Sunday, October 6, 2024

ਦੇਸ਼ ਦੇ ਸਿਆਸੀ ਹਾਲਾਤਾਂ ‘ਤੇ ਤਿੱਖਾ ਵਿਅੰਗ ਕਰਦਾ ਨਾਟਕ ਮੁਰਗੀਖ਼ਾਨਾ ਮੰਚਿਤ

ਅੰਮ੍ਰਿਤਸਰ, 8 ਜੁਲਾਈ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਆਵਾਜ਼ ਰੰਗਮੰਚ ਟੋਲੀ ਵਲੋਂ ਪ੍ਰਸਿੱਧ ਲੇਖਕ ਆਤਮਜੀਤ ਸਿੰਘ ਦੇ ਲਿਖੇ ਨਾਟਕ ਮੁਰਗੀਖ਼ਾਨਾ ਦੀ ਸਫਲ ਪੇਸ਼ਕਾਰੀ ਕੀਤੀ ਗਈ।ਜਿਕਰਯੋਗ ਹੈ ਕਿ ਆਵਾਜ਼ ਰੰਗਮੰਚ ਟੋਲੀ ਵਲੋਂ ਲਗਾਈ ਗਈ ਇੱਕ ਮਹੀਨੇ ਦੀ ਰੰਗਮੰਚ ਵਰਕਸ਼ਾਪ ਵਿੱਚ ਰੰਗਮੰਚ ਦੀ ਸਿੱਖਲਾਈ ਲੈ ਰਹੇ ਸਿਖਿਆਰਥੀ ਕਲਾਕਾਰਾਂ ਵਲੋਂ ਤਿਆਰ ਕੀਤੇ ਇਸ ਨਾਟਕ ਨੂੰ ਕੰਵਲ ਰੰਧੇਅ ਅਤੇ ਕਰਮਜੀਤ ਸੰਧੂ ਵਲੋਂ ਨਿਰਦੇਸ਼ਿਤ ਕੀਤਾ ਗਿਆ।ਨਾਟਕ ਮੁਰਗੀਖ਼ਾਨਾ ਵਿੱਚ ਦੇਸ਼ ਦੇ ਰਾਜਨੀਤਕ ਹਾਲਾਤਾਂ ‘ਤੇ ਤਿੱਖਾ ਵਿਅੰਗ ਕੀਤਾ ਗਿਆ।ਚਿੰਨ੍ਹਾਤਮਕ ਸ਼ੈਲੀ ਦੇ ਇਸ ਨਾਟਕ ਵਿੱਚ ਸਾਰੇ ਸੰਵਾਦ ਕਾਵਿ ਰੂਪ ਵਿੱਚ ਸਨ।ਨਾਟਕ ਵਿੱਚ ਦਿਖਾਇਆ ਗਿਆ ਕਿ ਕਿਵੇਂ ਸਾਡਾ ਦੇਸ਼ ਇਕ ਮੁਰਗੀਖ਼ਾਨੇ ਵਾਂਗ ਹੈ, ਜਿਸ ਵਿੱਚ ਲੋਕ ਰਾਜਨਿਤਕ ਲੀਡਰਾਂ ਮਗਰ ਲੱਗ ਕੇ ਕੁੱਕੜਾਂ ਵਾਂਗ ਲੜਦੇ ਹਨ ਅਤੇ ਕਿਵੇਂ ਲੀਡਰ ਲੋਕਾਂ ਨੂੰ ਆਪਸ ਵਿੱਚ ਲੜਵਾ ਕੇ ਆਪ ਇਕ ਦੂਜੇ ਨਾਲ ਇਕੋ-ਮਿਕੋ ਹੁੰਦੇ ਹਨ।ਨਾਟਕ ਦੇ ਸੰਵਾਦ ਡੂੰਘੇ ਅਰਥਾਂ ਵਾਲੇ ਸਨ ਜੋ ਲੋਕਾਂ ਨੂੰ ਇਕ ਚੰਗਾ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ।ਬ੍ਰਾਈਟ ਵੇਅ ਹੋਲੀ ਇਨੋਸੈਂਟ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਨਿਰਮਲ ਸਿੰਘ ਬੇਦੀ ਅਤੇ ਉੱਘੇ ਸਮਾਜ ਸੇਵੀ ਬਾਲ ਕ੍ਰਿਸ਼ਨ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਾਟਕ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਰੰਗਮੰਚ ਵਰਕਸ਼ਾਪ ਦੀ ਡਾਇਰੈਕਟਰ ਨਵਨੀਤ ਰੰਧੇਅ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਰੁਬਲ, ਨਿਖਿਲ, ਨਵਦੀਪ ਸਿੰਘ, ਸੁਰਖ਼ਾਬ ਸਿੰਘ, ਮਨਪ੍ਰੀਤ ਕੌਰ, ਵੈਸ਼ਨਵੀ, ਤਨਵੀ ਪ੍ਰੀਆ, ਅੰਸ਼, ਰਾਹੁਲ, ਕੋਮਲਪ੍ਰੀਤ ਕੌਰ, ਗੈਵੀ ਸ਼ੇਰਗਿੱਲ, ਦੀਪ ਮਨਨ, ਸਾਹਿਲ ਪ੍ਰੀਤਨਗਰ ਵਲੋਂ ਨਾਟਕ ਵਿੱਚ ਆਪਣੀ ਦਮਦਾਰ ਅਦਾਕਾਰੀ ਦਿਖਾਈ ਗਈ।ਇਸ ਮੌਕੇ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …