Tuesday, July 23, 2024

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ

ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਮਹਾਤਮਾ ਗਾਂਧੀ ਦੀ 154ਵੀਂ ਜਯੰਤੀ ’ਤੇ 1 ਅਕਤੂਬਰ ਨੂੰ ਰਾਸ਼ਟਰੀ ਪੱਧਰ ’ਤੇ ਵਿਸ਼ੇਸ਼ ਸਵੱਛਤਾ ਮੁਹਿੰਮ ’ਵਨ ਡੇਟ, ਵਨ ਆਵਰ, ਵਨ ਟੂਗੇਦਰ’ ਚਲਾਈ ਜਾਵੇਗੀ।ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਸਮੂਹ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਵੇਰੇ 10 ਵਜੇ ਤੋਂ ਇੱਕ ਘੰਟਾ ਸਫਾਈ ਗਤੀਵਿਧੀਆਂ ਚਲਾਈਆਂ ਜਾਣਗੀਆਂ, ਜਿਸ ਵਿੱਚ ਸਥਾਨਕ ਲੋਕ ਅਤੇ ਸੰਸਥਾਵਾਂ ਉਤਸ਼ਾਹ ਨਾਲ ਭਾਗ ਲੈਣਗੀਆਂ।ਇਸ ਮੁਹਿੰਮ ਦਾ ਮੁਖ ਉਦੇਸ਼ ਆਮ ਲੋਕਾਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਕੂੜਾ ਰਹਿਤ ਸਾਫ਼ ਸੁਥਰਾ ਵਾਤਾਵਰਨ ਸਿਰਜਣ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਗਾਂਧੀ ਜਯੰਤੀ ਦੇ ਮੌਕੇ ਸਵੇਰੇ 10 ਵਜੇ ਤੋਂ ’ਇਕ ਤਰੀਕ, ਇਕ ਘੰਟਾ, ਇਕੱਠੇ’ ਸਫ਼ਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ, ਜਿਸ ਨਾਲ ਅਸੀਂ ਆਲਾ ਦੁਆਲੇ ਨੂੰ ਸਾਫ ਸੁਥਰਾ ਰੱਖ ਕੇ ਵਾਤਾਵਰਣ ਨੂੰ ਸਵੱਛ ਰੱਖਾਂਗੇ। ਇਸ ਮੁਹਿੰਮ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਜਨਤਕ ਭਾਗੀਦਾਰੀ ਨੂੰ ਵੀ ਸ਼ਮੁਲੀਅਤ ਕੀਤਾ ਜਾਵੇਗਾ।ਚੁਣੀਆਂ ਗਈਆਂ ਜਨਤਕ ਥਾਵਾਂ ਦੀ ਲੇਬਰ ਰਾਹੀਂ ਸਫਾਈ ਕੀਤੀ ਜਾਵੇਗੀ ਅਤੇ ਇਕੱਠਾ ਕੀਤਾ ਗਿਆ ਕੂੜਾ ਪ੍ਰਬੰਧਨ ਲਈ ਨਜ਼ਦੀਕੀ ਵੇਸਟ ਮੈਨੇਜਮੈਂਟ ਯੂਨਿਟ ਨੂੰ ਭੇਜਿਆ ਜਾਵੇਗਾ।
ਇਸ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਸਵ ਛਤਾ ਮੁਹਿੰਮ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ਵਿੱਚ ਸਥਾਨਕ ਨਾਗਰਿਕ, ਲੋਕ ਨੁਮਾਇੰਦੇ, ਸਮਾਜਿਕ-ਧਾਰਮਿਕ-ਵਿਦਿਅਕ ਸੰਸਥਾਵਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ, ਮਾਰਕੀਟ ਐਸੋਸੀਏਸ਼ਨ, ਯੂਥ ਕਲੱਬ, ਸਰਕਾਰੀ ਅਤੇ ਗੈਰ ਸਰਕਾਰੀ ਹਸਪਤਾਲ, ਹੋਟਲ, ਢਾਬੇ ਆਦਿ ਯੋਗਦਾਨ ਪਾਉਣਗੇ।ਉਨ੍ਹਾਂ ਸ਼ਹਿਰ ਵਾਸੀਆਂ ਅਤੇ ਜਨ-ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਆਲੇ-ਦੁਆਲੇ ਦੀ ਸਫ਼ਾਈ ਦਾ ਕੰਮ ਕਰਨ ਨਾਲ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਭੇਟ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਸਾਰੀਆਂ ਗਤੀਵਿਧੀਆਂ ਸਿੰਗਲ ਯੂਜ਼ ਪਲਾਸਟਿਕ ਤੋਂ ਪੂਰੀ ਤਰ੍ਹਾਂ ਮੁਕਤ ਕਰਵਾਈਆਂ ਜਾਣਗੀਆਂ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਲਾਸਟਿਕ ਦੇ ਲਿਫਾਫਿਆਂ ਅਤੇ ਥਰਮੋਕੋਲ ਕਟਲਰੀ ਦੀ ਵਰਤੋਂ ਨਾ ਕਰਨ ਦੇ ਨਾਲ ਨਾਲ ਕੂੜਾ ਸਾੜਣ ਤੋਂ ਵੀ ਗੁਰੇਜ਼ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਸਾਡਾ ਵਾਤਾਵਰਣ ਪ੍ਰਭਾਵਿਤ ਹੁੰਦਾ ਹੈ, ਉਥੇ ਅਸੀਂ ਮਨੁੱਖਤਾਂ ਦੀ ਸਿਹਤ ਨਾਲ ਖਿਲਵਾੜ ਵੀ ਕਰਦੇ ਹਾਂ। ਉਨ੍ਹਾਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ।

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …