ਸਮਰਾਲਾ, 21 ਮਾਰਚ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ, ਅਧਿਆਪਕ ਚੇਤਨਾ ਮੰਚ ਸਮਰਾਲਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਇੱਕ ਭਾਰੀ ਇਕੱਤਰਤਾ ਬਿਹਾਰੀ ਲਾਲ ਸੱਦੀ, ਕਮਾਂਡੈਂਟ ਰਸ਼ਪਾਲ ਸਿੰਘ ਅਤੇ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪ੍ਰਸਿੱਧ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ, ਪੰਜਾਬੀ ਦੇ ਪ੍ਰਸਿੱਧ ਲੇਖਕ ਸ਼ਾਹ ਚਮਨ ਅਤੇ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜਨਰਲ ਸਕੱਤਰ ਬ੍ਰਾਹਮਦੇਵ ਅਣਜਾਣ ਦੇ ਦਿਹਾਂਤ ਦੇ ਸੋਗ ਪ੍ਰਗਟ ਕੀਤਾ ਗਿਆ। ਇਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਬਿਹਾਰੀ ਲਾਲ ਸੱਦੀ ਨੇ ਕਿਹਾ ਕਿ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਵਿਜੇਤਾ ਖੁਸ਼ਵੰਤ ਸਿੰਘ ਦੀ ਸਾਹਿਤ ਲਈ ਬਹੁਤ ਹੀ ਲਾਸਾਨੀ ਦੇਣ ਹੈ, ਉਸ ਦੀ ਮੌਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਪੰਜਾਬੀ ਦੇ ਪ੍ਰਸਿੱਧ ਲੇਖਕ ਸ਼ਾਹ ਚਮਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿਵੇਂ ਉਸਨੇ ਆਪਣੀ ਗਰੀਬੀ ਦੇ ਵਿੱਚ ਦਿਨ ਕੱਟ ਕੇ ਵੀ ਪੰਜਾਬੀ ਸਾਹਿਤ ਦੀ ਤਨੋ ਮਨੋਂ ਸੇਵਾ ਕੀਤੀ। ਉਸਨੇ ਸੱਤ ਨਾਵਲ ਅਤੇ ਤਿੰਨ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ‘ਚ ਪਾਏ। ਪਰ ਸਮੇਂ ਦੀਆਂ ਸਰਕਾਰਾਂ ਨੇ ਉਸਦੀ ਕੋਈ ਸਾਰ ਨਾ ਲਈ। ਜਗਦੀਸ਼ ਨੀਲੋਂ ਨੇ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜਨਰਲ ਸਕੱਤਰ ਬ੍ਰਾਹਮਦੇਵ ਅਣਜਾਣ ਦੇ ਕੁਝ ਦਿਨ ਬਿਮਾਰ ਰਹਿਣ ਪਿੱਛੋਂ ਦਿਹਾਂਤ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿਅਕਤੀ ਨੇ ਆਪਣੀ ਸਾਰੀ ਉਮਰ ਸਮਾਜ ਸੇਵਾ ਪ੍ਰਤੀ ਲਗਾ ਦਿੱਤੀ। ਤਿੰਨਾਂ ਸ਼ਖਸ਼ੀਅਤਾਂ ਬਾਰੇ ਗੱਲਬਾਤ ਕਰਨ ਵਾਲਿਆਂ ਵਿੱਚ, ਪ੍ਰੋ. ਬਲਦੀਪ, ਪ੍ਰੋ. ਪਰਮਿੰਦਰ ਸਿੰਘ ਬੈਨੀਪਾਲ, ਦੀਪ ਦਿਲਬਰ, ਸੰਦੀਪ ਤਿਵਾੜੀ, ਦਰਸ਼ਨ ਸਿੰਘ ਕੰਗ, ਜੋਗਿੰਦਰ ਸਿੰਘ ਜੋਸ਼, ਪ੍ਰੇਮ ਸਾਗਰ ਸ਼ਰਮਾ, ਮਾਸਟਰ ਪ੍ਰੇਮ ਨਾਥ, ਇੰਦਰਜੀਤ ਸਿੰਘ ਕੰਗ, ਮਾਸਟਰ ਮੇਘ ਦਾਸ, ਤਸਵਿੰਦਰ ਬੜੈਚ, ਮਨਦੀਪ ਮਾਣਕੀ, ਲੀਲ ਦਿਆਲਪੁਰੀ, ਲਖਵਿੰਦਰਪਾਲ ਸਿੰਘ, ਸੰਤੋਖ ਸਿੰਘ ਕੋਟਾਲਾ, ਸੋਹਨਜੀਤ ਕੋਟਾਲਾ, ਸ਼ਵਿੰਦਰ ਸਿੰਘ, ਰਜਿੰਦਰ ਸਿੰਘ ਆਦਿ ਸ਼ਾਮਲ ਸਨ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …