ਮਾਨਵੀ ਜੀਵਨ ਸ਼ੈਲੀ ਦੀ ਨਿਸ਼ਾਨਦੇਹੀ ਕਰਦਾ ਹੈ ਨਾਵਲ -ਵਿਦਵਾਨ
ਅੰਮ੍ਰਿਤਸਰ, 7 ਅਗਸਤ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ ਵਲੋਂ ਮਨਮੋਹਨ ਸਿੰਘ ਬਾਸਰਕੇ ਦੇ ਨਵ-ਪ੍ਰਕਾਸ਼ਿਤ ਨਾਵਲ ‘ਖਾਰਾ ਪਾਣੀ’ ‘ਤੇ ਵਿਚਾਰ ਚਰਚਾ ਕਰਵਾਈ ਗਈ।
ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਹੋਏ ਇਸ ਅਦਬੀ ਸਮਾਗਮ ਦਾ ਆਗਾਜ਼ ਪ੍ਰਤੀਕ ਸਹਿਦੇਵ ਦੇ ਸਵਾਗਤੀ ਸਬਦਾਂ ਨਾਲ ਹੋਇਆ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਨੂੰ ਤਰਤੀਬ ਦੇਦਿੰਆਂ ਕਿਹਾ ਕਿ ਮਨਮੋਹਨ ਬਾਸਰਕੇ ਬਹੁ ਵਿਧਾਈ ਲੇਖਕ ਹਨ।ਇਹ ਨਾਵਲ ਉਹਨਾਂ ਦੀ ਮਹੱਤਵਪੂਰਨ ਕਿਰਤ ਹੈ।ਚਰਚਾ ਦਾ ਆਗਾਜ਼ ਕਰਦਿਆਂ ਸ਼ਾਇਰ ਮਲਵਿੰਦਰ ਨੇ ਕਿਹਾ ਕਿ ਚਰਚਾ ਅਧੀਨ ਨਾਵਲ ਬਹੁਤ ਹੀ ਦਿਲਚਸਪ ਅਤੇ ਰੌਚਕ ਹੈ ਨਾਵਲ ਪਾਠਕ ਦੀ ਰੌਚਕਤਾ ਬਰਕਰਾਰ ਰੱਖਦਾ ਹੈ।ਡਾ. ਹੀਰਾ ਸਿੰਘ ਪ੍ਰੋਫੈਸਰ ਖਾਲਸਾ ਕਾਲਜ ਨੇ ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਨਾਵਲ ਵਿੱਚ ਫੌਜੀ ਪਰਿਵਾਰ ਦੀਆਂ ਆਰਥਿਕ, ਸਮਾਜਿਕ ਅਤੇ ਪਰਿਵਾਰਕ ਦੁਸ਼ਵਾਰੀਆਂ ਨੂੰ ਰੂਪਮਾਨ ਕੀਤਾ ਗਿਆ ਹੈ।ਜਿਹੜੇ ਸਾਰੀ ਉਮਰ ਸੰਘਰਸ਼ ਕਰਦਿਆਂ ਚੁਣੌਤੀ ਪੂਰਨ ਜੀਵਨ ਹੰਡਾਉਦੇ ਹਨ। ਸਿੱਖ ਚਿੰਤਕ ਦਿਲਜੀਤ ਸਿੰਘ ਬੇਦੀ ਅਤੇ ਨਿਰਮਲ ਅਰਪਣ ਨੇ ਕਿਹਾ ਕਿ ਨਾਵਲ ਦੇ ਕਥਾਨਕ ਹਵਾਲਿਆਂ ਦੇ ਨਾਲ ਨਾਲ ਇਲਾਕੇ ਦੀ ਭੁਗੋਲਿਕ ਅਤੇ ਇਤਿਹਾਸਕ ਸਥਿਤੀਆਂ ਨੂੰ ਵੀ ਬਿਆਨ ਕੀਤਾ ਗਿਆ ਹੈ।ਡਾ. ਭੁਪਿੰਦਰ ਸਿੰਘ ਫੇਰੂਮਾਨ ਅਤੇ ਡਾ. ਮੋਹਨ ਬੇਗੋਵਾਲ ਨੇ ਲੇਖਕ ਤੋਂ ਇੱਕ ਦੋ ਥਾਂ ਹੋਈਆਂ ਉਕਾਈਆਂ ਦਾ ਜ਼ਿਕਰ ਕਰਨ ਦੇ ਨਾਲ ਇਸ ਨੂੰ ਵਧੀਆ ਨਾਵਲ ਕਰਾਰ ਦਿੱਤਾ।ਬੀਬੀ ਜਗੀਰ ਕੌਰ ਮੀਰਾਂਕੋਟ, ਸਰਬਜੀਤ ਸਿੰਘ ਸੰਧੂ ਅਤੇ ਰਾਜਨੀਤਕ ਆਗੂ ਇੰਦਰਜੀਤ ਸਿੰਘ ਬਾਸਰਕੇ ਨੇ ਨਾਵਲ ਦੀ ਭਰਪੂਰ ਪ੍ਰਸੰਸਾ ਕਰਦਿਆਂ ਮਨਮੋਹਨ ਸਿੰਘ ਬਾਸਰਕੇ ਨੂੰ ਮੁਬਾਰਕਬਾਦ ਦਿੱਤੀ।ਕਾਲਮ ਨਵੀਸ ਐਸ ਪਰਸ਼ੋਤਮ ਅਤੇ ਜਗਤਾਰ ਗਿੱਲ ਨੇ ਕਿਹਾ ਕਿ ਨਾਵਲ ਬਹੁਤ ਵਧੀਆ ਹੈ ਅਤੇ ਇਹ ਨਾਵਲ ਮਨਮੋਹਨ ਸਿੰਘ ਬਾਸਰਕੇ ਦੀ ਨਾਵਲਕਾਰ ਵਜੋਂ ਪਛਾਣ ਵੀ ਬਣਾਵੇਗਾ।ਆਏ ਸਾਹਿਤਕਾਰਾਂ ਦਾ ਧੰਨਵਾਦ ਸਮੀਤ ਸਿੰਘ ਅਤੇ ਮੋਹਿਤ ਸਹਿਦੇਵ ਨੇ ਕੀਤਾ।
ਇਸ ਮੌਕੇ ਤੇ ਸਤਿੰਦਰ ਸਿੰਘ ਓਠੀ, ਜਸਵੰਤ ਧਾਪ, ਬਲਜਿੰਦਰ ਮਾਂਗਟ, ਭਗਤ ਨਰਾਇਣ, ਜਸਵਿੰਦਰ ਸਿੰਘ ਢਿੱਲੋਂ, ਬਲਬੀਰ ਸਿੰਘ ਬੇਲੀ, ਹਰਭਜਨ ਸਿੰਘ ਭਗਰੱਥ, ਕੀਰਤ ਪ੍ਰਤਾਪ ਸਿੰਘ ਪੰਨੂ, ਅਵਤਾਰ ਸਿੰਘ ਗੋਇੰਦਵਾਲ, ਹਰਦਰਸ਼ਨ ਕਮਲ, ਸੁਖਬੀਰ ਸਿੰਘ ਖੁਰਮਣੀਆ, ਨਿਸ਼ਾਨ ਸਿੰਘ, ਅਜੀਤ ਸਿੰਘ ਨਬੀਪੁਰੀ, ਗਾਇਕ ਕੇ.ਪੀ ਸੈਣ ਬ੍ਰਦਰਜ਼, ਸੁਖਦੇਵ ਸਿੰਘ ਸ਼ੰਕਰ, ਵਿਕਰਮਜੀਤ ਸਿੰਘ ਬਾਸਰਕੇ, ਅਜਮੇਰ ਸਿੰਘ ਬਾਸਰਕੇ, ਸਤਨਾਮ ਸਿੰਘ ਅਜ਼ਾਦ, ਮਹਿੰਦਰ ਸਿੰਘ ਅਜ਼ਾਦ, ਪ੍ਰਿ.ੰ ਅੰਕਿਤਾ ਸਹਿਦੇਵ, ਕੋਮਲ ਸਹਿਦੇਵ, ਪਰਮਜੀਤ ਕੌਰ, ਤ੍ਰਿਪਤਾ ਮੈਮ, ਪੂਨਮ ਸ਼ਰਮਾ ਅਤੇ ਸ਼ਮੀ ਮਹਾਜਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤਕਾਰ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।