ਅੰਮ੍ਰਿਤਸਰ, 23 ਅਗਸਤ (ਸੁਖਬੀਰ ਸਿੰਘ ਖੁਰਮਣੀਆਂ ) – ਜੀਵ ਤੇ ਨਿਰਜੀਵ ਵਸਤਾਂ ‘ਚ ਧਿਰ ਤੇ ਧੁਰੇ ਦੀ ਵਿਸ਼ੇਸ਼ ਮਹੱਤਤਾ ਹੈ।ਸੰਸਾਰੀ ਧੁਰੇ ਤੋਂ ਲੈ ਕੇ ਨਿਰੰਕਾਰੀ ਯਾਤਰਾ ਤੱਕ ਧਿਰ ਤੇ ਧੁਰਾ ਹੀ ਸਹਾਰਾ ਬਣਦੇ ਹਨ।ਗੱਡੀ ਧੁਰੇ ਦੇ ਸਹਾਰੇ ਹੀ ਕਿਰਿਆਸ਼ੀਲ ਹੈ, ਨਹੀਂ ਤਾਂ ਉਹ ਧੁਰੇ ਤੋਂ ਬਗੈਰ ਛਕੜਾ ਬਣ ਕੇ ਖੜੋਤ ਤੇ ਵਿਨਾਸ਼ ਦਾ ਸ਼ਿਕਾਰ ਹੋ ਜਾਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਥੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ, ਸਿੱਖ ਵਿਦਵਾਨ ਅਤੇ ਲੇਖਕ ਡਾ. ਇੰਦਰਜੀਤ ਸਿੰਘ ਗੋਗੋਆਣੀ ਦੀ ਨਵੀਂ ਧਾਰਮਿਕ ਪੁਸਤਕ ‘ਸਫਲ ਜੀਵਨ ਸੌ ਸਬਕ’ ਨੂੰ ਲੋਕ ਅਰਪਿਤ ਕਰਨ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਡਾ. ਗੋਗੋਆਣੀ ਕੌਂਸਲ ਅਧੀਨ ਵਿੱਦਿਅਕ ਅਦਾਰੇ ‘ਚ ਜਿਥੇ ਕਾਬਿਲ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਉਥੇ ਉਨ੍ਹਾਂ ਦੀਆਂ ਧਾਰਮਿਕ ਪੱਖੋਂ ਵੀ ਸਲਾਹੁਣਯੋਗ ਸਰਗਰਮੀਆਂ ਹਨ।ਜਿਨ੍ਹਾਂ ਦੀਆਂ ਪਿਛਲੇ ਸਮੇਂ ਦੌਰਾਨ ਮੌਲਿਕ ਤੇ ਸੰਪਾਦਿਤ ਪੁਸਤਕਾਂ ‘ਗਿਆਨੀ ਦਿੱਤ ਸਿੰਘ ਜੀਵਨ, ਰਚਨਾ ਤੇ ਸਿੱਖ ਪੰਥ ਨੂੰ ਦੇਣ, ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਇਤਿਹਾਸ, ਸੰਪੂਰਨ ਸ਼ਖਸੀਅਤ ਦੇ 16 ਗੁਣ ਵਗੈਰਾ ਅਤੇ ਸੰਪਾਦਨਾ ‘ਚ ਸ੍ਰੀ ਦਸਮ ਗ੍ਰੰਥ ਤੇ ਪੰਥਕ ਵਿਦਵਾਨ, ਗਿਆਨੀ ਦਿੱਤ ਸਿੰਘ ਰਚਨਾਵਲੀ: ਧਰਮ ਤੇ ਫਲਸਫਾ, ਵਿਅੰਗ ਤੇ ਆਲੋਚਨਾ, ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਆਦਿ ਪੁਸਤਕਾਂ ਛਪ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਉਕਤ ਪੁਸਤਕ ‘ਚ ਵੀ ਦਰਜ਼ ਲੇਖਾਂ ‘ਚ ਬਾਣੀ ਦੇ ਵੀ ਢੱਕਵੇਂ ਹਵਾਲੇ ਹਨ ਅਤੇ ਨਾਲ ਸਿੱਖ ਵਿਦਵਾਨਾਂ ਦੀ ਬਹੁਮੁੱਲੀ ਵਿਆਖਿਆ ਵੀ ਦਰਜ਼ ਹੈ।ਉਨ੍ਹਾਂ ਕਿਹਾ ਕਿ ਅੱਜ ਪੁਸਤਕ ਨੂੰ ਲੋਕ ਅਰਪਿਤ ਕਰਨ ‘ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਉਮੀਦ ਜਾਹਿਰ ਕੀਤੀ ਕਿ ਅਗਾਂਹ ਭਵਿੱਖ ‘ਚ ਵੀ ਡਾ. ਗੋਗੋਆਣੀ ਪੁਸਤਕ ਪੇ੍ਰਮੀਆਂ ਲਈ ਅਜਿਹੀਆਂ ਗਿਆਨਵਾਨ ਪੁਸਤਕਾਂ ਜਾਰੀ ਰੱਖਣਗੇ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਗੋਗੋਆਣੀ ਨੂੰ ਪੁਸਤਕ ਲੋਕ ਅਰਪਿਤ ਕਰਨ ਮੌਕੇ ਵਧਾਈ ਦਿੰਦਿਆਂ ਦੱਸਿਆ ਕਿ ਪੁਸਤਕ ‘ਚ ਸਾਡੇ ਦੇਸੀ ਦਿਨਾਂ, ਵਾਰਾਂ ਤੇ ਮਹੀਨਿਆਂ ਦੇ ਅਰਥਾਂ ‘ਤੇ ਮਹੱਤਵ ਨੂੰ ਗੁਰਮਤਿ ਮੁਤਾਬਿਕ ਦਰਸਾਇਆ ਗਿਆ ਹੈ।ਜਿਸ ‘ਚ ਦਿਨਾਂ, ਮਹੀਨਿਆਂ ਸਬੰਧੀ ਜੁੜੇ ਵਾਧੂ ਦੇ ਫੋਕਟ ਕਰਮ ਕਾਂਡਾਂ ਤੋਂ ਸੁਚੇਤ ਵੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਵਿੱਚ ਕੁੱਝ ਲੇਖ ਦਸਮ ਪਾਤਸ਼ਾਹ ਤੇ ਹੋਰ ਗੁਰੂ ਸਾਹਿਬਾਨ ਦੇ ਮੁੱਖ ਵਿਚਾਰਾਂ ਤੇ ਬਚਨ-ਬਿਲਾਸ ਨਾਲ ਸਬੰਧਿਤ ਹਨ।ਇਸ ਪੱਖ ‘ਚ ਖੰਡੇ ਦੀ ਪਾਹੁਲ, ਸ਼ੁਭ ਕਰਮਨ, ਪਰਮ-ਪੁਰਖ ਕੋ ਦਾਸਾ, ਦੇਹ ਸ਼ਿਵਾ ਬਰ ਮੋਹਿ, ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ, ਸ਼ਸਤਰਾਂ ਦੀ ਮਹੱਤਤਾ ਆਦਿ ਉਤਮ ਵਿਚਾਰ ਹਨ, ਜੋ ਕਿ ਅਜੋਕੀ ਨੌਜਵਾਨ ਪੀੜ੍ਹੀ ‘ਚ ਸਿੱਖੀ ਗਿਆਨ ਪ੍ਰਤੀ ਵਾਧਾ ਕਰੇਗੀ।
ਡਾ. ਗੋਗੋਆਣੀ ਨੇ ਸ: ਛੀਨਾ ਅਤੇ ਨਾਲ ਮੌਜ਼ੂਦ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਪ੍ਰੋ. ਗੁਰਦੇਵ ਸਿੰਘ ਅਤੇ ਅੰਡਰ ਸੈਕਟਰੀ ਡੀ.ਐਸ ਰਟੌਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਸਤਕ 100 ਲੇਖਾਂ ਦਾ ਸੰਗ੍ਰਹਿ ਹੈ।ਉਨ੍ਹਾਂ ਕਿਹਾ ਕਿ ਰਚਨਾਕਾਰੀ ਸਮੇਂ ਇਕ ਉਸਤਾਦ ਦੀ ਸਿੱਖਿਆ ਹਮੇਸ਼ਾਂ ਪ੍ਰੇਰਕ ਸ਼ਕਤੀ ਰਹੀ ਹੈ ਕਿ ਉਹ ਵਿਸ਼ਾ ਲੈ ਕੇ ਲਿਖੋ, ਜਿਸ ਵਿੱਚ ਨਵੀਨਤਾ ਹੋਵੇ।ਉਨ੍ਹਾਂ ਕਿਹਾ ਕਿ ਪੁਸਤਕ ਦਾ ਟਾਈਟਲ ‘ਸਫਲ ਜੀਵਨ ਸੌ ਸਬਕ’ ਹੈ।ਜੀਵਨ ਦੀ ਸਫਲਤਾ ਲਈ ਹਰ ਚੇਤੰਨ ਇਨਸਾਨ ਹਮੇਸ਼ਾਂ ਜਾਗ੍ਰਿਤ ਰਹਿੰਦਾ ਹੈ।‘ਸਬਕ’ ਦਾ ਅਰਥ ‘ਮਹਾਨ’ ਕੋਸ਼ ਅਨੁਸਾਰ ਨਿਤਯ ਦਾ ਸਿੱਖਿਆ ਪਾਠ ਹੈ।ਅੱਗੇ ‘ਪਾਠ’ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਾਠ-ਪੜ੍ਹਨ ਦੀ ਕ੍ਰਿਯਾ, ਪਠਨ, ਪੜ੍ਹਾਈ।ਉਨ੍ਹਾਂ ਉਮੀਦ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਪੁਸਤਕ ਸਮੂਹ ਪਾਠਕ, ਵਰਗ, ਕਥਾਵਾਚਕਾਂ, ਪ੍ਰਚਾਰਕਾਂ ਤੇ ਗੁਰਮਤਿ ਸਾਹਿਤ ਦੇ ਖੋਜ਼ਾਰਥੀਆਂ ਨੂੰ ਪਸੰਦ ਆਵੇਗੀ।
ਇਸ ਮੌਕੇ ਸ: ਹੇਰ, ਪ੍ਰਿੰ: ਗੁਰਦੇਵ ਸਿੰਘ ਅਤੇ ਡੀ.ਐਸ ਰਟੌਲ ਨੇ ਸਾਂਝੇ ਤੌਰ ‘ਤੇ ਡਾ. ਗੋਗੋਆਣੀ ਦੀ ਪੁਸਤਕ ਵਿਚਲੀਆਂ ‘ਸ੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਨਹੀਂ, ਸਗੋਂ ਹਰਿ (ਰੱਬ) ਦਾ ਮੰਦਰ (ਘਰ) ਭਾਵ ਰੱਬ ਦਾ ਘਰ ਹੈ।ਇਥੇ ਸਦਾ ਬਖਸ਼ਿਸ਼ਾਂ ਦੀ ਬਰਸਾਤ ਹੁੰਦੀ ਹੈ।ਇਥੇ ਅਕਾਲ ਪੁਰਖ ਕੀਰਤਨ ਰੂਪ ਹੋ ਕੇ ਸੁਭਾਇਮਾਨ ਹੈ।ਕਰਤੇ ਦੀ ਕੀਰਤੀ ਦਾ ਪ੍ਰਤਾਪ ਤੇ ਕਰਤਾਰੀ ਰਹਿਮਤਾਂ ਦੀ ਇਹ ਕਰਮ-ਭੂਮੀ ਹੈ।ਇਥੇ ਸਰੋਵਰ ਕੇਵਲ ਪਾਣੀ ਰੂਪ ਨਹੀਂ, ਸਗੋਂ ਬਾਣੀ ਤੇ ਬੰਦਗੀ ਦੀਆਂ ਬਰਕਤਾਂ ਸਦਕਾ ਅੰਮ੍ਰਿਤਮਈ ਜਲ ਹੈ ਤੇ ਇਹਦਾ ਚੂਲਾ ਸਿਦਕਵਾਨਾਂ ਲਈ ਚਾਤ੍ਰਿਕ ਦੀ ਤਰ੍ਹਾਂ ਸਵਾਂਤੀ ਬੂੰਦ ਹੈ।ਇਹ ਸਤਿਗੁਰਾਂ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤੀ ਬਿਬੇਕੀਆਂ ਲਈ ਬਰਕਤਾਂ ਦਾ ਭੰਡਾਰ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …