Friday, October 18, 2024

ਖ਼ਾਲਸਾ ਕਾਲਜ ਵਿਖੇ ‘ਅੱਖਾਂ ਦਾਨ ਜਾਗਰੂਕਤਾ ਮੁਹਿੰਮ’ ਤਹਿਤ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਅੱਖਾਂ ਦਾਨ ਜਾਗਰੂਕਤਾ ਮੁਹਿੰਮ’ ਤਹਿਤ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਫਿਜ਼ੀਓਥੈਰੇਪੀ ਵਿਭਾਗ ਦੇ ਸਹਿਯੋਗ ਨਾਲ ਡਾ. ਸ਼ਕੀਨਜ਼ ਆਈ ਐਂਡ ਡੈਂਟਲ ਹਸਪਤਾਲ ਵਲੋਂ ਅੱਖਾਂ ਦਾਨ ਜਾਗਰੂਕਤਾ ਮੁਹਿੰਮ ਪੰਦਰਵਾੜੇ ਤਹਿਤ ਸੈਮੀਨਾਰ ਮੌਕੇ ਵਿਦਿਆਰਥੀਆਂ ਨੂੰ ਅੱਖਾਂ ਦੀ ਸਾਂਭ-ਸੰਭਾਲ ਅਤੇ ਅੱਖਾਂ ਦਾਨ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ ਗਿਆ।
ਲੈਕਚਰ ਦੀ ਸ਼ੁਰੂਆਤ ਪ੍ਰਿੰ: ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਨੇਤਰ ਵਿਗਿਆਨ ਵਿਭਾਗ ਡੀਨ ਅਕਾਦਮਿਕ ਅਤੇ ਮੁਖੀ ਡਾ. ਸ਼ਕੀਨ ਸਿੰਘ ਬਾਰੇ ਵਿਦਿਆਰਥੀਆਂ ਨੂੰ ਜਾਣ-ਪਛਾਣ ਕਰਵਾਉਂਦਿਆਂ ਵਿਭਾਗ ਮੁਖੀ ਡਾ. ਮਨੂ ਵਿਸ਼ਿਸ਼ਟ ਦੁਆਰਾ ਉਲੀਕੇ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਖਾਂ ਮਨੁੱਖੀ ਸਰੀਰ ਦਾ ਮੁੱਖ ‘ਤੇ ਵਿਸ਼ੇਸ਼ ਅੰਗ ਹੈ, ਜਿਸ ਨਾਲ ਅਸੀਂ ਜਹਾਨ ਦੀ ਹਰੇਕ ਸਰਗਮੀ ਨੂੰ ਵੇਖਦੇ ਹਾਂ।
ਡਾ. ਸ਼ਕੀਨ ਸਿੰਘ ਨੇ ਅੰਨ੍ਹੇਪਣ ਦਾ ਕਾਰਨ ਬਣਨ ਵਾਲੀਆਂ ਵੱਖ-ਵੱਖ ਸਥਿਤੀਆਂ ਅਤੇ ਅਜਿਹੇ ਮਰੀਜ਼ਾਂ ਲਈ ਅੱਖਾਂ ਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਕੌਰਨੀਆ ਜੋ ਕਿ ਅੱਖ ਦਾ ਪਾਰਦਰਸ਼ੀ ਸਾਹਮਣੇ ਵਾਲਾ ਹਿੱਸਾ ਹੁੰਦਾ ਹੈ, ਨੂੰ ਅਕਸਰ 70 ਤੋਂ 75 ਸਾਲ ਦੀ ਉਮਰ ਤੱਕ ਟਰਾਂਸਪਲਾਂਟੇਸ਼ਨ ਲਈ ਵਰਤਿਆ ਜਾ ਸਕਦਾ ਹੈ, ਪਰ ਸਫਲ ਟਰਾਂਸਪਲਾਂਟੇਸ਼ਨ ਦੀ ਬੇਹਤਰ ਸੰਭਾਵਨਾ ਕਾਰਨ ਛੋਟੇ ਕੌਰਨੀਆ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।
ਉਨ੍ਹਾਂ ਭਾਰਤ ਅਤੇ ਦੁਨੀਆ ਭਰ ’ਚ ਟਰਾਂਸਪਲਾਂਟੇਸ਼ਨ ਲਈ ਕੋਰਨੀਆ ਦੀ ਗੰਭੀਰ ਘਾਟ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਭਾਰਤ ’ਚ ਲੋਕਾਂ ਦੇ ਵੱਖੋ-ਵੱਖਰੇ ਸੱਭਿਆਚਾਰਕ ਵਿਸ਼ਵਾਸ ਹਨ, ਜਿਥੇ ਅੰਗ ਅਤੇ ਅੱਖਾਂ ਦਾਨ ਬਾਰੇ ਲੋਕਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਦੇ ਹਨ।ਉਨ੍ਹਾਂ ਕਿਹਾ ਕਿ ਅੱਖਾਂ ਦਾਨ ਜਾਗਰੂਕਤਾ ਮੁਹਿੰਮ ਪੰਦਰਵਾੜੇ ਵਰਗੀਆਂ ਪਹਿਲਕਦਮੀਆਂ ਇਨ੍ਹਾਂ ਰੁਕਾਵਟਾਂ ਨੂੰ ਤੋੜਨ, ਜਾਗਰੂਕਤਾ ਵਧਾਉਣ ਅਤੇ ਅੱਖਾਂ ਦਾਨ ਸਬੰਧੀ ਉਤਸ਼ਾਹਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸ ਮੌਕੇ ਡਾ. ਮਨੂ ਵਿਸ਼ਿਸ਼ਟ ਨੇ ਪ੍ਰਿੰ: ਡਾ. ਮਹਿਲ ਸਿੰਘ ਅਤੇ ਡਾ. ਸ਼ਕੀਨ ਦਾ ਧੰਨਵਾਦ ਕੀਤਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …