Monday, February 17, 2025

ਸਾਹਿਤਕਾਰ ਲਈ ਪ੍ਰਸਿੱਧੀ ਜਾਂ ਸਥਾਪਤੀ ਦੀ ਥਾਂ ਸਿਰਜਣਾ ਹੀ ਮੰਜ਼ਿਲ ਹੋਣੀ ਚਾਹੀਦੀ ਹੈ – ਕਵੀ ਵਿਸ਼ਾਲ

ਅੰਮ੍ਰਿਤਸਰ, 7 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਸਿਰਜਣਾ ਨੂੰ ਕਵੀ ਦੀ ਜੀਵਨ-ਯਾਤਰਾ ਤੋਂ ਅਲਹਿਦਾ ਕਰ ਕੇ ਨਹੀਂ ਦੇਖਿਆ ਜਾ ਸਕਦਾ, ਸਿਰਜਣਾ ਪ੍ਰਸਿੱਧੀ ਜਾਂ ਸਥਾਪਤੀ ਹਾਸਿਲ ਕਰਨ ਨਾਲ ਪ੍ਰਾਪਤ ਨਹੀਂ ਹੁੰਦੀ, ਸਗੋਂ ਇਹ ਸਫ਼ਰ ਹੈ, ਇਹ ਸਫ਼ਰ ਹੀ ਮੰਜ਼ਿਲ ਹੈ।ਸਿਰਜਣਾ ਹੀ ਉਨਾਂ ਦੀ ਮੰਜ਼ਿਲ ਹੈ।ਇਹਨਾਂ ਸ਼ਬਦਾਂ ਨਾਲ ਪੰਜਾਬੀ ਦੇ ਪ੍ਰਸਿੱਧ ਕਵੀ ਵਿਸ਼ਾਲ ਨੇ 8ਵੇਂ ਸਿਰਜਣ-ਪ੍ਰਕਿਰਿਆ ਪ੍ਰੋਗਰਾਮ ਵਿੱਚ ਆਪਣੇ ਭਾਸ਼ਣ ਦਾ ਆਗਾਜ਼ ਕੀਤਾ।
ਜ਼ਿਕਰਯੋਗ ਹੈ ਕਿ ਸਿਰਜਣ ਪ੍ਰਕਿਰਿਆ ਨਾਦ ਪ੍ਰਗਾਸੁ ਅੰਮ੍ਰਿਤਸਰ ਵਲੋਂ ਹਰ ਮਹੀਨੇ ਦੀ 7 ਤਰੀਕ ਨੂੰ ਆਯੋਜਿਤ ਕੀਤਾ ਜਾਂਦਾ ਵਿਸ਼ੇਸ਼ ਤਰ੍ਹਾਂ ਦਾ ਅਕਾਦਮਿਕ ਅਤੇ ਸਾਹਿਤਕ ਪ੍ਰੋਗਰਾਮ ਹੈ।ਜਿਸ ਵਿੱਚ ਸਾਹਿਤ ਅਤੇ ਕਲਾ ਦੇ ਖੇਤਰ ਨਾਲ ਜੁੜੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਆਪਣੇ ਸਿਰਜਣਾਤਮਿਕ ਅਨੁਭਵ ਸਾਂਝਾ ਕਰਨ ਲਈ ਉਚੇਚੇ ਤੌਰ ‘ਤੇ ਸੱਦਿਆ ਜਾਂਦਾ ਹੈ।ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਯੁਵਾ-ਕਵੀ ਦਰਬਾਰ ਦਾ ਵੀ ਆਯੋਜਨ ਕੀਤਾ ਜਾਂਦਾ ਹੈ।ਪ੍ਰੋਗਰਾਮ ਵਿੱਚ ਵਿਦਵਾਨਾਂ, ਖੋਜ਼ਾਰਥੀਆਂ/ਵਿਦਿਆਰਥੀਆਂ, ਯੁਵਾ ਕਵੀਆਂ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਪਤਵੰਤੇ ਸੱਜਣ ਵੀ ਹਾਜ਼ਿਰ ਰਹਿੰਦੇ ਹਨ।ਹੁਣ ਤੱਕ ਸੰਸਥਾ ਵਲੋਂ 7 ਸਿਰਜਣ ਪ੍ਰਕਿਰਿਆ ਪ੍ਰੋਗਰਾਮ ਆਯੋਜਿਤ ਕੀਤੇ ਜਾ ਚੁੱਕੇ ਹਨ, ਜਿਹਨਾਂ ਵਿੱਚ ਪੰਜਾਬੀ ਦੇ ਪ੍ਰਸਿਧ ਕਵੀ ਭੁਪਿੰਦਰਪ੍ਰੀਤ, ਅਰਤਿੰਦਰ ਸੰਧੂ, ਨਿਰਮਲ ਅਰਪਨ, ਅੰਬਰੀਸ਼, ਮਲਵਿੰਦਰ, ਸੁਹਿੰਦਰ ਬੀਰ ਅਤੇ ਨਾਟਕਕਾਰ ਅਤੇ ਨਿਰਦੇਸ਼ਕ ਜਗਦੀਸ਼ ਸਚਦੇਵਾ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਚੁੱਕੇ ਹਨ।
ਇਸ ਵਾਰ ਦੇ ਸਿਰਜਣ ਪ੍ਰਕਿਰਿਆ ਪ੍ਰੋਗਰਾਮ ਵਿੱਚ ਪੰਜਾਬੀ ਕਵੀ ਵਿਸ਼ਾਲ ਨੇ ਆਪਣੀ ਜੀਵਨ-ਯਾਤਰਾ ਨੂੰ ਆਪਣੀ ਕਾਵਿ-ਚੇਤਨਾ ਦੀ ਵਿਕਾਸ ਅਤੇ ਵਿਗਾਸ-ਮੁਖੀ ਯਾਤਰਾ ਦੇ ਰੂਪ ਵਜੋਂ ਚਿਨ੍ਹਤ ਕੀਤਾ।ਉਹਨਾਂ ਕਿਹਾ ਕਿ ਲੇਖਕ ਲਈ ਆਪਣੇ ਸਮੇਂ ਵਿੱਚ ਹੋ ਰਹੇ ਹਰ ਪ੍ਰਬੁੱਧ ਵਰਤਾਰੇ ਨੂੰ ਦੇਖਣ, ਸਮਝਣ ਅਤੇ ਉਸ ਬਾਰੇ ਨਜ਼ਰੀਆ ਅਖਤਿਆਰ ਕਰਨਾ ਜ਼ਰੂਰੀ ਹੈ। ਸਮਕਾਲੀਨ ਸਮੇਂ ਵਿੱਚ ਵੱਧ ਰਹੇ ਹਿੰਸਾਤਮਕ ਵਰਤਾਰਿਆਂ ਪਿੱਛੇ ਕਾਰਜ਼ ਕਰ ਰਹੇ ਪ੍ਰਵਚਨ ਨੂੰ ਸਮਝਣ ਲਈ ਉਸ ਨੂੰ ਵਿਸ਼ਵ-ਵਿਆਪੀ ਨਜ਼ਰੀਆ ਵੀ ਅਪਨਾਉਣਾ ਚਾਹੀਦਾ ਹੈ।
ਪ੍ਰਸਿੱਧ ਕਵੀ ਮਲਵਿੰਦਰ ਅਤੇ ਜਸਵਿੰਦਰ ਸੀਰਤ ਵੀ ਉਚੇਚੇ ਤੌਰ ‘ਤੇ ਹਾਜ਼ਿਰ ਰਹੇ।ਯੁਵਾ ਕਵੀਆਂ ਵਿੱਚ ਹਰਪ੍ਰੀਤ ਨਾਰਲੀ, ਨੂਰਬਲ, ਗੁਰਪ੍ਰੀਤ ਸਿੰਘ, ਸ਼ਿਵਾਨੀ, ਮਨਪ੍ਰੀਤ ਕੌਰ, ਡਾ. ਮਨਇੰਦਰ ਸਿੰਘ ਅਤੇ ਸੰਦੀਪ ਸ਼ਰਮਾ ਨੇ ਸ਼ਿਰਕਤ ਕੀਤੀ।ਮਲਵਿੰਦਰ, ਜਸਵਿੰਦਰ ਸੀਰਤ ਅਤੇ ਯੁਵਾ ਕਵੀਆਂ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ।ਪ੍ਰੋਗਰਾਮ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜ਼ਾਰਥੀਆਂ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਹੈ।ਜਿਹਨਾਂ ਵਿੱਚ ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਦੇ ਖੋਜ਼ਾਰਥੀ ਸੰਦੀਪ ਸ਼ਰਮਾ, ਇਮਰਤਪਾਲ ਸਿੰਘ, ਕੁਲਵਿੰਦਰ ਸਿੰਘ, ਜਾਮੀਆ ਮਿਲੀਆ ਇਸਲਾਮੀਆ ਦੇ ਖੋਜਾਰਥੀ ਜਸਵਿੰਦਰ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੰਵਲਪ੍ਰੀਤ ਸਿੰਘ, ਕੋਮਲ, ਮਨਪ੍ਰੀਤ ਅਤੇ ਸ਼ਿਵਾਨੀ ਨੇ ਭਾਗ ਲਿਆ।ਸੰਸਥਾ ਵਲੋਂ ਪੁਸਤਕ-ਪ੍ਰਦਰਸ਼ਨੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਮੰਚ ਦਾ ਸੰਚਾਲਨ ਹਲਵਿੰਦਰ ਸਿੰਘ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਨੇ ਕੀਤਾ।

Check Also

ਬਾਬਾ ਭੂਰੀ ਵਾਲੇ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸ਼ਾਸਨ ਸ਼ਹਿਰ ਨੂੰ ਹਰਿਆਵਲ ਭਰਪੂਰ ਬਣਾਵੇਗਾ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਵਲੋਂ ਸੰਤ ਬਾਬਾ …