ਸਿਆਸੀ ਆਗੂਆਂ ਪ੍ਰਤੀ ਜਥੇ: ਨੰਦਗੜ੍ਹ ਵਲੋਂ ਲਏ ਸਟੈਂਡ ਦੀ ਕੀਤੀ ਸ਼ਲਾਘਾ
ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਤੇ ਰਾਜਨੀਤਕ ਜਥੇਬੰਦੀ ਦੇ ਅਹਿਮ ਆਗੂਆਂ ਨੇ ਸz: ਗੁਰਕਿਰਪਾਲ ਸਿੰਘ ਬਠਿੰਡਾ ਸਾਬਕਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਸz: ਹਰਪਾਲ ਸਿੰਘ ਮਿੱਠੂ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸz: ਬਲਵੰਤ ਸਿੰਘ ਨੰਦਗੜ੍ਹ ਨੂੰ ਮਿਲੇ ਅਤੇ ਉਨ੍ਹਾਂ ਵਲੋਂ ਪੰਥ ਤੇ ਕੌਮ ਲਈ ਲਏ ਗਏ ਸਟੈਂਡ ਦੀ ਭਰਪੂਰ ਹਾਮਇਤ ਕਰਦੇ ਹੋਏ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਸਭ ਉਨ੍ਹਾਂ ਨਾਲ ਪੂਰੀ ਤਨਦੇਹੀ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਧਾਰਮਿਕ ਆਹੁੱਦੇ ‘ਤੇ ਕਾਇਮ ਰਹਿੰਦੇ ਹੋਏ, ਇਸੇ ਪ੍ਰਕਾਰ ਕੌਮ ‘ਤੇ ਪੰਥ ਦੀ ਸੇਵਾ ਨਿਭਾਉਂਦੇ ਰਹਿਣ ਕਿਉਂਕਿ ਇਹ ਸਮਾਂ ਪੰਥ ‘ਤੇ ਕੌਮ ਲਈ ਬਹੁਤ ਨਾਜ਼ੁਕ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਤੇ ਆਰ. ਐਸ. ਐਸ ਮੌਜੂਦਾ ਅਕਾਲੀ ਸਰਕਾਰ ਨੂੰ ਵਰਤਦੇ ਹੋਏ ਕੌਮ ਦਾ ਭਾਰੀ ਨੁਕਸਾਨ ਵੱਲ ਵਧ ਰਹੇ ਹਨ।ਉਨ੍ਹਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਮੂਲ ਰੂਪ ਵਿੱਚ ਲਾਗੂ ਕਰਨਾ ਸਮੇ ਦੀ ਬਹੁਤ ਅਹਿਮ ਮੰਗ ਹੈ ਤੇ ਜੱਥੇਦਾਰ ਵਲੋਂ ਲਿਆ ਗਿਆ ਸਟੈਂਡ ਪੰਥ ਤੇ ਕੌਮ ਦੇ ਹਿੱਤ ਵਿੱਚ ਹੈ।ਇਨ੍ਹਾਂ ਆਗੂਆਂ ਨੇ ਜਥੇਦਾਰ ਨੰਦਗੜ੍ਹ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਕਿਸੇ ਵੀਂ ਦਬਾਅ ਹੇਠ ਕੌਮ ਦੇ ਇਸ ਮਹਾਨ ਤਖ਼ਤ ਸਾਹਿਬ ਦੀ ਸੇਵਾ ਤੋਂ ਕਿਸੇ ਵੀ ਕੀਮਤ ‘ਤੇ ਅਸਤੀਫਾ ਨਾ ਦੇਣ, ਸਮੁੱਚੀ ਕੌਮ ਉਨ੍ਹਾਂ ਨਾਲ ਖੜ੍ਹੀ ਹੈ।
ਇਨ੍ਹਾਂ ਆਗੂਆਂ ਨੇ ਅਕਾਲੀ ਦਲ ਵਲੋਂ ਉਨ੍ਹਾਂ ਦੀ ਸਕਿਉਰਟੀ ਵਾਪਿਸ ਲੈ ਕੇ ਬਹੁਤ ਘਟੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜੱਥੇਦਾਰ ਸਾਹਿਬ ਵਲੋਂ ਧਾਰਮਿਕ ਸਿਧਾਤਾਂ ਤਹਿਤ ਹੀ ਕੌਮ ਦੀ ਵੱਖਰੀ ਹੋਂਦ ਬਾਰੇ ਸਟੈਂਡ ਲਿਆ ਹੈ।ਜਦੋਂਕਿ ਸੁਖਬੀਰ ਸਿੰਘ ਬਾਦਲ ਵੀਂ ਧਾਰਾ 25 ਨੂੰ ਕੇਸ ਕਰਵਾਉਣ ਲਈ ਬਿਆਨ ਦੇ ਰਹੇ ਹਨ ਤੇ ਫੇਰ ਸਿੰਘ ਸਾਹਿਬ ਵਿਰੁੱਧ ਆਰ.ਐਸ ਐਸ ਦੇ ਇਸ਼ਾਰੇ ਤੇ ਕਾਰਵਾਈ ਕਰਨੀ ਬਾਦਲ ਦਲ ਦੀ ਦੋਹਰੀ ਨੀਤੀ ਨੂੰ ਪ੍ਰਗਟ ਕਰਦੀ ਹੈ।ਇਨ੍ਹਾਂ ਆਗੂਆਂ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਰ.ਐਸ.ਐਸ ਸਿੱਖਾਂ ਦੀ ਵਾਹਿਦ ਜੱਥੇਬੰਦੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੋ ਕੇ ਕੌਮ ਦਾ ਭਾਰੀ ਧਾਰਮਿਕ ਨੁਕਸਾਨ ਕਰਨਾ ਚਾਹੁੰਦੀ ਹੈ, ਇਸ ਨੂੰ ਸਿੱਖ ਕੌਮ ਕਿਸੇ ਵੀਂ ਕੀਮਤ ਤੇ ਸਹਿਣ ਨਹੀਂ ਕਰੇਗੀ।ਇਸ ਜਥੇ ਵਿੱਚ ਹੋਰਨਾਂ ਤੋਂ ਇਲਾਵਾ ਗੁਰਚੇਤ ਸਿੰਘ ਢਿੱਲੋ, ਪ੍ਰਗਟ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਬਠਿੰਡਾ, ਨਾਜ਼ਰ ਸਿੰਘ ਭਾਈ ਬਖਤੌਰ, ਸੁਖਮੰਦਰ ਢਿੱਲੋ ਕੋਠੇ ਅਮਰਪੁਰਾ, ਜਸਪਾਲ ਸਿੰਘ ਖਾਲਸਾ, ਭੋਲਾ ਸਿੰਘ ਕੋਟਸ਼ਮੀਰ, ਹਰਜੀਤ ਸਿੰਘ ਗੁਰੂ ਦੀ ਢਾਬ, ਭੋਲਾ ਸਿੰਘ ਪ੍ਰਧਾਨ ਗੁਰਦੁਆਰਾ ਜੈ ਸਿੰਘ ਵਾਲਾ ਅਤੇ ਹੋਰ ਵਰਕਰ ਮੌਜੂਦ ਸਨ।