Saturday, April 25, 2026

ਮਾਲਵਾ ਲਿਖਾਰੀ ਸਭਾ ਵਲੋਂ 10ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ

ਸੰਗਰੂਰ, 26 ਜੂਨ (ਜਗਸੀਰ ਲੌਂਗੋਵਾਲ) – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵਲੋਂ ਸਥਾਨਕ ਹੋਟਲ ਵਿਖੇ ਆਪਣੇ ਦਸਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਪਰਗਟ ਸਿੰਘ ਸਤੌਜ ਨੇ ਕੀਤੀ।ਇਸ ਸਮੇਂ ਸਭਾ ਵਲੋਂ ਦਿੱਤਾ ਜਾਣ ਵਾਲਾ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਗਿਆਨੀ ਜੰਗੀਰ ਸਿੰਘ ਰਤਨ ਨੂੰ, ਮੇਘ ਗੋਇਲ ਯਾਦਗਾਰੀ ਗਲਪ ਪੁਰਸਕਾਰ ਬਿੰਦਰ ਸਿੰਘ ਖੁੱਡੀ ਕਲਾਂ ਨੂੰ ਅਤੇ ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ ਧਨੌਲੇ ਵਾਲੇ ਪਾਠਕ ਭਰਾਵਾਂ ਦੇ ਕਵੀਸ਼ਰੀ ਜਥੇ ਨੂੰ ਦਿੱਤਾ ਗਿਆ।ਸਨਮਾਨਿਤ ਸ਼ਖ਼ਸੀਅਤਾਂ ਬਾਰੇ ਗੱਲਬਾਤ ਕਰਦਿਆਂ ਪਰਗਟ ਸਿੰਘ ਸਤੌਜ ਨੇ ਕਿਹਾ ਕਿ ਕਲਾ ਕਲਾਕਾਰਾਂ ਲਈ ਨਹੀਂ ਬਲਕਿ ਲੋਕਾਂ ਲਈ ਹੋਣੀ ਚਾਹੀਦੀ ਹੈ।ਨਵੇਂ ਲੇਖਕਾਂ ਨੂੰ ਆਪਣੀ ਵਿਧਾ ਨਾਲ ਸਬੰਧਿਤ ਵਿਦਵਾਨਾਂ ਦੀ ਪੂਰੀ ਤਸੱਲੀ ਤੋਂ ਬਾਅਦ ਹੀ ਪੁਸਤਕ ਛਪਵਾਉਣ ਬਾਰੇ ਫ਼ੈਸਲਾ ਕਰਨਾ ਚਾਹੀਦਾ ਹੈ।
ਡਾ. ਮੀਤ ਖਟੜਾ ਦਾ ਲੇਖ-ਸੰਗ੍ਰਹਿ ‘ਕਹਾਣੀ ਉਰਵਸ਼ੀ ਦੀ’ ਵੀ ਲੋਕ ਅਰਪਣ ਕੀਤਾ ਗਿਆ।ਪੁਸਤਕ ਸਬੰਧੀ ਵਿਸਥਾਰ ਸਹਿਤ ਚਰਚਾ ਕਰਦਿਆਂ ਡਾ. ਇਕਬਾਲ ਸਿੰਘ ਸਕਰੌਦੀ ਨੇ ਕਿਹਾ ਕਿ ਡਾ. ਮੀਤ ਖਟੜਾ ਸਮਾਜ ਵਲੋਂ ਦੁਰਕਾਰੇ ਅਤੇ ਲਿਤਾੜੇ ਜਾ ਰਹੇ ਲੋਕਾਂ ਦੇ ਦੁੱਖਾਂ ਦਾ ਪ੍ਰਗਟਾਵਾ ਮਾਨਵਵਾਦੀ ਪਹੁੰਚ ਅਪਣਾ ਕੇ ਕਰਦੇ ਹਨ।ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਡਾ. ਮੀਤ ਖਟੜਾ ਨੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਵਿੱਚਲਾ ਦਰਦ ਉਨ੍ਹਾਂ ਦਾ ਹੱਡੀਂ ਹੰਢਾਇਆ ਦਰਦ ਹੈ।ਵਿਚਾਰ-ਚਰਚਾ ਵਿੱਚ ਦਲਬਾਰ ਸਿੰਘ, ਲਖਵਿੰਦਰ ਸ਼ਰਮਾ ਹੰਡਿਆਇਆ ਅਤੇ ਰਣਜੀਤ ਆਜ਼ਾਦ ਕਾਂਝਲਾ ਨੇ ਵੀ ਹਿੱਸਾ ਲਿਆ।
