Tuesday, October 8, 2024

ਬੋਲੀ ਮਾਂ ਸਾਡੀ…

ਮਾਂ-ਬੋਲੀ ਮਾਂ ਸਾਡੀ ,
ਕਰੋ ਸਤਿਕਾਰ ਸਾਰੇ,
ਆਉ ਰਲ ਮਿਲ ਕੇ ਤੇ,
ਘੱਲ ਇਹ ਵਿਚਾਰੀਏ।

ਮਾਂ ਦਾ ਸਥਾਨ ਕਿਵੇਂ,
ਚਾਚੀ ਮਾਸੀ ਲੈ ਸਕੇ,
ਦਿਲ ਵਿਚੋਂ ਮਾਂ-ਬੋਲੀ,
ਕਦੇ ਨਾ ਵਿਸਾਰੀਏ।

ਗੁਰੂਆਂ ਦੀ ਵਰੋਸਾਈ,
ਸੂਫ਼ੀਆਂ ਨੇ ਮਾਣ ਦਿੱਤਾ,
ਕਵੀਆਂ ਕਵੀਸ਼ਰਾਂ ਨੇ,
ਇਸ ਨੂੰ ਦੁਲਾਰਿਆ।

ਢੋਲੇ, ਟੱਪੇ, ਮਾਹੀਏ,
ਲੋਕ-ਗੀਤਾਂ ਵਿੱਚ ਗੂੰਜ਼ਦੀ ਇਹ,
ਬਾਕੀ ਇਹਦੇ ਕਿੱਸਾਕਾਰਾਂ,
ਰੂਪ ਨੂੰ ਸ਼ਿੰਗਾਰਿਆ।

ਸ਼ਹਿਦ ਨਾਲੋਂ ਮਿੱਠੜੀ ਇਹ,
ਕੰਨਾਂ ਵਿੱਚ ਰਸ ਘੋਲੇ,
ਬੋਲ-ਬੋਲ ਰੱਜੀਏ ਨਾ,
ਇਸ ਦਾ ਜਵਾਬ ਨਹੀਂ।

ਪੰਜਾਂ ਦਰਿਆਵਾਂ ਵਾਲੀ,
ਪਹੁੰਚੀ ਪਾਰ ਸਾਗਰਾਂ ਤੋਂ,
ਝੰਡਾ ਗੱਡਿਆ ਚੰਨ `ਤੇ,
ਅੱਗੇ ਦਾ ਹਿਸਾਬ ਨਹੀਂ।

ਬਮੁੱਖ ਹੋਣ ਵਾਲੇ,
ਮਾਂ ਨੂੰ ਵਿਸਾਰ ਕਦੇ,
ਆਂਟੀ ਦੇ ਕੰਧਾੜੇ ਚੜ੍ਹ,
ਸੁੱਖ ਨਹੀਂ ਜੇ ਮਾਣਦੇ।

ਹੀਰਿਆਂ-ਜਵਾਹਰਾਂ ਅਤੇ,
ਮੋਤੀਆਂ ਨੂੰ ਛੱਡ ਕੇ ਤੇ,
ਐਵੇਂ ਰੋੜਾਂ ਵਾਲਾ ਪਏ,
ਘੱਟਾ ਨੇ ਉਹ ਛਾਣਦੇ।

ਨਾਨਕ, ਫ਼ਰੀਦ, ਬਾਹੂ,
ਬੁੱਲ੍ਹੇ ਅਤੇ ਵਾਰਿਸਾਂ ਦੀ,
ਭਾਸ਼ਾ ਇਹ ਦੁਨੀਆਂ `ਤੇ ,
ਦਸਵੇਂ ਸਥਾਨ `ਤੇ।

ਦਿਲਾਂ ਉਤੇ ਰਾਜ ਕਰੇ,
ਬਣ ਪਟਰਾਣੀ ਚੜ੍ਹੀ,
ਨਜ਼ਮੀ ਤੇ ਪਾਤਰਾਂ ਜਹੇ,
ਪੁੱਤਾਂ ਦੀ ਜ਼ੁਬਾਨ `ਤੇ।

ਬੋਲੀ ਸਾਡੀ ਮਾਣ ਸਾਡਾ,
ਇਹੋ ਪਹਿਚਾਣ ਸਾਡੀ,
ਪੜ੍ਹੀਏ ਪੜ੍ਹਾਈਏ ਸਾਡਾ,
ਇਹੋ ਵਿਸ਼ਵਾਸ ਏ।

ਸ਼ਾਦ ਤੇ ਆਬਾਦ ਰਹੇ,
ਝੁੱਗਾਂ ਤੱਕ ਗੂੰਜ਼ਦੀ,
ਸੱਚੇ ਰੱਬ ਅੱਗੇ ,
`ਓਠੀ` ਇਹੋ ਅਰਦਾਸ ਏ।
ਕਵਿਤਾ 1211202302

ਸਤਿੰਦਰ ਸਿੰਘ ਓਠੀ
ਮੋ- 9988221227

Check Also

ਭਾਅ ਜੀ ਗੁਰਸ਼ਰਨ ਸਿੰਘ ਦੀ ਪਤਨੀ ਸ੍ਰੀਮਤੀ ਕੈਲਾਸ਼ ਕੌਰ ਦੇ ਅਕਾਲ ਚਲਾਣੇ `ਤੇ ਦੁੱਖ਼ ਦਾ ਪ੍ਰਗਟਾਵਾ

ਅੰਮ੍ਰਿਤਸਰ, 7 ਅਕਤੂਬਰ (ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਭਾਅ ਜੀ ਗੁਰਸ਼ਰਨ ਸਿੰਘ …