ਐੱਸ.ਸੀ. ਲੜਕੀਆਂ ਨੂੰ ਵਜੀਫੇ ਅਤੇ ਸਟੈਨੋਗ੍ਰਾਫੀ ਦੇ ਕੋਰਸਾਂ ਲਈ ਪ੍ਰਤੀ ਮਹੀਨਾ ਪ੍ਰਤੀ ਵਿਦਿਆਰਥੀ 750 ਰੁਪਏ ਵਜੀਫਾ ਅਤੇ ਅੰਮ੍ਰਿਤਸਰ, ਪਟਿਆਲਾ ਤੇ ਫਿਰੋਜਪੁਰ ਵਿਚ ਸਟੈਨੋ ਦੀਆਂ ਕਲਾਸਾਂ ਵਿਚ 25-25 ਫੀਸਦੀ ਸੀਟਾਂ ਦਾ ਰਾਖਵਾਂਕਰਨ ਅਤੇ ਵੱਖ-ਵੱਖ ਖੇਤਰ ਵਿਚ ਸਵੈ ਰੁਜ਼ਗਾਰ ਪ੍ਰਾਪਤ ਕਰਨ ਵਾਸਤੇ 2 ਤੋਂ 8 ਫੀਸਦੀ ਤੱਕ ਸਲਾਨਾ ਵਿਆਜ ਦਰ ‘ਤੇ ਕਰਜੇ ਮੁਹੱਈਆ ਕਰਵਾਏ ਜਾ ਰਹੇ ਹਨ।
ਅਮਰ ਸ਼ਹੀਦ ਜੀਵਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਬ ਨੇ ਕਿਹਾ ਕਿ ਸ਼ਹਾਦਤ ਦੇਣਾ ਸਿੱਖ ਕੌਮ ਦਾ ਅਨਿੱਖੜਵਾਂ ਅੰਗ ਹੈ ਅਤੇ ਇਹ ਗੁਰਤੀ ਸਾਨੂੰ ਆਪਣੇ ਗੁਰੂ ਸਾਹਿਬਾਨਾਂ ਤੋਂ ਮਿਲੀ ਹੈ।ਉਨ੍ਹਾਂ ਕਿਹਾ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਜਬਰ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਨਾਂ ਕਿਹਾ ਕਿ ਸਿੱਖ ਕੌਮ ਨੇ ਕਦੇ ਵੀ ਈਨ ਨਹੀਂ ਮੰਨੀ ਤੇ ਹਮੇਸ਼ਾਂ ਸੱਚ ਤੇ ਹੱਕ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨਾਂ ਕਿਹਾ ਕਿ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ ਵਾਲੇ ਹੀ ਕੌਮਾਂ ਹੀ ਚੜ੍ਹਦੀ ਕਲਾ ਵਿਚ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਖੁਸ਼ਕਿਸਮਤੀ ਹੈ ਕਿ ਉਨਾਂ ਦੇ ਹਿੱਸੇ ਸੂਬੇ ਦੇ ਵਿਕਾਸ ਕਰਨ ਦੇ ਨਾਲ-ਨਾਲ ਆਪਣੇ ਸ਼ਹੀਦਾਂ ਦੀ ਯਾਦਗਰਾਂ ਉਸਾਰਨ ਦਾ ਸੁਭਾਗ ਵੀ ਮਿਲਿਆ ਹੈ।
ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਹਨ। ਉਨਾਂ ਕਿਹਾ ਕਿ ਪੰਜਾਬ ਅੰਦਰ 32 ਪ੍ਰਤੀਸ਼ਤ ਤੋਂ ਵੱਧ ਦਲਿਤ ਵਸੋਂ ਹੈ, ਇਸ ਲਈ ਕੇਂਦਰ ਸਰਕਾਰ ਨੂੰ ਦਲਿਤ ਭਾਈਚਾਰੇ ਦੇ ਵਿਕਾਸ ਲਈ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਸਾਂਝੇ ਯਤਨਾਂ ਨਾਲ ਇਸ ਭਾਈਚਾਰਾ ਦਾ ਸਰਬਪੱਖੀ ਵਿਕਾਸ ਕਰ ਸਕਦੀਆਂ ਹਨ।
ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਅਮਰ ਸ਼ਹੀਦ ਜੀਵਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨਾਂ ਮੁੱਖ ਮੰਤਰੀ ਸ੍ਰੀ ਭੀਮ ਸੇਨ ਸੱਚਰ ਤੋਂ ਲੈ ਕੇ ਮੌਜੂਦਾ ਮੁੱਖ ਮੰਤਰੀ ਸ. ਪਰਕਾਸ ਸਿੰਘ ਬਾਦਲ ਨਾਲ ਕੰਮ ਕੀਤਾ ਹੈ ਅਤੇ ਸਿਰਫ ਸ. ਬਾਦਲ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਹੀ ਦਲਿਤ ਭਾਈਚਾਰੇ ਦਾ ਵਿਕਾਸ ਹੋਇਆ ਹੈ।ਉਨਾਂ ਕਿਹਾ ਕਿ ਸਿਰਫ ਸ. ਪਰਕਾਸ਼ ਸਿੰਘ ਬਾਦਲ ਹੀ ਹਨ ਜੋ ਦਲਿਤ ਸਮਾਜ ਦੇ ਵਿਕਾਸ ਲਈ ਮੋਹਰੀ ਹੋ ਕੇ ਰੋਲ ਅਦਾ ਕਰਦੇ ਹਨ।
ਅਮਰ ਸ਼ਹੀਦ ਜੀਵਨ ਸਿੰਘ ਨੂੰ ਸੰਤ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ, ਸ੍ਰੀ ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ,ਪੰਜਾਬ, ਸ੍ਰੀ ਦੇਸ ਰਾਜ ਧੁੱਗਾ ਮੁੱਖ ਸੰਸਦੀ ਸਕੱਤਰ ਪੰਜਾਬ, ਸ੍ਰੀ ਰਾਜਮਹਿੰਦਰ ਸਿੰਘ ਮਜੀਠੀਆ ਸਾਬਕਾ ਰਾਜ ਸਭਾ ਮੈਂਬਰ, ਸ੍ਰੀ ਵਿਰਸਾ ਸਿੰਘ ਵਲਟੋਹਾ ਮੁੱਖ ਸੰਸਦੀ ਸਕਤੱਰ ਪੰਜਾਬ, ਸ. ਸੇਵਾ ਸਿੰਘ ਸੇਖਵਾਂ ਸਾਬਕਾ ਕੈਬਵਿਟ ਵਜ਼ੀਰ ਤੇ ਸ. ਵੀਰ ਸਿੰਘ ਲੋਪੇਕੇ ਚੇਅਰਮੈਨ ਆਦਿ ਨੇ ਸੰਬੋਧਨ ਕੀਤਾ।
ਇਸ ਮੌਕੇ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਵਜ਼ੀਰ ਪੰਜਾਬ ਨੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ, ਪੰਜਾਬ ਤੇ ਸ. ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਅਗਵਾਈ ਹੇਠ ਇਸ ਸ਼ਹੀਦੀ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਹੈ। ਉਨਾਂ ਧਾਰਮਿਕ ਜਥੇਬੰਦੀਆਂ, ਨਿਹੰਗ ਜਥੇਬੰਦੀਆਂ ਤੇ ਰਾਜ ਭਰ ਤੋਂ ਪੁਹੰਚੀਆਂ ਸੰਗਤਾਂ ਦਾ ਵਿਸ਼ੇਸ ਧੰਨਵਾਦ ਕੀਤਾ। ਉਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸ. ਬਾਦਲ ਦੀ ਅਗਵਾਈ ਵਾਲੀ ਸਰਕਾਰ ਵਿਚ ਹੀ ਦਲਿਤ ਭਾਈਚਾਰੇ ਲਈ ਸਰਬਪੱਖੀ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ।ਜ਼ਿਕਰਯੋਗ ਹੈ ਬੀਤੇ ਕਈ ਦਿਨਾਂ ਤੋਂ ਸ. ਗੁਲਜ਼ਾਰ ਸਿੰਘ ਰਣੀਕੇ ਕੈਬਨਿਟ ਵਜ਼ੀਰ ਪੰਜਾਬ ਦੀ ਅਗਵਾਈ ਹੇਠ ਸਮਾਗਮ ਨੂੰ ਸਫਲਤਾਪੂਰਨ ਨੇਪਰੇ ਚਾੜ੍ਹਣ ਲਈ ਪੂਰੀ ਟੀਮ ਵਲੋਂ ਦਿਨ-ਰਾਤ ਮਿਹਨਤ ਕੀਤੀ ਗਈ ਸੀ। ਸਟੇਜ ਸੰਚਾਲਨ ਦੇ ਫਰਜ਼ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਨਿਭਾਏ ਗਏ।
ਸ਼ਹੀਦੀ ਸਮਾਗਮ ਵਿਚ ਅਮਰ ਸ਼ਹੀਦ ਜੀਵਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ੍ਰੀ ਸੁਰਜੀਤ ਸਿੰਘ ਰੱਖੜਾ, ਸ. ਸ਼ਰਨਜੀਤ ਸਿੰਘ ਢਿੱਲੋਂ (ਦੋਵੇਂ ਕੈਬਨਿਟ ਵਜ਼ੀਰ), ਸ. ਸਰਵਣ ਸਿੰਘ ਫਿਲੌਰ ਸਾਬਕਾ ਕੈਬਨਿਟ ਵਜੀਰ, ਸ. ਇੰਦਰਬੀਰ ਸਿੰਘ ਬੁਲਾਰੀਆ, ਸ. ਹਰਮੀਤ ਸਿੰਘ ਸੰਧੂ, ਸ. ਵਿਰਸਾ ਸਿੰਘ ਵਲਟੋਹਾ, ਸ.ਦੇਸ ਰਾਜ ਧੁੱਗਾ, ਸ. ਅਮਰਪਾਲ ਸਿੰਘ ਬੋਨੀ ਅਜਨਾਲਾ (ਸਾਰੇ ਮੁੱਖ ਸੰਸਦੀ ਸਕੱਤਰ) ਵਿਧਾਇਕ ਮਨਜੀਤ ਸਿੰਘ ਮੰਨਾ , ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਰਾਜ ਸਭਾ ਮੈਂਬਰ ਰਾਜਮਹਿੰਦਰ ਸਿੰਘ ਮਜੀਠੀਆ, ਚੋਧਰੀ ਨੰਦ ਲਾਲ ਵਿਧਾਇਕ, ਜਸਟਿਸ ਨਿਰਮਲ ਸਿੰਘ, ਸ. ਸੇਵਾ ਸਿੰਘ ਸੇਖਵਾਂ ਸਾਬਕਾ ਕੈਬਨਿਟ ਵਜ਼ੀਰ, ਸ. ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਸ. ਵੀਰ ਸਿੰਘ ਲੋਪੋਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸ. ਰਵਿੰਦਰ ਸਿੰਘ ਬ੍ਰਹਮਪੁਰਾ ਚੇਅਰਮੈਨ, ਸ. ਲਖਬੀਰ ਸਿੰਘ ਲੋਧੀਨੰਗਲ, ਸ. ਰਜਿੰਦਰ ਸਿੰਘ ਮਹਿਤਾ, ਸ. ਰਾਮ ਸਿੰਘ, ਸ. ਗੁਰਿੰਦਰਪਾਲ ਸਿੰਘ ਰਣੀਕੇ (ਸਾਰੇ ਮੈਂਬਰ ਸ਼ਰੋਮਣੀ ਕਮੇਟੀ), ਸ. ਸਰਬਜੀਤ ਸਿੰਘ ਮੱਕੜ, ਸ੍ਰੀ ਗੋਬਿੰਦ ਸਿੰਘ ਕਾਂਜਲਾ ਸਾਬਕਾ ਵਿਧਾਇਕ, ਸ੍ਰੀ ਦਰਬਾਰਾ ਸਿੰਘ ਗੁਰੂ, ਸ੍ਰੀ ਮਲਕੀਤ ਸਿੰਘ ਏ.ਆਰ, ਸ. ਲਖਵਿੰਦਰ ਸਿੰਘ ਪ੍ਰਧਾਨ ਗੁਰਦਾਸਪੁਰ ਸਮੇਤ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਹਾਜ਼ਰ ਸਨ। ਇਸ ਮੌਕੇ ਸ੍ਰੀ ਕੇ.ਜੇ.ਐਸ.ਚੀਮਾ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਵੀ ਮੌਜੂਦ ਸਨ।
Punjab Post Daily Online Newspaper & Print Media