ਧਨੌਲੇ ਵਾਲੇ ਪਾਠਕ ਭਰਾਵਾਂ ਦੇ ਵਿਸ਼ਵ ਪ੍ਰਸਿੱਧ ਕਵੀਸ਼ਰੀ ਜਥੇ ਵਿੱਚ ਸ਼ਾਮਲ ਸਤਨਾਮ ਪਾਠਕ, ਮਿੱਠੂ ਪਾਠਕ ਅਤੇ ਪ੍ਰੀਤ ਪਾਠਕ ਦੀ ਖ਼ੂਬਸੂਰਤ ਕਵੀਸ਼ਰੀ ਨਾਲ ਸ਼ੁਰੂ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਚਰਨੀ ਬੇਦਿਲ, ਭੋਲਾ ਸਿੰਘ ਸੰਗਰਾਮੀ, ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ, ਦਲਵਾਰ ਸਿੰਘ ਚੱਠੇ ਸੇਖਵਾਂ, ਸੁਖਵਿੰਦਰ ਸਿੰਘ ਲੋਟੇ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਜਸਪਾਲ ਸਿੰਘ ਸੰਧੂ, ਰਮੇਸ਼ਵਰ ਸਿੰਘ, ਬਿੰਦਰ ਸਿੰਘ ਖੁੱਡੀ ਕਲਾਂ, ਡਾ. ਇਕਬਾਲ ਸਿੰਘ ਸਕਰੌਦੀ, ਸੁਰਿੰਦਰਪਾਲ ਸਿੰਘ ਸਿਦਕੀ, ਕੁਲਵੰਤ ਖਨੌਰੀ, ਗੁਰਜੀਤ ਕੌਰ, ਗੁਰਮੀਤ ਸਿੰਘ ਸੋਹੀ, ਦਲਵਾਰ ਸਿੰਘ ਧਨੌਲਾ, ਰਣਜੀਤ ਆਜ਼ਾਦ ਕਾਂਝਲਾ, ਅਮਨ ਜੱਖਲਾਂ, ਹਰਕਰਣ ਸਿੰਘ, ਹਰਮਨਪ੍ਰੀਤ ਸਿੰਘ, ਸੁਖਜੀਤ ਕੌਰ, ਬਲਵੰਤ ਕੌਰ ਘਨੌਰੀ ਕਲਾਂ, ਮਨਵੀਰ ਸਿੰਘ ਘਨੌਰੀ ਕਲਾਂ, ਜਰਨੈਲ ਸਿੰਘ ਸੱਗੂ, ਪਰਮਜੀਤ ਕੌਰ ਸੰਗਰਾਮੀ, ਜੀਤ ਹਰਜੀਤ, ਅਵਤਾਰ ਸਿੰਘ ਮਾਨ, ਕਲਵੰਤ ਸਿੰਘ ਕਸਕ, ਮੀਤ ਸਕਰੌਦੀ, ਭੁਪਿੰਦਰ ਨਾਗਪਾਲ, ਜਸਵੀਰ ਕੌਰ ਬਦਰਾ, ਪੰਥਕ ਕਵੀ ਲਾਭ ਸਿੰਘ ਝੱਮਟ, ਜੱਗੀ ਮਾਨ, ਪਰਮਜੀਤ ਕੌਰ ਸੰਗਰੂਰ, ਰਣਬੀਰ ਸਿੰਘ ਪ੍ਰਿੰਸ, ਜਗਜੀਤ ਕੌਰ ਢਿੱਲਵਾਂ, ਪੂਜਾ ਪੁੰਡਰਕ, ਖੁਸ਼ਪ੍ਰੀਤ ਕੌਰ ਅਤੇ ਰਾਜਦੀਪ ਸਿੰਘ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ।ਸਮਾਗਮ ਵਿੱਚ ਸੰਧੂ ਬ੍ਰਦਰਜ਼ ਸੰਘੇੜਾ ਵਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਵਿੱਚ ਸਾਹਿਤਕਾਰਾਂ ਦੀ ਦਿਲਚਸਪੀ ਵੀ ਜ਼ਿਕਰਯੋਗ ਰਹੀ।
ਸਮਾਗਮ ਦੇ ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਵਲੋਂ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਗਏ। ਸਨਮਾਨਿਤ ਸ਼ਖ਼ਸੀਅਤਾਂ ਨਾਲ ਜਾਣ-ਪਛਾਣ ਰਜਿੰਦਰ ਸਿੰਘ ਰਾਜਨ ਨੇ ਕਰਵਾਈ ਅਤੇ ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਨਿਭਾਈ।

 

 

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …