ਅੰਮ੍ਰਿਤਸਰ, 29 ਜੂਨ (ਦੀਪ ਦਵਿੰਦਰ ਸਿੰਘ) – ਵਿਸ਼ਵ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਸਥਾਨਕ ਵਿਰਸਾ ਵਿਹਾਰ ਦੇ ਸਹਿਯੋਗ ਨਾਲ 21ਵਾਂ ਰਾਸ਼ਟਰੀ ਰੰਗਮੰਚ ਉਤਸਵ 1 ਤੋਂ 7 ਜੁਲਾਈ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਪਾਸ ਆਊਟ ਅਧਿਆਪਕ ਪਾਰਥੋਂ ਬੈਨਰਜ਼ੀ ਅਤੇ ਪ੍ਰੀਤਪਾਲ ਰੁਪਾਣਾ ਦੀ ਅਗਵਾਈ ਹੇਠ ਲਗਾਤਾਰ ਇੱਕ ਮਹੀਨੇ ਤੋਂ ਚੱਲ ਰਹੀ ਰੰਗਮੰਚ ਕਾਰਜਸ਼ਾਲਾ ਵਿੱਚ ਤਿਆਰ ਕੀਤੇ ਨਾਟਕਾਂ ਦਾ ਮੰਚਣ ਕੀਤਾ ਜਾਵੇਗਾ।ਇਸ ਕਾਰਜਸ਼ਾਲਾ ਵਿੱਚ ਦਿੱਲੀ, ਮੁੰਬਈ, ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ।
ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ 21ਵੇਂ ਰਾਸ਼ਟਰੀ ਰੰਗਮੰਚ ਉਤਸਵ ਦੇ ਪਹਿਲੇ ਦਿਨ 1 ਜੁਲਾਈ ਨੂੰ ਬਰਤੋਲਥ ਬਰੈਕਖ਼ਤ ਦਾ ਲਿਖਿਆ ਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਮਿੱਟੀ ਨਾ ਹੋਵੇ ਮਤਰੇਈ’, 2 ਜੁਲਾਈ ਨੂੰ ਸੁਰਿੰਦਰ ਸਿੰਘ ਸੁੰਨੜ ਦਾ ਲਿਖਿਆ ਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਹੀਰ’, 3 ਜੁਲਾਈ ਨੂੰ ਵਿਸ਼ਵ ਪ੍ਰਸਿੱਧ ਲੇਖਕ ਵਿਲੀਅਮ ਸ਼ੈਕਸ਼ਪੀਅਰ ਦਾ ਲਿਖਿਆ ਤੇ ਪਾਰਥੋਂ ਬੈਨਰਜੀ ਦਾ ਨਿਰਦੇਸ਼ਤ ਕੀਤਾ ਨਾਟਕ ‘ਦਾ ਟੈਮਪੈਸਟ (ਤੂਫ਼ਾਨ)’, 4 ਜੁਲਾਈ ਨੂੰ ਵਿਲੀਅਮ ਸ਼ੈਕਸ਼ਪੀਅਰ ਦਾ ਲਿਖਿਆ ਤੇ ਪ੍ਰੀਤਪਾਲ ਰੁਪਾਣਾ ਦਾ ਨਿਰਦੇਸ਼ਤ ਕੀਤਾ ਨਾਟਕ ‘ਸੋਦਾਗਰ’, 5 ਜੁਲਾਈ ਧਰਮਵੀਰ ਭਾਰਤੀ ਦਾ ਲਿਖਿਆ ਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਅੰਧਾ ਯੁੱਗ’, 6 ਜੁਲਾਈ ਨੂੰ ਡਾ. ਸਵਰਾਜਬੀਰ ਦਾ ਲਿਖਿਆ ਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਅਦਾਕਾਰ’ ਅਤੇ 7 ਜੁਲਾਈ ਨੂੰ ਅਵਾਸ ਸੇਠੀ ਦਾ ਨਿਰਦੇਸ਼ਤ ਕੀਤਾ ਨਾਟਕ ‘ਲਵ-ਆਫ਼ਟਰ ਦਾ ਲਾਈਫ਼’ ਦਾ ਮੰਚਣ ਕੀਤਾ ਜਾਵੇਗਾ।
ਇਹ ਸਾਰੇ ਨਾਟਕ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਰੋਜ਼ਾਨਾ ਸ਼ਾਮ 6.30 ਵਜੇ ਬਿਨ੍ਹਾਂ ਕਿਸੇ ਟਿਕਟ ਅਤੇ ਪਾਸ ਦੇ ਮੁਫ਼ਤ ਵਿਖਾਏ ਜਾਣਗੇ।