
ਅੰਮ੍ਰਿਤਸਰ, 24 ਦਸੰਬਰ (ਸੁਖਬੀਰ ਸਿੰਘ) -ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਪ੍ਰਿੰ: ਕੁਲਵੰਤ ਸਿੰਘ ਅਣਖੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਘਰਿੰਡਾ (ਅੰਮ੍ਰਿਤਸਰ) ਵਿਖੇ ਸਥਾਪਿਤ ਕੀਤੇ ਗਏ ਸ਼ਕਤੀਸ਼ਾਲੀ ਰੇਡੀਓ ਸਟੇਸ਼ਨ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ। ਇਹ ਰੇਡੀਓ ਸਟੇਸ਼ਨ ਦੀ ਉਸਾਰੀ ਭਾਰਤ ਦੇ ਪੂਰਵ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਦੀ ਅੰਮ੍ਰਿਤਸਰ ਪ੍ਰਤੀ ਦਿਲਚਸਪੀ ਸਦਕਾ 2007 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਰੇਡੀਓ ਸਟੇਸ਼ਨ ਦੀ ਤਰਜ ਤੇ ਹੀ ਸਥਾਪਤ ਕੀਤੇ ਰਾਏ-ਬਰੇਲੀ ਅਤੇ ਅਮੇਠੀ (ਉਤਰ ਪ੍ਰਦੇਸ਼) ਵਿੱਖੇ ਵੀ ਰੇਡੀਓ ਸਟੇਸ਼ਨ ਸ਼ਥਾਪਿਤ ਕੀਤੇ ਗਏ ਸਨ ਜੋ ਕਿ ਕਾਫੀ ਸਮੇਂ ਤੋਂ ਚਾਲੂ ਹਨ ਅਤੇੇ ਸੇਵਾਵਾਂ ਦੇ ਰਹੇ ਹਨ।
ਅੰਮ੍ਰਿਤਸਰ ਗਾਇਕਾਂ, ਕੀਰਤਨੀ ਰਾਗੀ ਜੱਥਿਆਂ ਅਤੇ ਨਾਟਕ ਕਲਾਕਾਰਾਂ ਦਾ ਉਤਰੀ ਭਾਰਤ ਦਾ ਪ੍ਰਸਿੱਧ ਕੇਂਦਰ ਹੈ।ਇੱਥੋਂ ਦੇ ਪਦਮ-ਸ਼੍ਰੀ ਵਡਾਲੀ ਭਰਾ ਸੰਸਾਰ ਪ੍ਰਸਿਧ ਸੂਫੀ ਗਾਇਕ ਹਨ। ਭਾਈ ਗੁਰਮੇਜ ਸਿੰਘ, ਭਾਈ ਕੁਲਦੀਪ ਸਿੰਘ ਹੰਸਪਾਲ, ਭਾਈ ਲਖਵਿੰਦਰ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਸਤਿੰਦਰਬੀਰ ਸਿੰਘ ਆਦਿ ਸੰਸਾਰ ਪ੍ਰਸਿੱਧ ਕੀਰਤਨੀਏ ਹਨ।ਅੰਮ੍ਰਿਤਸਰ ਦੀ ਨਾਟਸ਼ਾਲਾ ਅਤੇ ਵਿਰਸਾ ਵਿਹਾਰ ਭਾਰਤ ਭਰ ਦੇ ਪ੍ਰਸਿੱਧ ਰੰਗਮੰਚ ਹਨ।ਸੋ ਇਸ ਰੇਡੀਓ ਸਟੇਸ਼ਨ ਨੂੰ ਆਧੁਨਿਕ ਅਤੇ ਉੱਤਮ ਸਟੂਡੀਓ ਵੀ ਉਸਾਰ ਕੇ ਦਿੱਤੇ ਜਾਣ ਤਾਂ ਕੇ ਹਰ ਕਿਸਮ ਦੇ ਪ੍ਰੋਗਰਾਮਾਂ ਦੀ ਰਿਕਾਰਡਿੰਗ ਵੀ ਇੱਥੇ ਕੀਤੀ ਜਾ ਸਕੇ।ਇਸ ਦੇ ਟਾਵਰ ਦੀ ਉਚਾਈ 1000 ਫੁੱਟ ਹੈ ਅਤੇ ਇੱਥੋਂ ਪ੍ਰਸਾਰਤ ਪੋ੍ਰਗਰਾਮ 70-80 ਮੀਲ (110-130 ਕਿ: ਮੀ:) ਤੱਕ ਸੁਣਨਯੋਗ ਹੋਣਗੇ। ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਇਲਾਵਾ ਅੰਮ੍ਰਿਤਸਰ ਰੇਡਿਓ ਸਟੇਸ਼ਨ ਅਤੇ ਟੀ.ਵੀ. ਦੇ ਪ੍ਰੋਗਰਾਮ ਸਿਆਲਕੋਟ ਅਤੇ ਗੁਜਰਾਂਵਾਲਾ ਤੱਕ ਸਪੱਸ਼ਟ ਸੁਣਨਯੋਗ ਹੋਣਗੇ।ਭਾਰਤੀ ਪੰਜਾਬ ਵਿਚ ਇਸ ਰੇਡੀਓ, ਟੀ.ਵੀ. ਦੇ ਪ੍ਰਸਾਰਣ ਪਠਾਨਕੋਟ ਅਤੇ ਫਗਵਾੜੇ ਤੱਕ ਸੁਨਣ ਯੋਗ ਹੋਣਗੇ।ਭਾਵ ਕਿ ਇਸ ਰੇਡੀਓ ਸਟੇਸ਼ਨ ਦੇ ਪ੍ਰਸਾਰਣ ਪੂਰਬੀ ਅਤੇ ਪੱਛਮੀ ਦੋਹਾਂ ਪੰਜਾਬਾਂ ਵਿੱਚ ਸੁਨਣ ਯੋਗ ਹੋਣਗੇ। ਵਰਤਮਾਨ ਸਮੇਂ ਭਾਰਤੀ ਪੰਜਾਬ ਵਿੱਚ ਪਾਕਿਸਤਾਨ ਟੀ.ਵੀ ਅਤੇ ਰੇਡੀਓ ਬਹੁਤ ਮਕਬੂਲ ਹਨ ਅਤੇ ਜੋ ਪ੍ਰਚਾਰ ਪਾਕਿਸਤਾਨ ਰੇਡੀਓ ਤੇ ਕੀਤਾ ਜਾਂਦਾ ਹੈ ਉਹੋ ਇੱਥੋਂ ਦੇ ਸਰੋਤਿਆਂ ਨੂੰ ਸੁਣਨਾ ਪੈਂਦਾ ਹੈ। ਪਾਕਿਸਤਾਨ ਰੇਡੀਓ ਦੇ ਪ੍ਰਚਾਰ ਦਾ ਸਹੀ ਜਵਾਬ ਅੰਮ੍ਰਿਤਸਰ ਟੀ.ਵੀ. ਰੇਡੀਓ ਹੀ ਦੇ ਸਕਦਾ ਹੈ ਜੋ ਕਿ ਦੇਸ਼ ਦੀ ਸੁਰੱਖਿਆ ਲਈ ਬਹੁਤ ਜਰੂਰੀ ਹੈ। ਇਸ ਰੇਡੀਓ ਟੀ.ਵੀ. ਸਟੇਸ਼ਨ ਤੇ ਲਗਭਗ 20 ਕਰੋੜ ਰੁਪਏ ਖਰਚ ਹੋ ਚੁੱਕੇ ਹਨ ਤੇ ਕੇਵਲ 3-4 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਸਾਰਣ ਕਰਨ ਦੇ ਯੋਗ ਹੋ ਸਕਦਾ ਹੈ। ਟਾਵਰ, ਟਰਾਂਸਮੀਟਰ ਲੱਗ ਚੁੱਕੇ ਹਨ, ਮਸ਼ੀਨਰੀ ਪਹੁੰਚ ਚੁੱਕੀ ਹੈ ਜੋ ਕਿ ਬੰਦ ਪਈ ਹੈ। ਹੁਣ ਤਾਂ ਕੇਵਲ ਹੁਨਰਮੰਦ ਇੰਜੀਨੀਅਰਾਂ ਦੁਆਰਾ ਇਸ ਮਸ਼ੀਨਰੀ ਨੂੰ ਫਿੱਟ ਕਰਕੇ ਚਾਲੂ ਕਰਨ ਦੀ ਜਰੂਰਤ ਹੈ। ਸੰਗੀਤ ਅਤੇ ਵਿਰਾਸਤ ਪ੍ਰੇਮੀ ਹਰਜਾਪ ਸਿੰਘ ਔਜਲਾ (ਅਮਰੀਕਾ) ਕੋਲ ਅਜਾਦੀ ਤੋਂ ਪਹਿਲਾਂ ਅਤੇ ਬਾਅਦ ਦਾ ਸੰਗੀਤ ਦਾ ਕੀਮਤੀ ਖਜ਼ਾਨਾ ਮੌਜੂਦ ਹੈ ਜੋ ਉਹ ਇਸ ਰੇਡੀਓ ਸਟੇਸ਼ਨ ਨੂੰ ਦੇਣ ਲਈ ਤਿਆਰ ਹਨ। ਅੰਮ੍ਰਿਤਸਰ ਵਿਕਾਸ ਮੰਚ ਭਾਰਤ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਸ ਰੇਡੀਓ ਸਟੇਸ਼ਨ ਤੇ ਡਿਜੀਟਲ ਟਰੇਸਟਰੀਅਲ ਟਰਾਂਸਮੀਟਰ ਦੁਆਰਾ ਪ੍ਰਸਾਰਣ ਕੀਤਾ ਜਾਵੇ ਜੋ ਇਸ ਦੇ ਪ੍ਰਸਾਰਣ ਖੇਤਰ ਵਿੱਚ ਸਪੱਸ਼ਟ ਹੋਏਗਾ।
1947 ਤੋਂ ਪਹਿਲਾਂ ਅੰਮਿਤਸਰ ਵਿੱਚ ਆਲ ਇੰਡੀਆ ਰੇਡੀਓ ਲਾਹੌਰ ਦੇ ਉਤਮ ਦਰਜੇ ਦੇ ਪ੍ਰੋਗਰਾਮ ਉਪਲਬਧ ਸਨ। ਉਪਰੰਤ ਅੰਮ੍ਰਿਤਸਰੀਏ ਅਤੇ ਪਾਕਿਸਤਾਨ ਤੋਂ ਆਏ ਪਨਾਹਗੀਰਾਂ ਦੀ ਪੁਰ ਜੋਰ ਮੰਗ ਤੇ 1948-49 ਵਿੱਚ ਅੰਮ੍ਰਿਤਸਰ ਨੂੰ ਆਲ ਇੰਡੀਆ ਰੇਡੀਓ ਦਾ ਮੀਡੀਅਮ ਵੇਵ ਰੇਡੀਓ ਸਟੇਸ਼ਨ ਹਾਸਲ ਹੋਇਆ ਜੋ ਕਿ 1953 ਤੱਕ ਤਸਲੀ ਬਖਸ਼ ਸੇਵਾਵਾਂ ਦਿੰਦਾ ਰਿਹਾ।1953 ਵਿੱਚ ਆਲ ਇੰਡੀਆ ਰੇਡੀਓ ਜਲੰਧਰ ਦੇ ਸ਼ਕਤੀ ਸ਼ਾਲੀ ਟਰਾਂਸਮੀਟਰਾਂ ਕਾਰਨ ਅੰਮ੍ਰਿਤਸਰ ਦਾ ਰੇਡੀਓ ਸਟੇਸ਼ਨ ਬੰਦ ਹੋ ਗਿਆ। 1953 ਤੋਂ ਅੰਮ੍ਰਿਤਸਰੀਏ ਆਪਣੇ ਰੇਡੀਓ ਸਟੇਸ਼ਨ ਦੀ ਮੰਗ ਕਰਦੇ ਰਹੇ ਅਤੇ ਅਖੀਰ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਯਤਨਾਂ ਸਦਕਾ 1964 ਵਿੱਚ ਅੰਮ੍ਰਿਤਸਰ ਨੂੰ ਰੇਡੀਓ ਸਟੇਸ਼ਨ ਪ੍ਰਵਾਨ ਹੋਇਆ। 1965 ਵਿੱਚ ਸਾਰੀ ਮਸ਼ੀਨਰੀ ਅੰਮ੍ਰਿਤਸਰ ਪਹੁੰਚ ਵੀ ਗਈ ਪਰੰਤੂ ਭਾਰਤ-ਪਾਕ ਯੁੱਧ ਕਰਕੇ ਇਹ ਰੇਡੀਓ ਸਟੇਸ਼ਨ ਫਿਰ ਹੋਂਦ ਵਿੱਚ ਨਾ ਆ ਸਕਿਆ। ਸਾਬਕਾ ਸਾਂਸਦ ਸ੍ਰ. ਨਵਜੋਤ ਸਿੰਘ ਸਿੱਧੂ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਯਤਨਾਂ ਸਦਕਾ ਘਰਿੰਡਾ ਵਿੱਖੇ ਜੋ ਰੇਡੀਓ ਟੀ.ਵੀ. ਸਟੇਸ਼ਨ ਪ੍ਰਵਾਨ ਹੋਇਆ ਹੈ ਨੂੰ ਅੰਮ੍ਰਿਤਸਰ ਵਿਕਾਸ ਮੰਚ ਛੇਤੀ ਤੋਂ ਛੇਤੀ ਮੰਗ ਚਾਲੂ ਕਰਨ ਦੀ ਮੰਗ ਕਰਦਾ ਹੈ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media