ਜਲਦ ਹੀ ਜ਼ਬਤ ਵੀ ਕੀਤੇ ਜਾਣਗੇ ਇਹ ਡੀਜ਼ਲ ਵਾਹਨ – ਸੰਦੀਪ ਰਿਸ਼ੀ
ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਈ-ਆਟੋ ਚਲਾਉਣ ਦੇ ਪ੍ਰੋਜੈਕਟ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ ‘ਤੇ
ਲਿਆ ਗਿਆ ਹੈ।ਜਿਸ ਤਹਿਤ ਸਰਕਾਰ ਵਲੋਂ ਪੁਲਿਸ ਵਿਭਾਗ, ਆਰ.ਟੀ.ਏ ਅਤੇ ਸਥਾਨਕ ਸਰਕਾਰ ਦੇ ਉਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਕੇ ਪੁਰਾਣੇ ਡੀਜ਼ਲ ਆਟੋ ਅਤੇ ਅਣ-ਅਧਿਕਾਰਤ ‘ਤੇ ਨਜਾਇਜ਼ ਤੌਰ ‘ਤੇ ਚੱਲ ਰਹੇ ਈ-ਰਿਕਸ਼ਿਆਂ ਨੂੰ ਮੁਕੰਮਲ ਤੌਰ ‘ਤੇ ਬੰਦ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।ਸਮਾਰਟ ਸਿਟੀ ਸੀ.ਈ.ਓ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਟ੍ਰੈਫਿਕ ਪੁਲਿਸ ਦੀ ਇੱਕ 6 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਨਗਰ ਨਿਗਮ ਦੇ ਅਮਲੇ ਨਾਲ ਮਿਲ ਕੇ ਸ਼ਹਿਰ ਦੀਆਂ ਪ੍ਰਮੁੱਖ ਸੜ੍ਹਕਾਂ ਅਤੇ ਚੌਂਕਾਂ ‘ਚ ਨਾਕੇ ਲਗਾ ਕੇ ਇਹਨਾਂ ਪੁਰਾਣੇ ਡੀਜ਼ਲ ਆਟੋ, ਅਣ-ਅਧਿਕਾਰਤ ਅਤੇ ਨਜਾਇਜ਼ ਤੌਰ ‘ਤੇ ਚੱਲ ਰਹੇ ਈ-ਰਿਕਸ਼ਾ ਦੇ ਚਲਾਨ ਕੱਟ ਰਹੇ ਹਨ ਅਤੇ ਇਹਨਾਂ ਨੂੰ ਜਬਤ ਕਰਨ ਦੀ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਹਨ।ਇਸ ਤੋਂ ਇਲਾਵਾ ਆਰ.ਟੀ.ਏ ਵਲੋਂ ਵੱਖਰੇ ਤੌਰ ‘ਤੇ ਨਾਕੇ ਲਗਾ ਕੇ ਇਹਨਾਂ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ।ਇਸੇ ਲੜ੍ਹੀ ਤਹਿਤ ਅੱਜ ਰਤਨ ਸਿੰਘ ਚੌਂਕ ਅਤੇ ਹੋਰਨਾਂ ਥਾਵਾਂ ‘ਤੇ ਨਾਕਾ ਲਗਾ ਕੇ ਟ੍ਰੈਫਿਕ ਪੁਲਿਸ ਅਤੇ ਨਿਗਮ ਦੀ ਟੀਮ ਵਲੋਂ ਇਹਨਾਂ ਨਜਾਇਜ਼ ਤੌਰ ‘ਤੇ ਚੱਲ ਰਹੇ ਵਾਹਨਾਂ ਦੇ ਚਲਾਨ ਕੱਟੇ ਗਏ।
ਕਮਿਸ਼ਨਰ ਰਿਸ਼ੀ ਨੇ ਦੱਸਿਆ ਕਿ ਸਰਕਾਰਾਂ ਹੁਣ ਇਲੈਕਟ੍ਰਿਕ ਵਹੀਕਲਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ।ਜਿਸ ਕਰਕੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਅਧੀਨ ਅੰਮ੍ਰਿਤਸਰ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਰਾਹੀ ਸਕੀਮ ਅਧੀਨ “ਰਾਹੀ ਈ-ਆਟੋ ਯੋਜਨਾ ਲਾਗੂ ਕੀਤੀ ਗਈ ਹੈ।ਇਸ ਅਧੀਨ ਪੁਰਾਣੇ ਡੀਜ਼ਲ ਆਟੋ ਦੇ ਬਦਲੇ ਨਵਾਂ ਈ-ਆਟੋ ਲਿਆ ਜਾ ਸਕਦਾ ਹੈ।ਜਿਸ ਵਿਚ ਈ-ਆਟੋ ਦੀ ਕੁੱਲ ਕੀਮਤ ਵਿਚੋਂ 1.40 ਲੱਖ ਰੁਪਏ ਸਬਸਿਡੀ ਅਤੇ ਈ-ਆਟੋ ਲੈਣ ਵਾਲੇ ਚਾਲਕ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਵੀ ਦਿੱਤਾ ਜਾਂਦਾ ਹੈ।ਜੋ ਚਾਲਕ ਪੁਰਾਣੇ ਡੀਜ਼ਲ ਆਟੋ ਕਿਰਾਏ ਤੇ ਲੈ ਕੇ ਚਲਾਉਂਦੇ ਹਨ ਉਹ ਵੀ ਇਸ ‘ਰਾਹੀ ਸਕੀਮ’ ਦਾ ਲਾਭ ਲੈ ਸਕਦੇ ਹਨ।ਜਿਸ ਨਾਲ ਜਿਸ ਵਾਸਤੇ ਉਹਨਾਂ ਨੂੰ ਆਪਣਾ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੰਸ ਅਤੇ ਜਿਹੜਾ ਡੀਜ਼ਲ ਆਟੋ ਉਹ ਚਲਾਉਂਦੇ ਹਨ, ਉਸ ਦੀ ਆਰ.ਸੀ ਦੀ ਕਾਪੀ ਏਜੰਸੀ ‘ਚ ਜਮ੍ਹਾ ਕਰਵਾ ਈ-ਆਟੋ ਲੈਣ ‘ਤੇ 1.25 ਲੱਖ ਰੁਪਏ ਦੀ ਸਬਸਿਡੀ ਮਿਲੇਗੀ।ਬੈਂਕ ਕਰਜ਼ੇ ਰਾਹੀਂ ਈ-ਆਟੋ “ਜੀਰੋ ਡਾਉਨ ਪੇਮੈਂਟ” ਅਤੇ ਬੈਂਕ ਦੀਆਂ ਆਸਾਨ ਕਿਸ਼ਤਾਂ ‘ਤੇ ਦਿੱਤਾ ਜਾ ਸਕਦਾ ਹੈ।ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਸ਼ਹਿਰ ਵਿੱਚ ਹੁਣ ਸਿਰਫ਼ ਈ-ਆਟੋ ਹੀ ਚੱਲਣਗੇ। ਇਸ ਲਈ ਸਰਕਾਰੀ ਸਬਸਿਡੀਆਂ ਦਾ ਲਾਭ ਲੈਣ ਲਈ ਸਮਾਂ ਰਹਿੰਦੇ ਰਜਿਸਟ੍ਰੇਸ਼ਨ ਕਰਵਾਈ ਜਾਵੇ।
Punjab Post Daily Online Newspaper & Print Media