ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੋਸਟ ਗਰੈਜ਼ੂਏਟ ਰਾਜਨੀਤੀ ਸ਼ਾਸਤਰ ਅਤੇ ਲੋਕ ਪ੍ਰਸ਼ਾਸਨ ਵਿਭਾਗ ਵਲੋਂ ‘ਦੱਖਣੀ
ਏਸ਼ੀਆ: ਉਮੀਦ ਅਤੇ ਨਿਰਾਸ਼ਾ ਦੇ ਵਿਚਕਾਰ ਇਕ ਖੇਤਰ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਲੈਕਚਰ ’ਚ ਅੰਤਰਰਾਸ਼ਟਰੀ ਵਿਭਾਗ, ਸਾਊਥ ਏਸ਼ੀਅਨ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਚੇਅਰਪਰਸਨ ਅਤੇ ਐਸੋਸੀਏਟ ਪ੍ਰੋਫੈਸਰ ਡਾ: ਧਨੰਜੈ ਤ੍ਰਿਪਾਠੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸਮਕਾਲੀ ਸੰਦਰਭ ’ਚ ਦੱਖਣੀ ਏਸ਼ੀਆ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ।ਇਸ ਤੋਂ ਪਹਿਲਾਂ ਕਾਲਜ ਪੁੱਜਣ ’ਤੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨੇ ਆਏ ਹੋਏ ਬੁਲਾਰੇ ਦਾ ਸਵਾਗਤ ਕੀਤਾ।
ਡਾ. ਤ੍ਰਿਪਾਠੀ ਨੇ ਕਿਹਾ ਕਿ ਸਮਕਾਲੀ ਦੱਖਣੀ ਏਸ਼ੀਆ ਬਾਰੇ ਚਰਚਾ ਅੰਮ੍ਰਿਤਸਰ ਦੇ ਜ਼ਿਕਰ ਤੋਂ ਬਿਨ੍ਹਾਂ ਅਧੂਰੀ ਹੈ।ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ, ਕਿਉਂਕਿ ਦੱਖਣੀ ਏਸ਼ੀਆ ਨਾ ਸਿਰਫ਼ ਉਪ-ਬਸਤੀਵਾਦੀ ਖੇਤਰ ਹੈ, ਸਗੋਂ ਵੰਡ ਤੋਂ ਬਾਅਦ ਦਾ ਖੇਤਰ ਵੀ ਹੈ।ਉਨ੍ਹਾਂ ਕਿਹਾ ਕਿ ਇਹ ਅੰਗਰੇਜ਼ ਹੀ ਸਨ, ਜਿਨ੍ਹਾਂ ਨੇ ਦੱਖਣੀ ਏਸ਼ੀਆ ’ਚ ਵੱਖ-ਵੱਖ ਸਰਹੱਦਾਂ ਬਣਾਈਆਂ ਅਤੇ ਸਾਨੂੰ ਇਨ੍ਹਾਂ ਸਰਹੱਦਾਂ ਖਾਸ ਕਰਕੇ ਮਾਨਸਿਕ ਸਰਹੱਦਾਂ ਨੰ ਪਾਰ ਆਪਸੀ ਸਹਿਯੋਗ ’ਚ ਵਾਧਾ ਕਰਨਾ ਹੈ।
ਡਾ. ਤ੍ਰਿਪਾਠੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨ ਦੱਖਣੀ ਏਸ਼ੀਆਈ ਖੇਤਰ ਦੀ ਖੁਸ਼ਹਾਲੀ ’ਚ ਬਹੁਤ ਵਾਧਾ ਕਰ ਸਕਦੇ ਹਨ।ਅਸੀਂ ਵਪਾਰ ਅਤੇ ਸੰਪਰਕ ਨੂੰ ਵਧਾ ਕੇ ਬੇਹਤਰ ਰਾਜਨੀਤਿਕ ਸਬੰਧਾਂ ਨੂੰ ਵਿਕਸਿਤ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਭਾਰਤ ਲਈ ਮਹੱਤਵਪੂਰਨ ਰਹੇਗਾ, ਕਿਉਂਕਿ ਭਾਰਤ ਮੁੱਖ ਤੌਰ ’ਤੇ ਦੱਖਣੀ ਏਸ਼ੀਆਈ ਸ਼ਕਤੀ ਹੈ।ਉਨ੍ਹਾਂ ਕਿਹਾ ਕਿ ਇਹ ਸਮਾਜਿਕ-ਸੱਭਿਆਚਾਰਕ ਦੱਖਣੀ ਏਸ਼ੀਆ ਬਾਰੇ ਸੋਚਣ ਦਾ ਸਮਾਂ ਹੈ, ਕਿਉਂਕਿ ਇਹ ਖੇਤਰ ਇਤਿਹਾਸਕ ਅਤੇ ਸੱਭਿਆਚਾਰਕ ਤੌਰ ’ਤੇ ਆਪਸ ’ਚ ਜੁੜਿਆ ਹੋਇਆ ਹੈ।ਇਸ ਮੌਕੇ ਵਿਦਿਆਰਥੀਆਂ ਨੇ ਪ੍ਰਸ਼ਨ-ਉਤਰ ਸੈਸ਼ਨ ’ਚ ਵੀ ਹਿੱਸਾ ਲੈਂਦਿਆ ‘ਅਸੀਂ ਮਾਨਸਿਕ ਹੱਦਾਂ ਨੂੰ ਕਿਵੇਂ ਅਤੇ ਕਦੋਂ ਪਾਰ ਕਰ ਸਕਦੇ ਹਾਂ?’ ਬਾਰੇੇ ਦਿਲਚਸਪ ਸਵਾਲ ਪੁੱਛੇ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਖਿੱਤੇ ਦੀਆਂ ਸਮੁੱਚੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਖਿੱਤੇ ਦੇ ਦੇਸ਼ਾਂ ਦਰਮਿਆਨ ਬੇਹਤਰ ਸਬੰਧਾਂ ਨੂੰ ਪ੍ਰਫੁੱਲਿਤ ਕਰਨ ’ਤੇ ਜ਼ੋਰ ਦਿੱਤਾ।ਰਾਜਨੀਤੀ ਸ਼ਾਸਤਰ ਵਿਭਾਗ ਮੁਖੀ ਪ੍ਰੋ: ਜਸਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ’ਚ ਡਾ. ਸੁਖਜੀਤ ਸਿੰਘ, ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਹਰਬਿਲਾਸ ਸਿੰਘ ਰੰਧਾਵਾ, ਡਾ. ਦਵਿੰਦਰ ਕੌਰ, ਡਾ. ਬਲਜੀਤ ਸਿੰਘ, ਪ੍ਰੋ. ਸੰਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media