Friday, February 23, 2024

ਜਿਥੇ ਵਿਕਦੀ ਹੈ ਸ਼ੁੱਧ ਹਵਾ …

ਜੀ ਹਾਂ! ਪੰਜ ਸੌ ਏਕੜ ਵਿਚ ਫੈਲਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸ਼ੁੱਧ ਹਵਾ ਨਾਲ ਭਰਪੂਰ ਹੈ।ਵੰਨ-ਸੁਵੰਨੇ ਦਰਖ਼ਤਾਂ, ਫੱਲਾਂ, ਪੌਦਿਆਂ ਨਾਲ ਮਹਿਕਦੇ, ਟਹਿਕਦੇ ਇਸ ਕੈਂਪਸ ਵਿੱਚ ਜੇਕਰ ਜੀ.ਟੀ ਰੋਡ ਅਤੇ ਯੂਨੀਵਰਸਿਟੀ ਦੇ ਪਿੱਛਲੇ ਗੇਟ ਨੇੜਿਉਂ ਰਾਮ ਤੀਰਥ ਰੋਡ ਤੋਂ ਲੰਘਦੀਆਂ ਗੱਡੀਆਂ ਦਾ ਪ੍ਰਦੂਸ਼ਣ ਵੀ ਕੈਂਪਸ ਵੱਲ ਆ ਜਾਵੇ ਤਾਂ ਉਹ ਵੀ ਸ਼ੁੱਧ ਹਵਾ ਵਿੱਚ ਬਦਲ ਜਾਂਦਾ ਹੈ।
ਇਹ ਕੈਂਪਸ ਯੂਨੀਵਰਸਿਟੀ ਨੇੜਲੀਆਂ ਆਬਾਦੀਆਂ ਦੇ ਵਾਸੀਆਂ ਲਈ ਵਰਦਾਨ ਤੋਂ ਘੱਟ ਨਹੀਂ ਹੈ।ਭਾਵੇਂ ਅੰਮ੍ਰਿਤਸਰ ਸ਼ਹਿਰ ਵਿੱਚ ਰਾਮ ਬਾਗ਼ ਤੇ ਸਕੱਤਰੀ ਬਾਗ਼ ਵੀ ਸੈਰ ਲਈ ਲੋਕਾਂ ਵਾਸਤੇ ਵਰਦਾਨ ਹੀ ਹਨ, ਪਰ ਇੱਧਰਲੀਆਂ ਆਬਾਦੀਆਂ ਲਈ ਇਹ ਥਾਂ ਕਾਫ਼ੀ ਦੂਰ ਪੈਂਦੀ ਹੈ, ਜਿਥੇ ਜਾਣਾ ਸੰਭਵ ਨਹੀਂ ਹੁੰਦਾ।ਇਸ ਲਈ ਯੂਨੀਵਰਸਿਟੀ ਕੈਂਪਸ ਇਨ੍ਹਾਂ ਲਈ ਜੰਨਤ ਤੋਂ ਘੱਟ ਨਹੀਂ, ਕਿਉਂਕਿ ਕੈਂਪਸ ਵਿੱਚ ਦਾਖ਼ਲ ਹੁੰਦਿਆਂ ਹੀ ਸ਼ੁੱਧ ਹਵਾ ਨਾਲ ਆਉਣ ਲੱਗਦੇ ਸਾਹ ਇਕ ਵੱਖਰਾ ਜਿਹਾ ਅਹਿਸਾਸ ਕਰਵਾਉਣ ਲਗਦੇ ਹਨ।
24 ਨਵੰਬਰ 1969 ਨੂੰ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਪਤ ਹੋਈ ਇਸ ਯੂਨੀਵਰਸਿਟੀ ਦਾ ਕੈਂਪਸ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਕੈਂਪਸਾਂ ਨਾਲੋਂ ਬਹੁਤ ਜ਼ਿਆਦਾ ਖ਼ੂਬਸੂਰਤ ਹੈ।ਇਸ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਵਿੱਚ ਹੁਣ ਤੀਕ ਰਹੇ ਵਾਇਸ-ਚਾਂਸਲਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਮੌਜ਼ੂਦਾ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਵੱਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਵਾਈਸ-ਚਾਂਸਲਰ ਡਾ. ਜੈ ਰੂਪ ਸਿੰਘ, ਜਿਹੜੇ ਅਗਸਤ 2006 ਵਿਚ ਵਾਈਸ-ਚਾਂਸਲਰ ਬਣੇ ਸਨ, ਨੇ 2007 ਵਿੱਚ ਯੂਨੀਵਰਸਿਟੀ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੈਰ ਕਰਨ ਵਾਲੇ ਚਾਹਵਾਨਾਂ ਲਈ ਥੋੜ੍ਹੀ ਫ਼ੀਸ ਨਿਸ਼ਚਿਤ ਕੀਤੀ ਸੀ, ਜਿਹੜੀ ਸਵੇਰੇ ਤੇ ਸ਼ਾਮ ਦੀ ਸੈਰ ਵਾਸਤੇ ਇਕ ਸਾਲ ਲਈ ਹੁੰਦੀ ਸੀ।ਇਸ ਤੋਂ ਪਹਿਲਾਂ ਕੋਈ ਫ਼ੀਸ ਨਹੀਂ ਸੀ ਹੁੰਦੀ।
ਸੈਰ ਲਈ ਸਵੇਰੇ 8.00 ਵਜੇ ਤੀਕ ਦਾ ਸਮਾਂ ਨਿਸ਼ਚਿਤ ਹੈ।ਮੌਜ਼ਦਾ ਸਮੇਂ ਵਿੱਚ ਸੈਰ ਲਈ ਪਾਸ ਬਣਾਉਣ ਵਾਲਿਆਂ ਨੂੰ ਇਕ ਸਾਲ ਦੀ 1400/- ਰੁਪਏ ਫ਼ੀਸ ਭਰਨੀ ਪੈਂਦੀ ਹੈ।ਇਸ ਵੇਲੇ ਸੈਰ ਕਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਦੇ ਲਗਭਗ ਹੈ।
ਇਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕੀਂ ਪੈਸੇ ਨੂੰ ਅਹਿਮੀਅਤ ਨਹੀਂ ਦਿੰਦੇ, ਸਗੋਂ ਉਹ ਸਿਹਤ ਦਾ ਧਿਆਨ ਰੱਖਦੇ ਹੋਏ ਸਵੇਰ-ਸ਼ਾਮ ਦੀ ਸੈਰ ਕਰਦਿਆਂ ਸ਼ੁੱਧ ਹਵਾ ਦਾ ਪੂਰਾ ਫ਼ਾਇਦਾ ਉਠਾਅ ਰਹੇ ਹਨ।
ਇਹ ਗੱਲ ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੋਈ ਫ਼ੀਸ ਨਹੀਂ।ਪੈਨਸ਼ਨਰਾਂ ਦੀਆਂ ਪਤਨੀਆਂ ਲਈ ਪਹਿਲਾਂ ਫ਼ੀਸ ਨਿਸ਼ਚਿਤ ਹੋਈ ਸੀ, ਪਰ ਵਾਇਸ ਚਾਂਸਲਰ ਵਲੋਂ ਇਹ ਫ਼ੀਸ ਹਟਾਉਣ ਦਾ ਐਲਾਨ ਕੀਤਾ ਗਿਆ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਸ਼ੁੱਧ ਹਵਾ ਨੂੰ ਬਰਕਰਾਰ ਰੱਖਣ ਲਈ ਕੈਂਪਸ ਵਿੱਚ ਜਿਥੇ ਨਿਰੰਤਰ ਨਵੀਆਂ ਕਿਸਮਾਂ ਦੇ ਫੁੱਲ, ਪੌਦੇ ਲਾਏ ਜਾ ਰਹੇ ਹਨ, ਉਥੇ ਕੈਂਪਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂ `ਤੇ ਜੰਗਲ ਵੀ ਬਣਾਇਆ ਜਾ ਰਿਹਾ ਹੈ।
ਸੈਰ ਲਈ ਸਮਾਂ ਨਿਸ਼ਚਿਤ ਹੋਣ ਕਰਕੇ ਕਿਸੇ ਨੂੰ ਸਮੇਂ ਦੀ ਅਵੱਗਿਆ ਨਹੀਂ ਕਰਨ ਦਿੱਤੀ ਜਾਂਦੀ।ਮੈਨੂੰ ਇਕ ਘਟਨਾ ਵੀ ਚੇਤੇ ਆ ਗਈ ਹੈ।ਯੂਨੀਵਰਸਿਟੀ ਨੇੜੇ ਰਹਿੰਦਾ ਇਕ ਵਿਧਾਇਕ ਦੇਰ ਨਾਲ ਸੈਰ ਕਰਨ ਆਉਂਦਾ ਸੀ ਅਤੇ 9.00 ਵਜੇ ਤੋਂ ਬਾਅਦ ਵੀ ਸੈਰ ਕਰਦਾ ਰਹਿੰਦਾ ਸੀ।ਤਤਕਾਲੀ ਵਾਇਸ-ਚਾਂਸਲਰ ਡਾ. ਜੈ ਰੂਪ ਸਿੰਘ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਉਸ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਆਖਿਆ ਅਤੇ ਇਹ ਵੀ ਕਿਹਾ ਕਿ ਉਹ 8.00 ਵਜੇ ਤੋਂ ਬਾਅਦ ਯੂਨੀਵਰਸਿਟੀ ਵਿੱਚ ਸੈਰ ਕਰਨ ਨਾ ਆਵੇ। ਲੇਖ 2111202304

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ।
ਮੋ – 98784-47635

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …