Thursday, November 21, 2024

ਕਢ੍ਹਾਈ ਦੇ ਨਾਲ ਘੁੰਗਰੂ ਸਿਤਾਰੇ …

ਸਾਡਾ ਪੁਰਾਤਨ ਵਿਰਸਾ ਬਹੁਤ ਅਮੀਰ ਹੈ, ਜੇਕਰ ਪੁਰਾਤਨ ਪੰਜਾਬ ਭਾਵ ਤਿੰਨ ਚਾਰ ਦਹਾਕੇ ਪਹਿਲਾਂ ਵਾਲੇ ਪੰਜਾਬ ਤੇ ਝਾਤ ਮਾਰੀਏ ਤਾਂ ਓਹਨਾਂ ਸਮਿਆਂ ਵਿੱਚ ਹਰ ਇੱਕ ਇਨਸਾਨ ਕਹਿ ਲਈਏ ਜਾਂ ਧੀਆਂ ਭੈਣਾਂ ਕੋਲ ਸਮੇਂ ਬਹੁਤ ਖੁਲ੍ਹੇ ਸਨ, ਬੇਸ਼ੱਕ ਓਨਾਂ ਸਮਿਆਂ ਵਿੱਚ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਰਿਹਾ ਹੈ।ਪਰ ਫਿਰ ਵੀ ਕੰਮ ਧੰਦੇ ਨਿਪਟਾ ਕੇ ਵੀ ਵਿਹਲੇ ਰਹਿਣ ਦਾ ਅਤੇ ਉਸ ਸਮੇਂ ਨੂੰ ਕਿਤੇ ਸਾਰਥਕ ਕਰਨ ਦਾ ਰਿਵਾਜ਼ ਵੀ ਸੀ, ਕਿਉਂਕਿ ਅਜੋਕੇ ਦੌਰ ਵਾਂਗ ਬੰਦਾ ਮਸ਼ੀਨ ਦੀ ਤਰ੍ਹਾਂ ਨਹੀਂ ਸੀ ਦੌੜਦਾ।ਓਦੋਂ ਦਰਖਤਾਂ ਥੱਲੇ ਮੰਜ਼ੇ ਡਾਹ ਕੇ ਧੀਆਂ ਭੈਣਾਂ ਚਰਖ਼ੇ ਕੱਤਦੀਆਂ, ਸੱਥਾਂ ਵਿੱਚ ਬੈਠ ਕੇ ਸਾਡੇ ਵੱੱਡ ਵਡੇਰੇ ਤਾਸ਼ ਖੇਡਦੇ ਜਾਂ ਸਣ ਦੇ ਗ਼ਰਨੇ ਕੱਢਣਾ, ਰੱਸੇ ਵੱਟਣਾ ਅਤੇ ਇਹੋ ਜਿਹੇ ਹੋਰ ਵੀ ਅਨੇਕਾਂ ਕੰਮ ਧੰਦੇ ਹੁੰਦੇ ਸਨ, ਜੋ ਵਿਹਲੇ ਸਮੇਂ ਵਿੱਚ ਕਰਨਾ ਸਿਖਰਾਂ ਤੇ ਰਿਹਾ ਹੈ।
ਧੀਆਂ ਭੈਣਾਂ ਨੇ ਹੱਥੀਂ ਚਰਖ਼ੇ ਕੱਤ ਕੇ ਸੂਤ ਬਣਾਉਣਾ, ਦਰੀਆਂ ਖੇਸ ਚਾਦਰਾਂ ਤਾਣੀਆਂ ਘਰੇ ਖੱਡੀਆਂ ਪੱਟ ਕੇ ਬੁਨਣਾ, ਤੇ ਓਹੋ ਹੀ ਹੱਥੀਂ ਤਿਆਰ ਕੀਤਾ ਗਿਆ ਸਮਾਨ ਦਹੇਜ਼ ਦੇ ਰੂਪ ਵਿੱਚ ਲੜਕੀਆਂ ਨੂੰ ਵਿਆਹਾਂ ‘ਤੇ ਦਿੱਤਾ ਜਾਂਦਾ ਸੀ।ਚਾਦਰਾਂ ਕੱਢਦੀਆਂ ਧੀਆਂ ਭੈਣਾਂ ਓਹਨਾਂ ਸਮਿਆਂ ਵਿੱਚ ਸਿਰਹਾਣੇ ਤੇ ਚਾਦਰਾਂ ਆਦਿ ‘ਤੇ ਦਿਲ ਲੁਭਾਊ ਸੀਨਰੀ ਭਾਵ ਵਧੀਆ ਫੋਟੋਆਂ ਕਰੋਸ਼ੀਆ ਜਾ ਸੂਈ ਘੰਦੂਈ ਨਾਲ ਹੱਥੀਂ ਬਣਾ ਕੇ ਓਹਨਾ ਉਪਰ ਸਿਤਾਰੇ ਜਾਂ ਛੋਟੇ ਛੋਟੇ ਘੁੰਗਰੂ, ਜੋ ਆਮ ਆਪਾਂ ਛੋਟੇ ਬੱਚਿਆਂ ਦੇ ਸਗਲਿਆਂ ਵਿੱਚ ਵੇਖਦੇ ਰਹੇ ਹਾਂ, ਓਹੋ ਜਿਹੇ ਘੁੰਗਰੂ ਲਾ ਕੇ ਦੀਵਾਰ ਨਾਲ ਟੰਗਣ ਵਾਲੀਆਂ ਫੋਟੋਆਂ ਭਾਵ ਸਿਨਰੀਆਂ ਬਣਾ ਕੇ ਦਾਜ਼ ਦੇ ਵਿੱਚ ਲੈ ਜਾਇਆ ਕਰਦੀਆਂ ਸਨ।ਪੱਖੀਆਂ ਦੀਆਂ ਝਾਲਰਾਂ ਉਤੇ ਵੀ ਜਾਂ ਦਰੀਆਂ ਖੇਸਾਂ ਦੇ ਬੰਬਲ ਵੱਟਦੇ ਸਮੇਂ ਓਹਨਾਂ ਉਤੇ ਵੀ ਉਹ ਸਿਤਾਰੇ ਲਾਉਂਦੀਆਂ।ਖਾਸ ਕਰਕੇ ਦਰੀ ਦੇ ਬੰਬਲ ਵੱਟ ਕੇ ਡਿਜ਼ਾਈਨਦਾਰ ਬਣਾ ਕੇ ਓਹਨਾਂ ਉਤੇ ਸਿਤਾਰੇ ਜਾਂ ਛੋਟੇ ਛੋਟੇ ਘੁੰਗਰੂ ਲਾਏ ਜਾਂਦੇ ਸਨ।ਜੋ ਵੇਖਣ ਨੂੰ ਵੀ ਮਨਮੋਹਣੇ ਲੱਗਦੇ ਸਨ।ਜਦੋਂ ਭੈਣਾਂ ਬੀਬੀਆਂ ਵਿਖਾਵੇ ਲਈ ਸਹੁਰੇ ਘਰ ਇਹ ਸਭ ਮੰਜ਼ਿਆਂ ‘ਤੇ ਵਿਛਾਉਂਦੇ ਸਨ, ਓਦੋਂ ਵੀ ਬੜੀ ਰੀਝ ਨਾਲ ਵੇਖਿਆ ਜਾਂਦਾ ਰਿਹਾ ਹੈ।ਇਹ ਰਿਵਾਜ ਪੁਰਾਤਨ ਪੰਜਾਬ ਦੇ ਖਿਤਿਆਂ ਵਿੱਚ ਕਿਸੇ ਸਮੇਂ ਸਿਖਰਾਂ ਤੇ ਰਿਹਾ ਹੈ।
ਜੇਕਰ ਅਜੋਕੇ ਇਸ ਆਏ ਮਸ਼ੀਨੀ ਯੁੱਗ ਦੀ ਗੱਲ ਕਰੀਏ ਤਾਂ ਇਹ ਸਭ ਸੁਪਨਾ ਹੋ ਚੁੱਕਾ ਹੈ, ਹੁਣ ਦੀ ਨਵੀਂ ਪਨੀਰੀ ਜਾ ਅਜੋਕੇ ਦੌਰ ਦੇ ਬੱਚੇ ਬੱਚੀਆਂ ਨੂੰ ਇਹੋ ਜਿਹੇ ਰਿਵਾਜ਼ਾਂ ਦਾ ਜਾਂ ਸਾਡੇ ਇਸ ਪੁਰਾਤਨ ਵਿਰਸੇ ਦਾ ਬਿਲਕੁੱਲ ਕੋਈ ਮੋਹ ਹੀ ਨਹੀਂ ਰਹਿ ਗਿਆ ਤੇ ਨਾ ਹੀ ਜਾਣਕਾਰੀ ਜਾਂ ਕੋਈ ਦਿਲਚਸਪੀ।ਅੱਜਕਲ੍ਹ ਇਹ ਸਭ ਸਮਾਨ ਰੈਡੀਮੇਡ ਰੂਪ ਵਿੱਚ ਬਜ਼ਾਰਾਂ ‘ਚ ਉਪਲੱਬਧ ਹੈ।ਇਸ ਲਈ ਬਦਲੇ ਸਮੇਂ ਵਿੱਚ ਹਰ ਇੱਕ ਇਨਸਾਨ ਜਾਂ ਧੀਆਂ ਭੈਣਾਂ ਇੱਕ ਮਸ਼ੀਨ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਹਨ।ਪੈਸੇ ਦੀ ਜ਼ਿਆਦਾ ਅਹਿਮੀਅਤ ਹੋ ਗਈ ਹੈ।ਨੌਕਰੀ ਪੇਸ਼ੇ ਨੂੰ ਪਹਿਲ ਦਿੱਤੀ ਜਾਂਦੀ ਹੈ।ਅੰਤਾਂ ਦੀ ਮਹਿੰਗਾਈ ਵਿੱਚ ਇਹ ਸਭ ਗੱਲਾਂ ਕਿਸੇ ਦੇ ਚਿੱਤ ਚੇਤਿਆਂ ਵਿੱਚ ਹੀ ਨਹੀਂ ਹਨ।ਅਜੋਕੇ ਸਮੇਂ ਵਿੱਚ ਇਹ ਹੋ ਵੀ ਬਹੁਤ ਜਰੂਰੀ ਗਿਆ ਹੈ, ਕਿਉਂਕਿ ਐਸੀ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਘਰ ਦਾ ਕੱਲਾ ਕੱਲਾ ਜੀਅ ਕੰਮ ਕਰੇਗਾ ਤਾਂ ਹੀ ਗੁਜ਼ਾਰਾ ਹੋ ਸਕਦਾ ਹੈ। Article2111202301

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋ – 9569149556

 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …