Saturday, July 27, 2024

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਵੱਲੋਂ ਪਿੰਗਲਵਾੜਾ ਦਾ ਦੌਰਾ

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਤਰਨਜੀਤ ਸਿੰਘ ਸੰਧੂ ਭਾਰਤ ਦੇ ਅਮਰੀਕਾ ਵਿੱਚ ਰਾਜਦੂਤ ਵੱਲੋਂ ਦੌਰਾ ਕੀਤਾ ਗਿਆ।ਉਨ੍ਹਾਂ ਦਾ ਸਵਾਗਤ ਡਾ: ਇੰਦਰਜੀਤ ਕੌਰ ਅਤੇ ਪਿੰਗਲਵਾੜਾ ਸੋਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਕੀਤਾ ਗਿਆ।
ਇਸ ਫੇਰੀ ਦੌਰਾਨ ਡਾ: ਇੰਦਰਜੀਤ ਕੌਰ ਨੇ ਉਨ੍ਹਾਂ ਨੂੰ ਭਗਤ ਪੂਰਨ ਸਿੰਘ ਜੀ ਦੇ ਜੀਵਨ ਉਪਰ ਉਨ੍ਹਾਂ ਦੀਆਂ ਤਸਵੀਰਾਂ ਰਾਹੀਂ ਝਾਤੀ ਪਵਾਈ।ਫਿਰ ਉਹਨਾਂ ਨੇ ਭਗਤ ਪੂਰਨ ਸਿੰਘ ਸਕੂਲ ਫਾਰ ਡੈਫ ਦੇ ਬੱਚਿਆਂ ਨਾਲ ਸਮਾਰਟ ਕਲਾਸ ਦੇ ਵਿਚ ਮੁਲਾਕਾਤ ਕੀਤੀ।ਇਥੇ ਉਨ੍ਹਾਂ ਨੇ ਸਕੂਲ ਦੇ ਵਿੱਦਿਅਕ ਢਾਂਚੇ ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਤੋਂ ਬਾਅਦ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਉਨ੍ਹਾਂ ਨੂੰ ‘ਜੀ ਆਇਆਂ’ ਕਿਹਾ।ਇਸ ਸਕੂਲ ਵਿੱਚ ਉਨ੍ਹਾਂ ਨੇ ਸੈਨਸਰੀ ਰੂਮ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ ਅਤੇ ਬੱਚਿਆਂ ਦੇ ਅੰਤਰਾਸ਼ਟਰੀ ਸਪੈਸ਼ਲ ਓਲੰਪਿਕ ਖੇਡਾਂ ਵਿਚ ਮੈਡਲ ਜਿੱਤਣ ਤੇ ਉਨ੍ਹਾਂ ਨੂੰ ਵਧਾਈ ਦਿੱਤੀ।ਸਕੂਲ ਵਿੱਚ ਉਹਨਾਂ ਨੇ ਬੱਚਿਆਂ ਨਾਲ ਭੰਗੜਾ ਪਾ ਕੇ ਬੱਚਿਆਂ ਦਾ ਦਿਲ ਜਿੱਤ ਲਿਆ।
ਉਪਰੰਤ ਉਨ੍ਹਾਂ ਨੇ ਬੱਚਾ ਵਾਰਡ ਅਤੇ ਮਰਦਾਨਾ ਵਾਰਡ ਵਿੱਚ ਜਾ ਕੇ ਛੋਟੇ-ਛੋਟੇ ਬੱਚਿਆਂ ਅਤੇ ਮਰੀਜ਼ਾਂ ਨਾਲ ਮਿਲ ਕੇ ਉਨ੍ਹਾਂ ਦਾ ਹਾਲ ਜਾਣਿਆ।ਇਸ ਤੋਂ ਬਾਅਦ ਉਹਨਾਂ ਨੇ ਮਸਨੂਈ ਅੰਗ ਕੇਂਦਰ ਦਾ ਦੌਰਾ ਕਰਦੇ ਹੋਏ ਪਿੰਗਲਵਾੜੇ ਵੱਲੋਂ ਭੇਟਾ ਰਹਿਤ ਅੰਗ ਲਗਾਉਣ ਲਈ ਪਿੰਗਲਵਾੜੇ ਦੀ ਸਰਾਹਣਾ ਕੀਤੀ।
ਇਸ ਤੋਂ ਬਾਅਦ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਉਹਨਾਂ ਦਾ ਆਪਣੇ ਦਫ਼ਤਰ ਵਿੱਚ ਸਵਾਗਤ ਕੀਤਾ ਅਤੇ ਪਿੰਗਲਵਾੜਾ ਸੰਸਥਾ ਦੁਆਰਾ ਕੀਤੇ ਜਾ ਰਹੇ ਕਾਰਜ਼ਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਸਨਮਾਨ ਚਿੰਨ੍ਹਾਂ ਦੁਆਰਾ ਉਹਨਾਂ ਨੂੰ ਸਨਮਾਨਿਤ ਕੀਤਾ।ਤਰਨਜੀਤ ਸਿੰਘ ਸੰਧੂ ਨੇ ਭਾਵੁਕ ਹੁੰਦੇ ਹੋਏ ਭਗਤ ਪੂਰਨ ਸਿੰਘ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਕਿਹਾ ਕਿ ਬੀਬੀ ਡਾ. ਇੰਦਰਜੀਤ ਕੌਰ ਦੀ ਰਹਿਨੁਮਾਈ ਵਿੱਚ ਪਿੰਗਲਵਾੜੇ ਦੀ ਪੂਰੀ ਟੀਮ ਲਾਵਾਰਸਾਂ, ਮੰਦ-ਬੁੱਧੀ, ਪਾਗਲ, ਅਨਾਥਾਂ ਅਤੇ ਬਿਮਾਰੀਆਂ ਨਾਲ ਗ੍ਰਸਤ ਮਨੁੱਖਤਾ ਦੀ ਉੱਚ-ਕੋਟੀ ਦੀ ਸੰਭਾਲ ਹੁੰਦੀ ਹੈ।ਉਹਨਾਂ ਨੇ ਪਿੰਗਲਵਾੜਾ ਦੇ ਵਿੱਦਿਅਕ ਸੰਸਥਾਵਾਂ ਵਿੱਚ ਅਮਰੀਕਾ ਵੱਲੋਂ ਤਕਨੀਕੀ ਮਦਦ ਦੀ ਵਚਨਬੱਧਤਾ ਅਤੇ ਹਰ ਸੰਭਵ ਮਦਦ ਕਰਨ ਦਾ ਵਾਅਦਾ ਕੀਤਾ।
ਇਸ ਮੌਕੇ ਪਿੰਗਲਵਾੜਾ ਪਰਿਵਾਰ ਵਲੋਂ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸਕ, ਪਰਮਿੰਦਰ ਸਿੰਘ ਭੰਡਾਲ ਡੀ.ਸੀ.ਪੀ ਕਾਨੂੰਨ ਵਿਵਸਥਾ ਅੰਮ੍ਰਿਤਸਰ, ਡਾ. ਅਮਰਜੀਤ ਸਿੰਘ ਗਿੱਲ ਪ੍ਰਸ਼ਾਸਕ ਮਾਨਾਂਵਾਲਾ, ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ, ਤਿਲਕ ਰਾਜ ਜਨਰਲ ਮੈਨੇਜਰ, ਯੋਗੇਸ਼ ਸੂਰੀ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …