ਅੰਮ੍ਰਿਤਸਰ, 15 ਜਨਵਰੀ (ਦੀਪ ਦਵਿੰਦਰ ਸਿੰਘ) – ਮਾਂ ਬਾਰੇ ਖੂਬਸੂਰਤ ਸ਼ਿਅਰ ਲਿਖ ਕੇ ਦੁਨੀਆਂ ਭਰ ਵਿੱਚ ਦਾਦ ਹਾਸਲ ਕਰਨ ਵਾਲੇ ਉਰਦੂ ਜ਼ੁਬਾਨ ਦੇ ਮਕਬੂਲ
ਸ਼ਾਇਰ ਰਾਣਾ ਮੁਨੱਵਰ ਦੇ ਦੇਹਾਂਤ `ਤੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਰਨਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਦੇ ਹਵਾਲੇ ਨਾਲ ਦਫ਼ਤਰ ਸਕੱਤਰ ਤੇ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਇਹ ਦੁੱਖ ਦੀ ਗੱਲ ਹੈ ਕਿ ਉਰਦੂ ਸਾਹਿਤ ਦੇ ਮਸ਼ਹੂਰ ਸਿਤਾਰੇ ਮੁਨੱਵਰ ਰਾਣਾ ਨਹੀਂ ਰਹੇ।ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।ਰਾਣਾ ਦੀ ਮੌਤ `ਤੇ ਦੇਸ਼ ਭਰ `ਚ ਸੋਗ ਦੀ ਲਹਿਰ ਹੈ। ਮੁਨੱਵਰ ਰਾਣਾ ਨੇ ਜ਼ਿੰਦਗੀ ਅਤੇ ਮੌਤ `ਤੇ ਕਈ ਗ਼ਜ਼ਲਾਂ ਲਿਖੀਆਂ ਸਨ।ਹੁਣ ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸ਼ਕ ਉਹਨਾਂ ਨੂੰ “ਕਿਸੀ ਕੋ ਘਰ ਮਿਲਾ ਹਿੱਸੇ ਮੇਂ ਯਾ ਕੋਈ ਦੁਕਾਂ ਆਈ, ਮੈ ਘਰ ਮੇਂ ਸਭ ਸੇ ਛੋਟਾ ਥਾ ਮੇਰੇ ਹਿੱਸੇ ਮੇ ਮਾਂ ਆਈ” ਵਰਗੇ ਅਨੇਕਾਂ ਸ਼ਿਅਰਾਂ ਨਾਲ ਯਾਦ ਕਰ ਰਹੇ ਹਨ।ਉਹਨਾਂ ਉਰਦੂ ਜ਼ੁਬਾਨ ਦੇ ਨਾਲ ਨਾਲ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਵੀ ਸ਼ਾਇਰੀ ਕੀਤੀ ਅਤੇ ਉਹਨਾਂ ਦੀ ਸ਼ਾਇਰੀ ਵੱਖ ਵੱਖ ਸਮੇਂ ਪੰਜਾਬੀ ਦੀਆਂ ਅਖਬਾਰਾਂ ਅਤੇ ਰਸਾਲਿਆਂ ਦਾ ਵੀ ਸ਼ਿੰਗਾਰ ਬਣੀ।ਗੌਰਤਲਬ ਹੈ ਕਿ ਮੁਨੱਵਰ ਰਾਣਾ ਨੇ ਤਿੰਨ ਕਾਲੇ ਖੇਤੀ ਕਨੂੰਨ, ਸੀ.ਏ.ਏ ,ਐਨ.ਆਰ.ਸੀ ਅਤੇ ਅਯੁੱਧਿਆ ਮਾਮਲੇ `ਤੇ ਵੀ ਵਿਰੋਧ ਜਤਾਇਆ ਸੀ।
ਕੇਂਦਰੀ ਸਭਾ ਦੇ ਅਹੁੱਦੇਦਾਰਾਂ ਸੁਰਿੰਦਰਪ੍ਰੀਤ ਘਣੀਆਂ, ਸ਼ੈਲਿੰਦਰਜੀਤ ਰਾਜਨ, ਮਨਜੀਤ ਇੰਦਰਾ, ਭੁਪਿੰਦਰ ਕੌਰ ਪ੍ਰੀਤ, ਬਲਵਿੰਦਰ ਸੰਧੂ, ਦਲਜੀਤ ਸਿੰਘ ਸ਼ਾਹੀ, ਮੂਲ ਚੰਦ ਸ਼ਰਮਾ, ਰਜਿੰਦਰ ਰਾਜਨ, ਮੱਖਣ ਕੁਹਾੜ ਅਤੇ ਡਾ. ਕਰਮਜੀਤ ਸਿੰਘ ਨੇ ਮੁਨੱਵਰ ਰਾਣਾ ਦੇ ਦੇਹਾਂਤ `ਤੇ ਕਿਹਾ ਕਿ ਉਹਨਾਂ ਦੇ ਤੁਰ ਜਾਣ `ਤੇ ਚੇਤਨ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media