ਅੰਮ੍ਰਿਤਸਰ, 12 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅਰਥ ਸ਼ਾਸਤਰ ਵਿਭਾਗ ਵਲੋਂ ‘ਮੌਜ਼ੂਦਾ ਸਮੇਂ ਅਲਪ ਰੁਜ਼ਗਾਰ ਦੇ ਖੇਤਰ ’ਚ ਦਰਪੇਸ਼ ਚੁਣੋਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਆਈ.ਸੀ.ਐਸ.ਐਸ.ਆਰ ਦੇ ਸਹਿਯੋਗ ਨਾਲ ਇਕ-ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਜਿਸ ’ਚ ਮੁੱਖ ਮਹਿਮਾਨ ਵਜੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਰਣਜੀਤ ਸਿੰਘ ਘੁੰਮਣ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਾਈਸ ਪ੍ਰਿੰਸੀਪਲ ਰਵਿੰਦਰ ਕੌਰ ਨਾਲ ਮਿਲ ਕੇ ਆਏ ਮਹਿਮਾਨਾਂ ਨੂੰ ਪੌਦੇ ਭੇਂਟ ਕਰਕੇ ਰਸਮੀ ਸਵਾਗਤ ਨਾਲ ਸੈਮੀਨਾਰ ਦੀ ਸ਼ੁਰੂਆਤ ਕੀਤੀ।ਉਦਘਾਟਨੀ ਸੈਸ਼ਨ ’ਚ ਛੀਨਾ ਨੇ ਸੰਬੋਧਨ ਕਰਦਿਆਂ ਵਿਭਾਗ ਅਤੇ ਕਾਲਜ ਨੂੰ ਸੈਮੀਨਾਰ ਕਰਵਾਉਣ ਸਬੰਧੀ ਮੁਬਾਰਕਬਾਦ ਦਿੰਦਿਆਂ ਵਿਦਿਆਰਥਣਾਂ ਨੂੰ ਅਣਥੱਕ ਮਿਹਨਤ ਕਰਨ ਅਤੇ ਨੇਕ ਧੀਆਂ ਬਣਨ ਦੀ ਸਿੱਖਿਆ ਦਿੱਤੀ। ਉਪਰੰਤ ਕੁੰਜੀਵਤ ਭਾਸ਼ਣ ਦਿੰਦਿਆਂ ਡਾ. ਘੁੰਮਣ ਨੇ ਵਿਚਾਰਾਧੀਨ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੌਜ਼ੂਦਾ ਸਮਾਂ ਚੁਣੌਤੀਆਂ ਦਾ ਸਮਾਂ ਹੈ ਜਿਸ ’ਚ ਹਰ ਵੱਡਾ-ਛੋਟਾ ਕਿੱਤਾ ਪ੍ਰਭਾਵਿਤ ਹੋ ਰਿਹਾ ਹੈ।ਪਰ ਅਲਪ ਰੁਜ਼ਗਾਰਾਂ ਦੀ ਸਥਿਤੀ ਵਧੇਰੇ ਸੰਕਟਾਂ ਦਾ ਸ਼ਿਕਾਰ ਹੋ ਰਹੀ ਜਾਪਦੀ ਹੈ ਜਿਸ ਦਾ ਕਾਰਨ ਆਰਥਿਕ ਅਸਾਵਾਂਪਨ ਅਤੇ ਰਾਜਸੀ ਡਾਵਾਂਡੋਲਤਾ ’ਚੋਂ ਕੁੱਝ ਹੱਦ ਤੱਕ ਸਮਝਿਆ ਜਾ ਸਕਦਾ ਹੈ।
ਸੈਮੀਨਾਰ ਦੇ ਤਕਨੀਕੀ ਸੈਸ਼ਨ ’ਚ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਵਿਭਾਗ ਤੋਂ ਅਸਿਸਟੈਂਟ ਪੋ੍ਰਫੈਸਰ ਡਾ. ਬਲਜੀਤ ਕੌਰ ਨੇ ਸਬੰਧਿਤ ਵਿਸ਼ੇ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਅਲਪ ਰੁਜ਼ਗਾਰਾਂ ਦੀ ਬੇਹਤਰੀ ਹੀ ਵੱਡੇ ਰੁਜ਼ਗਾਰ ਦੀ ਨੀਂਹ ਤਿਆਰ ਕਰ ਸਕਦੀ ਹੈ।ਖ਼ਾਲਸਾ ਕਾਲਜ ਤੋਂ ਐਸੋਸੀਏਟ ਪ੍ਰੋਫੈਸਰ ਡਾ. ਸਵਰਾਜ ਕੌਰ ਨੇ ਵਿਸ਼ੇ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ ਇਸ ਦੀਆਂ ਭਵਿੱਖਮੁਖੀ ਸੰਭਾਵਨਾਵਾਂ ਵੱਲ ਇਸ਼ਾਰਾ ਕੀਤਾ।ਇਸ ਸੈਸ਼ਨ ’ਚ ਵਿਸ਼ੇ ਨੂੰ ਸਪੱਸ਼ਟ ਕਰਦਿਆਂ ਵੱਖ-ਵੱਖ ਵਿਦਵਾਨਾਂ ਦੁਆਰਾ 20 ਦੇ ਕਰੀਬ ਖੋਜ-ਪੱਤਰ ਪੇਸ਼ ਕੀਤੇ।ਸੈਮੀਨਾਰ ਦੀ ਸਾਰਥਿਕਤਾ ਨੂੰ ਬਿਆਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਸ਼ਾਸਤਰ ਵਿਭਾਗ ਤੋਂ ਪ੍ਰੋਫੈਸਰ ਡਾ. ਅਨੁਪਮਾ ਉਪਲ ਨੇ ਕਿਹਾ ਕਿ ਇਹ ਵਿਸ਼ਾ ਵਰਤਮਾਨ ਦੌਰ ਦਾ ਅਹਿਮ ਮਸਲਾ ਹੈ।ਅਜਿਹੇ ਸੈਮੀਨਾਰ ਹੀ ਇਨ੍ਹਾਂ ਮਸਲਿਆਂ ਬਾਰੇ ਕੋਈ ਸਪੱਸ਼ਟ ਰਾਏ ਦੇ ਸਕਣ ਅਤੇ ਢੁੱਕਵਾਂ ਸਮਾਧਾਨ ਤਲਾਸ਼ਣ ’ਚ ਮਦਦਗਾਰ ਸਾਬਿਤ ਹੋ ਸਕਦੇ ਹਨ।
ਸੈਮੀਨਾਰ ਦੇ ਅਖ਼ੀਰ ’ਚ ਕਾਲਜ ਵਿਭਾਗ ਮੁਖੀ ਡਾ. ਜਸਵਿੰਦਰ ਸਿੰਘ ਨੇ ਸਮੂਹ ਵਿਦਵਾਨਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਡਾ. ਨਿਹਾਰਿਕਾ ਮਹਾਜਨ ਨੇ ਕੀਤਾ।ਇਸ ਮੌਕੇ ਸਮੂੂਹ ਕਾਲਜ ਸਟਾਫ਼ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …