Wednesday, June 24, 2026

ਪੰਜਾਬੀ ਨੂੰ ਪੰਜਾਬ ‘ਚ ਪਹਿਲ ਦੇਣ ਦੇ ਹੁਕਮਾਂ ਨੂੰ ਮੈਡੀਕਲ ਸੰਸਥਾਵਾਂ ‘ਚ ਮਿਲ ਰਿਹਾ ਭਰਵਾਂ ਹੁੰਗਾਰਾ- ਜ਼ਿਲ੍ਹਾ ਭਾਸ਼ਾ ਅਫ਼ਸਰ

ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਪੰਜਾਬ ਵਿੱਚ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਨੂੰ ਪਹਿਲ ਦੇਣ, ਦਫ਼ਤਰੀ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਕਰਨ ਅਤੇ ਬੋਰਡ ਤੇ ਨਾਮ-ਪੱਟੀਆਂ ਪੰਜਾਬੀ ਭਾਸ਼ਾ ਵਿੱਚ ਪਹਿਲ ਕਰਨ ਦੇ ਫ਼ੈਸਲੇ ਦੀ ਜ਼ਿਲ੍ਹਾ ਅੰਮਿ੍ਰਤਸਰ ਦੀਆਂ ਮੈਡੀਕਲ ਸੰਸਥਾਵਾਂ ਵਿੱਚ ਵੀ ਪਹਿਲ ਦੇ ਅਧਾਰ ‘ਤੇ ਪਾਲਣਾ ਕਰਕੇ ਪੰਜਾਬੀ ਭਾਸ਼ਾ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ) ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਕੀਤੇ ਕੰਮਕਾਜ਼ ਦੇ ਨਿਰੀਖਣ ਹਿੱਤ ਉਨਾਂ ਨੇ ਸਥਾਨਕ ਸ੍ਰੀ ਗੁਰੂ ਨਾਨਕ ਹਸਪਤਾਲ, ਈ.ਐਸ.ਆਈ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ਼ ਦਾ ਦੌਰਾ ਕਰਦਿਆਂ ਵੇਖਿਆ ਕਿ ਉਨ੍ਹਾਂ ਦਾ ਦਫ਼ਤਰੀ ਕੰਮਕਾਜ਼ ਪੰਜਾਬੀ ਭਾਸ਼ਾ ਵਿੱਚ ਹੀ ਸੀ।ਬੋਰਡ ਅਤੇ ਨਾਮ-ਪੱਟੀਆਂ ਵੀ ਪਹਿਲ ਦੇ ਅਧਾਰ ‘ਤੇ ਪੰਜਾਬੀ ਭਾਸ਼ਾ ਵਿੱਚ ਸਨ।ਡਾ. ਕਲਸੀ ਨੇ ਦੱਸਿਆ ਕਿ ਉਨ੍ਹਾਂ ਨੇ ਈ.ਐਸ.ਆਈ ਹਸਪਤਾਲ (ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ ਮੰਡਲ) ਦੇ ਡਿਪਟੀ ਡਾਇਰੈਕਟਰ ਡਾ. ਕਰਮਜੀਤ ਕੌਰ, ਸ੍ਰੀ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨਾਲ ਨਿੱਜੀ ਮੁਲਾਕਾਤ ਕਰਕੇ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਅਤੇ ਸਬੰਧਤ ਅਧਿਕਾਰੀਆਂ ਵਲੋਂ ਇਸ ਦਾ ਉਸਾਰੂ ਹੁੰਗਾਰਾ ਦਿੱਤਾ ਗਿਆ।
ਇਸ ਉਪਰੰਤ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ. ਰਾਜੀਵ ਦੇਵਗਨ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ ਦੀ ਸ਼ਮੂਲੀਅਤ ਨਾਲ ਸਰਕਾਰੀ ਮੈਡੀਕਲ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਪ੍ਰੋਫ਼ੈਸਰਾਂ, ਐਸੋਸੀਏਟ ਪ੍ਰੋਫ਼ੈਸਰਾਂ ਅਤੇ ਡਾਕਟਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬੀ ਭਾਸ਼ਾ ਪ੍ਰਤੀ ਦਫ਼ਤਰੀ ਪਹਿਲਕਦਮੀ ਕਰਨ ਦੇ ਨਾਲ-ਨਾਲ ਮੈਡੀਕਲ ਵਿਸ਼ੇ ਦੇ ਵਿਦਿਆਰਥੀਆਂ ਵਿੱਚ ਭਾਸ਼ਾ ਅਤੇ ਸਾਹਿਤ ਪ੍ਰ੍ਰਤੀ ਸਿਰਜਣਾਤਮਕ ਰੁਚੀਆਂ ਪੈਦਾ ਕਰਨ ਦੀ ਚਰਚਾ ਵੀ ਕੀਤੀ ਗਈ।ਜਿਸ ‘ਤੇ ਸੰਸਥਾ ਡਾਇਰੈਕਟਰ ਡਾ. ਰਾਜੀਵ ਦੇਵਗਨ ਨੇ ਭਾਸ਼ਾ ਵਿਭਾਗ ਵਲੋਂ ਪੰਜਾਬੀ ਭਾਸ਼ਾ/ਮਾਂ-ਬੋਲੀ ਦੀ ਮਹਾਨਤਾ ਦੇ ਲੈਕਚਰ ਕਰਵਾਉਣ ਅਤੇ ਸਿਰਜਣਾਤਮਕ ਰੁਚੀਆਂ ਉਤਪੰਨ ਕਰਨ ਲਈ ਸਾਹਿਤਕ ਸਮਾਰੋਹ ਕਰਵਾਉਣ ਦੀ ਸਹਿਮਤੀ ਵੀ ਦਿੱਤੀ।ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਕਲਸੀ ਅਨੁਸਾਰ ਦੌਰੇ ਅਧੀਨ ਮੈਡੀਕਲ ਸਿੱਖਿਆ ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਵਿੱਚ ਦਫ਼ਤਰੀ ਕੰਮਕਾਜ਼ ਅਤੇ ਬੋਰਡ ਤੇ ਨਾਮ-ਪੱਟੀਆਂ ਦਾ ਕਾਰਜ਼ ਸਲਾਹੁਣਯੋਗ ਸੀ।
ਇਸ ਮੌਕੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਰਚਨਾ ਬਾਛਲ, ਡਾ. ਜੇ.ਐਸ ਕੁਲਾਰ, ਡਾ. ਮਰਿਦੂ ਗੁਪਤਾ, ਮੈਡੀਕਲ ਕਾਲਜ ਦੇ ਦੇ ਸੀਨੀਅਰ ਪ੍ਰੋਫ਼ੈਸਰ ਮੁਖੀ ਸਾਹਿਬਾਨ, ਸੰਸਥਾ ਦੇ ਯੂਨਿਟ ਇੰਚਾਰਜ਼, ਤਜਿੰਦਰ ਸਿੰਘ ਸੁਪਰਡੈਂਟ, ਡਾਇਰੈਕਟਰ ਪੀ.ਏ ਅਰੁਣ ਭਾਗੀ ਤੇ ਹੋਰ ਡਾਕਟਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …