Monday, July 8, 2024

ਚੀਫ਼ ਖਾਲਸਾ ਦੀਵਾਨ ਵਲੋਂ ਟੀਚਰ ਟਰੇਨਿੰਗ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ) – ਸਿੱਖੀ ਅਤੇ ਸਿਖਿਆ ਨੂੰ ਸਮਰਪਿਤ ਚੀਫ਼ ਖਾਲਸਾ ਦੀਵਾਨ ਵਲੋਂ ਸਫਲਤਾਪੂਰਵਕ ਚਲਾਏ ਜਾ ਰਹੇ 47 ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਲਈ ਬਦਲਦੇ ਸਮੇਂ ਅਨੁਸਾਰ ਨਵਾਂ ਸਿੱਖਣ, ਸਿਖਾਉਣ ਅਤੇ ਚਿੰਤਨ ਕਰਨ ਹਿੱਤ ਨਵੀਆਂ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਹਨ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਇਰੈਕਟਰ ਡਾ. ਏ.ਪੀ.ਐਸ ਚਾਵਲਾ ਦੀ ਨਿਗਰਾਨੀ ਹੇਠ ਅਧਿਆਪਨ ਗੁਣਵੱਤਾ ਨੂੰ ਵਧਾਉਣ ਹਿੱਤ ਟੀਚਰ ਟਰੇਨਿੰਗ ਪ੍ਰੋਗਰਾਮ ਜੁਲਾਈ 2023 ਵਿੱਚ ਸ਼ੂਰੂ ਕੀਤਾ ਗਿਆ ਸੀ।ਜਿਸ ਦੀ ਨਿਰੰਤਰਤਾ ਵਜੋਂ ਅੱਜ ਚੀਫ਼ ਖ਼ਾਲਸਾ ਦੀਵਾਨ ਦੇ 47 ਅਦਾਰਿਆਂ ਦੇ ਅਧਿਆਪਕ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ.ਟੀ ਰੋਡ ਡਾ. ਮਜੀਠਾ ਰੋਡ ਬਾਈਪਾਸ, ਬਸੰਤ ਐਵੀਨਿਊ, ਰਣਜੀਤ ਐਵੀਨਿਊ, ਤਰਨਤਾਰਨ, ਹੁਸ਼ਿਆਰਪੁਰ, ਚੰਡੀਗੜ੍ਹ ਵਿਖੇ ਪੁੱਜੇ ਜਿਥੇ ਤਜ਼ਰਬੇਕਾਰ ਮਾਹਿਰਾਂ ਵਲੋਂ ਵੱਖ-ਵੱਖ ਵਿਸ਼ਿਆਂ ਤੇ ਐਨ.ਈ.ਪੀ 2020 ਅਤੇ ਐਨ.ਸੀ.ਐਫ-2023 ਦੇ ਮੁਤਾਬਿਕ ਨਵੀਆਂ ਤਕਨੀਕਾਂ, ਨਵੀਆਂ ਅਧਿਆਪਨ ਵਿਧੀਆਂ ਬਾਬਤ ਆਡਿਓ-ਵੀਡਿਓ ਸਾਧਨਾਂ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਸਾਇੰਸ, ਗਣਿਤ, ਟੈਕਨਾਲਿਜੀ, ਇੰਜੀਨੀਅਰਿੰਗ, ਵਿਸ਼ਿਆਂ ਦੇ ਨਾਲ-ਨਾਲ ਸਪੋਕਨ ਇੰਗਲਿਸ਼, ਕੰਪਿਊਟਰ ਕੋਡਿੰਗ, ਸਪੋਰਟਸ, ਮਿਊਜ਼ਿਕ, ਆਰਟਸ ਅਤੇ ਕਰਾਫਟ ਦੀ ਸਕਿਲ ਵਧਾਉਣ ਅਤੇ ਪਰਸਨੈਲਿਟੀ ਡਿਵੈਲਪਮੈਂਟ, ਖਾਣ-ਪੀਣ ਦੇ ਸ਼ਿਸ਼ਟਾਚਾਰ, ਰੋਬੋਟਿਕਸ ਇੰਟੈਲੀਜੈਂਸ ਦੇ ਗੁਰ ਵੀ ਸਿਖਾਏ ਗਏ।ਬੋਰਡ ਕਲਾਸਿਜ਼ ਦੇ ਸਲੈਬਸ, ਪੇਪਰ ਪੈਟਰਨ ਖਾਸਕਰ ਆਬਜੈਕਟਿਵਿਟੀ ਤਰ੍ਹਾਂ ਦੇ ਪੈਟਰਨ ਦੇ ਸਬੰਧ ਵਿੱਚ ਵਿਦਿਅਕ ਮਾਹਿਰਾਂ ਵਲੋਂ ਬਹੁਮੁੱਲੇ ਵਿਚਾਰ ਸਾਂਝੇ ਕੀਤੇ ਗਏ।
ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਅਧਿਆਪਕ ਬੱਚਿਆਂ ਦੇ ਭਵਿੱਖ ਦੇ ਸਿਰਜਨਹਾਰ ਹੋਣ ਦੇ ਨਾਲ-ਨਾਲ ਰਾਸ਼ਟਰ ਨਿਰਮਾਤਾ ਵੀ ਹੁੰਦੇ ਹਨ, ਸੋ ਅਧਿਆਪਕਾਂ ਨੂੰ ਆਧੁਨਿਕ ਤਕਨੀਕੀ ਯੁੱਗ ਵਿੱਚ ਸਮੇਂ ਦਾ ਹਾਣੀ ਬਣਾਉਣ ਅਤੇ ਉਹਨਾਂ ਦੇ ਗਿਆਨ ਨੂੰ ਅਪਗ੍ਰੇਡ ਕਰਕੇ ਸੀ.ਕੇ.ਡੀ ਸਕੂਲਾਂ ਦੇ ਵਿਦਿਅਕ ਪੱਧਰ ਨੂੰ ਉਪਰ ਚੁੱਕਣ ਹਿੱਤ ਅਜਿਹੇ ਟੀਚਰ ਟਰੇਨਿੰਗ ਪ੍ਰੋਗਰਾਮ ਉਲੀਕਣੇ ਬਹੁਤ ਜਰੂਰੀ ਹਨ ਤਾਂ ਕਿ ਸਿੱਖਿਆ ਦੀ ਸਮੁੱਚੀ ਗੁਣਵੱਤਾ ਵਿੱਚ ਲੋੜੀਂਦੇ ਸੁਧਾਰ ਲਿਆਂਦੇ ਜਾ ਸਕਣ।ਡਾਇਰੈਕਟਰ ਡਾ. ਅੰਮ੍ਰਿਤਪਾਲ ਸਿੰਘ ਚਾਵਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਟੀਚਰ ਟਰੇਨਿੰਗ ਪ੍ਰੋਗਰਾਮ ਵਿਚ ਹਰ ਅਧਿਆਪਕ ਦੀ ਸ਼ਮੂਲੀਅਤ ਲਾਜ਼ਮੀ ਰੱਖੀ ਗਈ ਹੈ।

 

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …