Monday, December 23, 2024

ਖ਼ਾਲਸਾ ਕਾਲਜ ਵਿਖੇ ਰੈਡ ਰਿਬਨ ਕਲੱਬ ਵਲੋਂ ‘ਏਡਜ਼ ਇਕ ਭਿਆਨਕ ਬਿਮਾਰੀ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰੈੱਡ ਰਿਬਨ ਕਲੱਬ ਅਤੇ ਡਾਇਰੈਕਟੋਰੇਟ ਆਫ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਏਡਜ਼ ਵਰਗੀ ਭਿਆਨਕ ਮਹਾਂਮਾਰੀ ਤੋਂ ਜਾਗਰੂਕ ਕਰਾਉਣ ਦੇ ਮਕਸਦ ਤਹਿਤ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਸਕਿੱਟ ਮੁਕਾਬਲਾ ਕਰਵਾਇਆ ਗਿਆ।ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਮੇਜਰ (ਡਾ.) ਵਰੁਣ ਕੁਮਾਰ ਪੀ.ਸੀ.ਐਸ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਯੋਗੇਸ਼ ਕੁਮਾਰ ਸ਼ਰਮਾ ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ ਅੰਮ੍ਰਿਤਸਰ ਨੇ ਸ਼ਿਰਕਤ ਕੀਤੀ।ਰਿਸੋਰਸ ਪਰਸਨ ਵਜੋਂ ਡਾ. ਤੇਜਿੰਦਰ ਕੌਰ ਪ੍ਰੋਫੈਸਰ ਅਤੇ ਮੁਖੀ ਸਕਿਨ ਵਿਭਾਗ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਡਾ. ਮੋਹਨ ਬੇਗੋਵਾਲ ਸਾਬਕਾ ਪ੍ਰੋਫੈਸਰ ਤੇ ਮੁਖੀ ਕਮਿਊਨਟੀ ਮੈਡੀਸਨ ਵਿਭਾਗ ਮੈਡੀਕਲ ਕਾਲਜ ਅੰਮ੍ਰਿਤਸਰ ਸ਼ਾਮਲ ਹੋਏ।
ਇਸ ਪ੍ਰੋਗਰਾਮ ਦੇ ਸੰਯੋਜਕ ਜਸਪਾਲ ਸਿੰਘ ਅਸਿਸਟੈਂਟ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਅੰਮ੍ਰਿਤਸਰ ਨੇ ਦੱਸਿਆ ਕਿ ਸਰਕਾਰ ਸਮਾਜ ਵਿੱਚ ਫੈਲੀਆਂ ਭਿਆਨਕ ਬਿਮਾਰੀਆਂ ਦਾ ਟਾਕਰਾ ਕਰਨ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਅਜਿਹੇ ਉਪਰਾਲੇ ਕਰ ਰਹੀ ਹੈ।ਰੈਡ ਰਿਬਨ ਕਲੱਬ ਖ਼ਾਲਸਾ ਕਾਲਜ ਦੇ ਨੋਡਲ ਅਫਸਰ ਡਾ. ਭੁਪਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਇਸ ਸੈਮੀਨਾਰ ਵਿਚ ਅੰਮ੍ਰਿਤਸਰ ਅਤੇ ਤਰਨ ਤਾਰਨ ਜਿਲ੍ਹੇ ਦੇ 35 ਕਾਲਜਾਂ ਦੇ ਰੈਡ ਰਿਬਨ ਕਲੱਬਾਂ ਦੇ ਮੈਂਬਰ ਵਿਦਿਆਰਥੀਆਂ ਅਤੇ ਉਹਨਾਂ ਦੇ ਨੋਡਲ ਅਫਸਰ ਹਿੱਸਾ ਲੈ ਰਹੇ ਹਨ।
ਕਾਲਜ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਸਮੀ ਵਿੱਦਿਆ ਦੇਣ ਦੇ ਨਾਲ ਨਾਲ ਸਮਾਜ ਵਿਚ ਫੈਲੀਆਂ ਕੁਰੀਤੀਆਂ ਅਤੇ ਮਹਾਂਮਾਰੀਆਂ ਸੰਬੰਧੀ ਵੀ ਜਾਗਰੂਕ ਕਰਦਾ ਹੈ।ਉਹਨਾਂ ਨੇ ਕੀਮਤੀ ਮਨੁੱਖੀ ਜੀਵਨ ਨੂੰ ਸੁਚੇਤ ਰਹਿ ਕੇ ਜਿਊਣ ਦਾ ਸੁਨੇਹਾ ਦਿੱਤਾ।ਮੁੱਖ ਮਹਿਮਾਨ ਮੇਜਰ (ਡਾ.) ਵਰੁਣ ਕੁਮਾਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਏਡਜ਼ ਵਰਗੀ ਬਿਮਾਰੀ ਤੋਂ ਬਚਣ ਲਈ ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਸਾਨੂੰ ਆਪਣੀ ਝਿਜਕ ਤੋੜਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀ ਸਰਕਾਰ ਏਸੇ ਲਈ ਕਰਵਾ ਰਹੀ ਹੈ ਤਾਂ ਜੋ ਨੌਜਵਾਨਾਂ ਦੀ ਸ਼ਕਤੀ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।
ਡਾ. ਤੇਜਿੰਦਰ ਕੌਰ ਪ੍ਰੋਫੈਸਰ ਅਤੇ ਮੁਖੀ ਸਕਿਨ ਵਿਭਾਗ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਆਪ ਚੇਤਨ ਹੋਣ ਅਤੇ ਦੂਸਰਿਆਂ ਨੂੰ ਚੇਤਨ ਕਰਨ ਵਿੱਚ ਹੀ ਇਸ ਬਿਮਾਰੀ ਦਾ ਇਲਾਜ ਹੈ।ਉਹਨਾਂ ਕਿਹਾ ਕਿ ਇਸ ਸਮੇਂ ਵਿਸ਼ਵ ਵਿਚ 4 ਕਰੋੜ ਲੋਕ ਐਚ.ਆਈ.ਵੀ ਵਾਇਰਸ ਤੋਂ ਪੀੜ੍ਹਤ ਹਨ।ਇਸ ਤੋਂ ਬਚਾਅ ਲਈ ਜਿੰਨੀ ਜ਼ਿਆਦਾ ਗਿਣਤੀ ਵਿਚ ਲੋਕ ਐਚ.ਆਈ.ਵੀ ਟੈਸਟ ਕਰਵਾਉਣਗੇ, ਓਨੀ ਸਫਲਤਾ ਨਾਲ ਇਸ ਮਹਾਂਮਾਰੀ ਉਤੇ ਕਾਬੂ ਪਾਇਆ ਜਾ ਸਕਦਾ ਹੈ।ਡਾ. ਮੋਹਨ ਬੇਗੋਵਾਲ ਸਾਬਕਾ ਪ੍ਰੋਫੈਸਰ ਤੇ ਮੁਖੀ ਕਮਿਊਨਟੀ ਮੈਡੀਸਨ ਵਿਭਾਗ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਸਰਕਾਰ ਇਸ ਬਿਮਾਰੀ ‘ਤੇ ਤਾਂ ਹੀ ਕਾਬੂ ਪਾ ਸਕਦੀ ਹੈ।ਉਹਨਾਂ ਇਹ ਵੀ ਕਿਹਾ ਕਿ ਸਾਨੂੰ ਗੁਰੂਆਂ ਨੇ ਆਪਣਾ ਆਚਰਣ ਸ਼ੁੱਧ ਰੱਖਣ ਦੀ ਸਿੱਖਿਆ ਦਿੱਤੀ ਹੈ, ਜਿਸ ‘ਤੇ ਚੱਲ ਕੇ ਅਸੀਂ ਨਿਰੋਗ ਜੀਵਨ ਬਤੀਤ ਕਰ ਸਕਦੇ ਹਾਂ।
ਏਡਜ਼ ਸੰਬੰਧੀ ਹੋਈਆਂ ਸਕਿੱਟਾਂ ਵਿਚੋਂ ਸੰਤ ਸਿੰਘ ਸੁੱਖਾ ਸਿੰਘ ਕਾਲਜ ਦੀ ਟੀਮ ਪਹਿਲੇ ਨੰਬਰ ‘ਤੇ ਰਹੀ, ਦੂਸਰੇ ਨੰਬਰ ‘ਤੇ ਸਰੂਪ ਰਾਣੀ ਸਰਕਾਰੀ ਕਾਲਜ ਲੜਕੀਆਂ ਦੀ ਟੀਮ ਰਹੀ, ਜਦਕਿ ਤੀਸਰੇ ਸਥਾਨ ‘ਤੇ ਖ਼ਾਲਸਾ ਕਾਲਜ ਦੀ ਟੀਮ ਜੇਤੂ ਰਹੀ।ਜੇਤੂ ਟੀਮਾਂ ਨੂੰ ਕ੍ਰਮਵਾਰ ਤਿੰਨ ਹਜ਼ਾਰ, ਦੋ ਹਜ਼ਾਰ ਅਤੇ ਇਕ ਹਜ਼ਾਰ ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਰੈਡ ਰਿਬਨ ਕਲੱਬ ਖ਼ਾਲਸਾ ਕਾਲਜ ਦੇ ਡਿਪਟੀ ਨੋਡਲ ਅਫਸਰ ਡਾ. ਪਰਮਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਇਕਨਾਮਿਕਸ ਵਿਭਾਗ ਦੇ ਪ੍ਰੋਫੈਸਰ ਸਵਰਾਜ ਕੌਰ, ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ, ਡਾ. ਹਰਜੀਤ ਕੌਰ, ਡਾ. ਚਿਰਜੀਵਨ ਕੌਰ, ਡਾ. ਗੁਰਸ਼ਿੰਦਰ ਕੌਰ, ਡਾ. ਦਯਾ ਸਿੰਘ, ਪ੍ਰੋ. ਬਲਜਿੰਦਰ ਸਿੰਘ ਅਤੇ ਡਾ. ਜਸਬੀਰ ਸਿੰਘ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …