Tuesday, July 14, 2026

ਖਾਲਸਾ ਕਾਲਜ ਦੇ ਪੱਤਰਕਾਰਤਾ ਵਿਭਾਗ ਵਲੋਂ 64ਵੇਂ ਦੂਰਦਰਸ਼ਨ ਦਿਵਸ ’ਤੇ ਕਵਿੱਜ਼ ਮੁਕਾਬਲੇ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗਰੈਜ਼ੂਏਟ ਜਰਨਲਿਜ਼ਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਵਲੋਂ 64ਵੇਂ ਦੂਰਦਰਸ਼ਨ ਦਿਵਸ ’ਤੇ ਵਿਦਿਆਰਥੀਆਂ ਲਈ ਕਵਿੱਜ਼ ਮੁਕਾਬਲਾ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਕਰਵਾਏ ਇਸ ਮੁਕਾਬਲੇ ਦਾ ਮੁੱਖ ਮਕਸਦ ਪੱਤਰਕਾਰਤਾ ਦੇ ਵਿਦਿਆਰਥੀਆਂ ਨੂੰ ਦੂਰਦਰਸ਼ਨ ਦੀ ਸਥਾਪਨਾ ਤੋਂ ਲੈ ਕੇ ਉਸ ਦੀ ਕਾਮਯਾਬੀ ਸਬੰਧੀ ਜਾਣੂ ਕਰਵਾਉਣਾ ਸੀ।
ਪ੍ਰਿੰ: ਡਾ. ਮਹਿਲ ਸਿੰਘ ਨੇ ਦੂਰਦਰਸ਼ਨ ਬਾਰੇ ਦੱਸਦਿਆਂ ਕਿਹਾ ਕਿ ਗਿਆਨ ਨੇ ਇਨਸਾਨ ਨੂੰ ਅਨੇਕਾਂ ਅਦਭੁੱਤ ਉਪਕਰਨ ਪ੍ਰਦਾਨ ਕੀਤੇ ਹਨ, ਇਨ੍ਹਾਂ ਉਪਕਰਨਾਂ ’ਚੋਂ ਇਕ ਸਧਾਨ ਦੂਰਦਰਸ਼ਨ ਹੈ।ਟੈਲੀਵਿਜ਼ਨ ਇਕ ਅਜਿਹਾ ਅਦਭੁੱਤ ਯੰਤਰ ਹੈ, ਜਿਸ ਨੂੰ ਕੁੱਝ ਸਮੇਂ ਪਹਿਲਾਂ ਕਲਪਨਾ ਦੀ ਚੀਜ਼ ਸਮਝਿਆ ਜਾਂਦਾ ਸੀ।ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ’ਚ ਇਹ ਮਨੋਰੰਜ਼ਨ ਦੇ ਨਾਲ ਨਾਲ ਸੂਚਨਾਵਾਂ ਪ੍ਰਾਪਤ ਕਰਨ ਦਾ ਇੱਕ ਮਹੱਤਵਪੂਰਨ ਸਾਧਨ ਵੀ ਹੈ।ਪਹਿਲਾਂ ਇਸ ਦਾ ਇਸਤੇਮਾਲ ਮਹਾਂਨਗਰਾਂ ਦੇ ਅਮੀਰ ਘਰਾਂ ਤੱਕ ਸੀਮਿਤ ਸੀ, ਪਰ ਵਰਤਮਾਨ ’ਚ ਇਸ ਦੀ ਪਹੁੰਚ ਸ਼ਹਿਰ ਅਤੇ ਪਿੰਡਾਂ ਦੇ ਘਰ-ਘਰ ਤੱਕ ਹੋ ਗਈ ਹੈ।
ਵਿਭਾਗ ਦੀ ਕੋਆਰਡੀਨੇਟਰ ਪ੍ਰੋ: ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੂਰਦਰਸ਼ਨ ਬਾਰੇ ਅਹਿਮ ਤੱਥਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਦੂਰਦਰਸ਼ਨ ਦੇ ਅੱਜ 34 ਸੈਟੇਲਾਈਟ ਚੈਨਲ ਹਨ।ਇਸ ਦੇ ਨਾਲ ਹੀ 14 ਹਜ਼ਾਰ ਜ਼ਮੀਨੀ ਟਰਾਂਸਮੀਟਰ ਅਤੇ 66 ਸਟੂਡੀਓ ਦੇ ਨਾਲ ਦੂਰਦਰਸ਼ਨ ਦੇਸ਼ ਦਾ ਸਭ ਤੋਂ ਵੱਡਾ ਪ੍ਰਸਾਰਣ ਕੇਂਦਰ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਦੂਰਦਰਸ਼ਨ ਕੋਲ ਦੇਸ਼ ਭਰ ’ਚ 66 ਸਟੂਡੀਓ ਹਨ, ਜਿਨ੍ਹਾਂ ’ਚੋਂ 17 ਰਾਜਾਂ ਦੀ ਰਾਜਧਾਨੀਆਂ ’ਚ ਹਨ ਅਤੇ ਬਾਕੀ 49 ਵੱਖ-ਵੱਖ ਸ਼ਹਿਰਾਂ ’ਚ ਹਨ।
ਇਸ ਮੌਕੇ ਵਿਭਾਗ ਇੰਚਾਰਜ਼ ਡਾ. ਸਾਨਿਆ ਮਰਵਾਹਾ ਨੇ ਸਮੂਹ ਸਨਮਾਨਿਤ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੁਕਾਬਲੇ ’ਚ ਈਸ਼ਾ ਸ਼ਰਮਾ ਬੀ.ਏ.ਜੇ.ਐਮ.ਸੀ 5ਵਾਂ ਸਮੈਸਟਰ ਨੇ ਪਹਿਲਾਂ, ਚਰਨਜੋਤ ਨੇ ਦੂਸਰਾ ਅਤੇ ਬੀ.ਏ.ਜੇ.ਐਮ.ਸੀ ਸਮੈਸਟਰ ਪਹਿਲਾਂ ਦੀ ਰੌਸ਼ਨੀ ਨੇ ਤੀਜ਼ਾ ਸਥਾਨ ਹਾਸਲ ਕੀਤਾ।
ਇਸ ਮੌਕੇ ਪ੍ਰੋ: ਸੁੰਦਰੇ, ਪ੍ਰੋ: ਹਰੀ, ਪ੍ਰੋ: ਸੁਰਭੀ, ਪ੍ਰੋ: ਜਸਕੀਰਤ, ਪ੍ਰੋ: ਹਰਜੀਤ, ਪ੍ਰੋ. ਭਾਵਨੀ ਆਦਿ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …