Friday, October 18, 2024

ਯੂਨੀਵਰਸਿਟੀ ‘ਚ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦਾ ਯੁਵਕ ਮੇਲਾ ਸੰਪਨ

ਅੰਮ੍ਰਿਤਸਰ, 7 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦਾ ਯੁਵਕ ਮੇਲਾ ਅੱਜ ਸਮਾਪਤ ਹੋਇਆ ਜਿਸ ਦੇ ‘ਏ’ ਡਵੀਜ਼ਨ ਦਾ ਤਾਜ ਐਸ.ਆਰ ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਦੇ ਸਿਰ ਸੱਜਿਆ ਜਦਕਿ ਦੂਜਾ ਸਥਾਨ ਪ੍ਰਾਪਤ ਕਰਨ ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਕਾਮਯਾਬ ਰਿਹਾ।ਤੀਜਾ ਸਥਾਨ ਸਰਕਾਰੀ ਕਾਲਜ ਗੁਰਦਾਸਪੁਰ ਨੇ ਪ੍ਰਾਪਤ ਕੀਤਾ।
ਵਰਗ ‘ਬੀ’ ਡਵੀਜ਼ਨ ਵਿਚ ਬਾਬਾ ਸਾਹਿਬ ਭੀਮ ਰਾਓ ਅਮਬੇਦਕਰ ਕੋ.ਐਡ ਕਾਲਜ ਜਲੰਧਰ ਨੇ ਪਹਿਲਾ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਕਪੂਰਥਲਾ ਨੇ ਦੂਜਾ ਅਤੇ ਅਮਰਦੀਪ ਸਿੰਘ ਸ਼ੇਰਗਿੱਲ ਯਾਦਗਾਰੀ ਕਾਲਜ, ਮੁਕੰਦਪੁਰ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਜਿਤ ਦਰਜ ਕੀਤੀ।ਇਸ ਤੋਂ ਇਲਾਵਾ ਇਕ ਹੋਰ ਵਰਗ ਐਸੋਸੀਏਟ ਇੰਸਟੀਚਿਊਟ ਵਿੱਚ ਐਸ.ਐਸ.ਐਸ.ਐਸ. ਕਾਲਜ ਆਫ ਆਰਟਸ ਅੰਮ੍ਰਿਤਸਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫੀ ਹਾਸਲ ਕੀਤੀ ਜਦਕਿ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਅੰਮ੍ਰਿਤਸਰ ਦੂਜੇ ਸਥਾਨ ‘ਤੇ ਰਿਹਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਜੇਤੂ ਵਿਦਿਆਰਥੀ ਕਲਾਕਾਰ ਪੂਰੇ ਜੋਸ਼ ਵਿਚ ਨਜ਼ਰ ਆ ਰਹੇ ਸਨ।ਚੈਂਪੀਅਨਸ਼ਿਪ ਟਰਾਫੀਆਂ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ ਜਿਨ੍ਹਾਂ ਨੂੰ ਅੱਜ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ, ਡਾ. ਅਮਨਦੀਪ ਸਿੰਘ ਨੇ ਟਰਾਫੀਆਂ ਪ੍ਰਦਾਨ ਕੀਤੀਆਂ।
ਇਸ ਮੌਕੇ ਆਪਣੇ ਸੰਬੋਧਨ ਵਿਚ ਜੇਤੂ ਵਿਦਿਆਰਥੀ ਕਲਾਕਾਰਾਂ ਦੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਕਲਾ ਦੀ ਪ੍ਰਸੰਸਾ ਕੀਤੀ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਅਜੇਤੂ ਰਹੇ ਵਿਦਿਆਰਥੀਆਂ ਕਲਾਕਾਰਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤਾਂ ਜੋ ਉਹ ਅਗਲੇ ਮੁਕਾਮਾਂ ‘ਤੇ ਕਾਮਯਾਬੀ ਹਾਸਲ ਕਰਨ।
ਇਨ੍ਹਾਂ ਯੁਵਕ ਮੇਲਿਆਂ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਸੁਯੋਗ ਅਗਵਾਈ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀ-ਵਲੰਟੀਅਰਾਂ ਦੀ ਸੁਚੱਜੀ ਟੀਮ ਵਲੋਂ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ 10 ਅਤੇ 11 ਅਕਤੂਬਰ ਨੂੰ ਹੋਣ ਵਾਲੇ ਐਜੂਕੇਸ਼ਨਲ ਕਾਲਜਾਂ ਦੇ ਜ਼ੋਨਲ ਯੁਵਕ ਮੇਲੇ ਵਿਚ ਵੱਖ-ਵੱਖ ਐਜੂਕੇਸ਼ਨਲ ਕਾਲਜਾਂ ਦੀਆਂ ਟੀਮਾਂ ਭਾਗ ਲੈਣਗੀਆਂ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …