ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀ-ਜ਼ੋਨ ਜੋਨਲ ਯੁਵਕ ਮੇਲੇ ਦੇ ਪਹਿਲੇ ਦਿਨ ਗਰੁੱਪ ਡਾਂਸ ਅਤੇ ਗਿੱਧੇ ਵਿੱਚ ਮੁਟਿਆਰਾਂ ਅਤੇ ਗੱਭਰੂਆਂ ਨੇ ਦਸ਼ਮੇਸ਼ ਆਡੀਟੋਰੀਅਮ ਦੀ ਸਟੇਜ਼ ‘ਤੇ ਧਮਾਕੇਦਾਰ ਪੇਸ਼ਕਾਰੀਆਂ ਦੇ ਕੇ ਯੂਥ ਫੈਸਟੀਵਲ ਵਿੱਚ ਜਨੂੰਨ ਅਤੇ ਜੋਸ਼ ਦਾ ਰੰਗ ਭਰ ਦਿੱਤਾ।ਇਸ ਯੁਵਕ ਮੇਲੇ ਵਿੱਚ ਕਪੂਰਥਲਾ ਅਤੇ ਐਸ.ਬੀ.ਐਸ ਨਗਰ ਦੇ 17 ਕਾਲਜਾਂ ਦੀਆਂ ਟੀਮਾਂ ਵੱਖ-ਵੱਖ ਆਈਟਮਾਂ ਵਿਚ ਭਾਗ ਲੈਣ ਲਈ ਪੁੱਜੀਆਂ।ਫੈਸਟੀਵਲ ਦੀ ਸ਼ੁਰੂਆਤ ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।ਉਨ੍ਹਾਂ ਨਾਲ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਅਮਨਦੀਪ ਸਿੰਘ, ਡਾ. ਮਨਦੀਪ ਕੌਰ, ਡਾ. ਹਰਿੰਦਰ ਸੋਹਲ ਅਤੇ ਡਾ. ਬਲਜੀਤ ਕੌਰ ਰਿਆੜ ਆਦਿ ਮੌਜ਼ੂਦ ਸਨ।
ਡੀਨ ਵਿਦਿਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਵਿਦਿਆਰਥੀ ਕਲਾਕਾਰਾਂ ਦਾ ਉਤਸ਼ਾਹ ਵਧਾਇਆ। ਯੂਨੀਵਰਸਿਟੀ ਨਾਲ ਸਬੰਧਤ ਵੱਖ-ਵੱਖ ਕਾਲਜਾਂ ਤੇ ਐਸੋਸੀਏਟ ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦੇਣ ਦੇ ਨਾਲ ਪ੍ਰਬੰਧਕਾਂ ਦਾ ਵੀ ਸਵਾਗਤ ਕਰਦਿਆਂ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ‘ਚ ਵੱਖ-ਵੱਖ ਖੇਤਰਾਂ ਵਿੱਚ ਮਾਰੀਆਂ ਗਈਆਂ ਮੱਲਾਂ ਤੋ ਜਾਣੂ ਕਰਵਾਇਆ ਗਿਆ।ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਸਮਾਪਤ ਹੋਈਆਂ 19ਵੀਆਂ ਏਸ਼ੀਆਈ ਖੇਡਾਂ ਵਿੱਚ ਵੀ ਯੂਨੀਵਰਸਿਟੀ ਦੇ 16 ਖਿਡਾਰੀਆਂ ਨੇ ਵੀ ਹਿੱਸਾ ਲਿਆ ਤੇ 11 ਮੈਡਲ ਪ੍ਰਾਪਤ ਕੀਤੇ ਜਿਨ੍ਹਾਂ ਵਿੱਚ 3 ਗੋਲਡ ਸਨ।ਉਹਨਾਂ ਕਿਹਾ ਕਿ ਵਿਦਿਆਰਥੀ ਕਲਾਕਾਰ ਸੰਗੀਤ, ਥੀਏਟਰ ਅਤੇ ਹੋਰ ਲਲਿਤ ਕਲਾਵਾਂ ਵਿੱਚ ਬਹੁਤ ਕੁੱਝ ਨਵਾਂ ਕਰਦੇ ਹਨ।
ਦੇਰ ਸ਼ਾਮ ਤੱਕ ਚਲਦੇ ਰਹੇ ਇਸ ਯੂਥ ਫੈਸਟੀਵਲ ਵਿੱਚ ਗਿੱਧੇ ‘ਚ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਨੇ ਜਿਥੇ ਬਾਜੀ ਮਾਰੀ, ਉਥੇ ਦੂਸਰਾ ਸਥਾਨ ਸਿੱਖ ਨੈਸ਼ਨਲ ਕਾਲਜ ਬੰਗਾ ਸਖਤ ਮੁਕਾਬਲਾ ਦੇ ਗਿਆ।ਜਦਕਿ ਲਾਇਲਪੁਰ ਖਾਲਸਾ ਕਾਲਜ ਤੀਸਰੇ ਸਥਾਨ ‘ਤੇ ਰਿਹਾ।ਗਰੁੱਪ ਡਾਂਸ ਵਿੱਚ ਵੀ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਦਮਦਾਰ ਪੇਸ਼ਕਾਰੀ ਸਦਕਾ ਪਹਿਲਾ ਸਥਾਨ ਲੈਣ ਵਿੱਚ ਕਾਮਯਾਬ ਹੋਈ।ਦੂਜੇ ਸਥਾਨ ‘ਤੇ ਆਰ.ਕੇ ਆਰਿਆ ਕਾਲਜ ਨਵਾਂ ਸ਼ਹਿਰ, ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੀਜੇ ਅਤੇ ਅਤੇ ਵਾਰ ਗਾਇਕੀ ਵਿੱਚ ਹਿੰਦੂ ਕੰਨਿਆ ਕਾਲਜ ਕਪੂਰਥਲਾ ਆਪਣੀ ਉਤਮ ਪੇਸ਼ਕਾਰੀ ਦਿੱਤੀ।ਸਿੱਖ ਨੈਸ਼ਨਲ ਕਾਲਜ ਬੰਗਾ ਦੂਜੇ ਸਥਾਨ ‘ਤੇ ਜਦਕਿ ਗੁਰੂ ਨਾਨਕ ਕਾਲਜ ਸੁੱਖਚੈਨਾਣਾ ਸਾਹਿਬ ਫਗਵਾੜਾ ਅਤੇ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਸਾਂਝੇ ਤੋਰ ‘ਤੇ ਤੀਜੇ ਸਥਾਨ ‘ਤੇ ਰਹੇ।ਕਵੀਸ਼ਰੀ ਵਿੱਚ ਕਮਲਾ ਨਹਿਰੂ ਕਾਲਜ ਫਾਰ ਵੂਮੈਨ ਫਗਵਾੜਾ ਪਹਿਲੇ ਨੰਬਰ ‘ਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੂਜੇ ਨੰਬਰ ਅਤੇ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਤੀਜੇ ਨੰਬਰ ‘ਤੇ ਰਿਹਾ ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਦਸਮੇਸ਼ ਆਡੀਟੋਰੀਅਮ ਵਿੱਚ ਜਨਰਲ ਡਾਂਸ ਤੋਂ ਇਲਾਵਾ ਅੱਜ ਹੋਏ ਮੁਕਾਬਲਿਆਂ ਵਿੱਚ ਗਿੱਧਾ, ਵੈਸਟਰਨ ਵੋਕਲ ਸੋਲੋ, ਵੈਸਟਰਨ ਇੰਸਟਰੂਮੈਂਟਲ ਸੋਲੋ ਅਤੇ ਲੋਕ ਸਾਜ਼ ਦੇ ਮੁਕਾਬਲੇ ਹੋਏ।ਗੁਰੂ ਨਾਨਕ ਭਵਨ ਦੀ ਸਟੇਜ ‘ਤੇ ਕਲਾਸੀਕਲ ਇੰਸ. (ਪਰਕਸ਼ਨ), ਕਲਾਸੀਕਲ ਇੰਸ. (ਨਾਨ-ਪਰਕਸ਼ਨ), ਕਲਾਸੀਕਲ ਵੋਕਲ (ਸੋਲੋ), ਵਾਰ ਗਾਇਨ ਅਤੇ ਕਵਿਸ਼ਰੀ ਦੇ ਮੁਕਾਬਲੇ ਹੋਏ।ਆਰਕੀਟੈਕਚਰ ਸਟੇਜ ੱਤੇ ਪੇਂਟਿੰਗ ਆਨ ਦ ਸਪਾਟ, ਕੋਲਾਜ਼, ਕਾਰਟੂਨਿੰਗ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਆਨ ਦ ਸਪਾਟ ਫੋਟੋਗਰਾਫੀ, ਇੰਸਟਾਲੇਸ਼ਨ ਦੇ ਮੁਕਾਬਲੇ ਹੋਏ।ਪੋਇਟਿਕਲ ਸਿੰਪੋਜ਼ੀਅਮ, ਐਲੋਕਿਊਸ਼ਨ ਅਤੇ ਡੀਬੇਟ ਦੇ ਮੁਕਾਬਲਿਆਂ ਦਾ ਆਯੋਜਨ ਕਾਨਫਰੰਸ ਹਾਲ ਦੀ ਸਟੇਜ ‘ਤੇ ਕੀਤਾ ਗਿਆ
ਉਨ੍ਹਾਂ ਦੱਸਿਆ ਕਿ 14 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਕਾਸਟਿਊਮ ਪਰੇਡ, ਮਾਈਮ, ਮਿਮਕਰੀ, ਸਕਿਟ, ਵਨ ਐਕਟ ਪਲੇਅ ਅਤੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਸਮੂਹ ਸ਼ਬਦ/ਭਜਨ, ਸਮੂਹ ਗੀਤ ਭਾਰਤੀ, ਗੀਤ/ਗਜ਼ਲ, ਲੋਕ ਗੀਤ ਦੇ ਮੁਕਾਬਲੇ ਹੋਣਗੇ।ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਨਫਰੰਸ ਹਾਲ ਵਿਚ ਪੋਇਟੀਕਲ ਕੁਇਜ਼ ਦੇ ਮੁਕਾਬਲੇ ਹੋਣਗੇ।ਇਸ ਦਿਨ ਮੁਕਾਬਲਿਆਂ ਤੋਂ ਬਾਅਦ ਇਨਾਮ ਵੰਡ ਸਮਾਗਮ ਦਸਮੇਸ਼ ਆਡੀਟੋਰੀਅਮ ਵਿਖੇ ਹੋਵੇਗਾ।