Tuesday, June 17, 2025
Breaking News

ਸੰਗਤਾਂ ਨੇ ਪੂਰੇ ਜਾਹੋ ਜਲਾਲ ਨਾਲ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ

ਸੰਗਤਾਂ ਗੁਰੂ ਕਾ ਲੰਗਰ ਬਣਾਉਦਿਆਂ ਅਤੇ ਛਕਦੀਆਂ ਅਤੇ ਰਾਗੀ ਸਿੰਘ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹੋਏ। ਤਸਵੀਰ: ਜਸਵਿੰਦਰ ਜੱਸੀ
ਸੰਗਤਾਂ ਗੁਰੂ ਕਾ ਲੰਗਰ ਬਣਾਉਦਿਆਂ ਅਤੇ ਛਕਦੀਆਂ ਅਤੇ ਰਾਗੀ ਸਿੰਘ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹੋਏ। ਤਸਵੀਰ: ਜਸਵਿੰਦਰ ਜੱਸੀ

ਬਠਿੰਡਾ, 28 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦਸਵੀਂ ਪਾਤਿਸ਼ਾਹੀ ਦੇ ਪ੍ਰਕਾਸ਼ ਉਤਸਵ ਪੂਰਨ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਹਾਜੀ ਰਤਨ ਅਤੇ ਇਤਿਹਾਸਕ ਗੁਰਦੁਆਰਾ ਕਿਲ੍ਹਾ ਮੁਬਾਰਕ ਪਾਤਸ਼ਾਹੀ ਦਸਵੀਂ ਸਾਹਿਬ ਵਿਖੇ ਮਨਾਇਆ ਗਿਆ।ਸੰਗਤਾਂ ਨੇ ਪਵਿੱਤਰ ਸਰੋਵਰ ਵਿਚ ਠੰਡ ਦੇ ਬਾਵਜੂਦ ਵੀ ਸ਼ਰਧਾ ਨਾਲ ਇਸ਼ਨਾਨ ਕੀਤੇ।ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ 26 ਦਸੰਬਰ ਨੂੰ ਪ੍ਰਕਾਸ਼ ਕਰਕੇ ਸ੍ਰੀ ਅਖੰਡ ਪਾਠ ਅਰੰਭ ਕੀਤੇ ਜਾਣ ਉਪਰੰਤ ਅੱਜ 28 ਦਸੰਬਰ ਨੂੰ ਭੋਗ ਪਾਉਣ ਉਪਰੰਤ ਵਿਸ਼ਾਲ ਧਾਰਮਿਕ ਸਮਾਗਮ ਸਜਾਏ।ਜਿਨ੍ਹਾਂ ਵਿਚ ਹਜ਼ੂਰੀ ਰਾਗੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੁਰੀ ਰਾਗੀ ਤੋਂ ਇਲਾਵਾ ਸ੍ਰੋਮਣੀ ਕਮੇਟੀ ਦੇ ਢਾਡੀ ਜੱਥਿਆਂ ਵਲੋਂ ਇਤਿਹਾਸਕ ਵਾਰਾਂ ਅਤੇ ਕਵੀਸ਼ਰੀ ਜੱਥਿਆ ਵਲੋਂ ਵੀਰ ਰੱਸ ਭਰਪੂਰ ਕਾਵਿ ਸੁਨਣਾ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਅਤੇ ਇਤਿਹਾਸਕ ਸਾਖੀਆਂ ਨਾਲ ਨਿਹਾਲ ਕੀਤਾ ਗਿਆ।ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸੰਗਤਾਂ ਨੂੰ ਸੰਬੋਧਣ ਕਰਦਿਆਂ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਵਲੋਂ ਸੰਗਤਾਂ ਨੂੰ ਵਧਾਈਆ ਦਿੰਤੀਆਂ ਗਈਆਂ ਅਤੇ ਸੁਖਦੇਵ ਸਿੰਘ ਬਾਹੀਆ ,ਬੀਬੀ ਜੋਗਿੰਦਰ ਕੌਰ ਅਤੇ ਮੈਨੇਜਰ ਸਮੇਰ ਸਿੰਘ ਵਲੋ ਆਏ ਪ੍ਰਚਾਰਕਾਂ ਨੂੰ ਗੁਰੂ ਸਾਹਿਬ ਦੀ ਬਖ਼ਸ਼ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ ਗਿਆ।ਇਸ ਤੋਂ ਇਲਾਵਾ ਸ਼ਹਿਰ ਦੇ ਹਰ ਇਕ ਗੁਰੂ ਘਰ, ਸੇਵਾ ਸੁਸਾਇਟੀਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਵੀ ਧਾਰਮਿਕ ਸਮਾਗਮ ਅਤੇ ਲੰਗਰ ਆਯੋਜਿਤ ਕੀਤੇ ਗਏ।ਭਾਈ ਘਨ੍ਹੱਈਆ ਜੀ ਸੇਵਕ ਜੱਥਾ, ਸ੍ਰੀ ਗੁਰੂ ਰਾਮ ਦਾਸ ਜੀ ਸੇਵਾ ਸੁਸਾਇਟੀ ਵਲੋਂ ਸੰਗਤਾਂ ਦੇ ਜੋੜਿਆਂ ਦੀ ਸੇਵਾ ਅਤੇ ਗੁਰੂ ਕਾ ਲੰਗਰ ਵਰਤਾਉਣ ਦੀ ਅਤੁੱਟ ਸੇਵਾ ਕੀਤੀ ਗਈ।

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਜੂਰਾ ਕਪੂਰਾ ਕਲੋਨੀ ਵਿਖੇ-
ਸਰਬੰਸਦਾਨੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਜ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੀ ਪ੍ਰਬੰਧਕ ਕਮੇਟੀ ਵੱਲੋ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੂਰੀ ਸ਼ਰਧਾ, ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਅੱਜ ਗੁਰਦੁਆਰਾ ਸਾਹਿਬ ਵਿਖੇ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗੁੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 10 ਵਜੇ ਭੋਗ ਪਾਏ ਗਏ। ਗੁਰਪੁਰਬ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ੍ਰੀ ਗੁਰੂ ਗੰਥ ਸਾਹਿਬ ਜੀ ਦੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕੀਰਤਨ ਦਾ ਆਨੰਦ ਮਾਣਿਆ।
ਸ੍ਰੀ ਅਖੰਡ ਸਾਹਿਬ ਦੇ ਭੋਗ ਸਮੇਂ ਮੁਹੱਲੇ ਦੀ ਬੀਬੀ ਪਰਮਜੀਤ ਕੌਰ ਖਾਲਸਾ, ਬੀਬੀ ਕੁਲਦੀਪ ਕੌਰ, ਬੀਬੀ ਬਲਵਿੰਦਰ ਕੌਰ, ਬੀਬੀ ਜਸਵਿੰਦਰ ਕੌਰ ਦੇ ਜਥੇ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ। ਉਪਰੰਤ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਜਗਰਾਵਾਂ ਵਾਲਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਜ ਦੇ ਕੁਰਬਾਨੀਆਂ ਭਰੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੀ ਅਦੁੱਤੀ ਸਖ਼ਸ਼ੀਅਤ ਦੀ ਮਿਸਾਲ ਦੁਨੀਆਂ ਭਰ ਦੇ ਇਤਿਹਾਸ ਵਿੱਚੋਂ ਕਿਧਰੇ ਵੀ ਨਹੀਂ ਮਿਲਦੀ ਹੈ। ਉਹਨਾਂ ਨੇ ਗੁਰਬਾਣੀ ਦੀਆਂ ਗੁੰਝਲ ਬਾਰੀਕੀਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਸਿੱਖੀ ਸਿਧਾਤਾਂ ਤੇ ਚੱਲਣ ਲਈ ਪ੍ਰੇਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਹੈ ਕਿ ਸਿੱਖ ਨੌਜਵਾਨ ਜੋ ਨਸ਼ਿਆਂ ਤੇ ਪਤਿੱਤਪੁਣੇ ਦੇ ਦਰਿਆ ਵਿੱਚ ਤਾਰੀਆਂ ਲਾ ਰਹੇ ਹਨ, ਨੂੰ ਪ੍ਰੇਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾ ਕੇ ਬਾਣੀ ਅਤੇ ਬਾਣੇ ਦਾ ਧਾਰਣੀ ਬਣਾਇਆ ਜਾਵੇ।ਸਮਾਗਮ ਦੇ ਅਖੀਰ ਵਿੱਚ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ, ਭਾਈ ਹਰਬੰਸ ਸਿੰਘ ਸਿਵੀਆਂ, ਭਾਈ ਬਲਦੇਵ ਸਿੰਘ ਜੌੜਾ, ਭਾਈ ਹਰਬੰਸ ਸਿੰਘ ਖਜਾਨਚੀ ਆਦਿ ਪ੍ਰਬੰਧਕ ਕਮੇਟੀ ਨੇ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਜਗਰਾਵਾਂ ਵਾਲਿਆਂ ਦਾ ਗੁਰੂ ਘਰ ਦੀ ਬਖ਼ਸ਼ਿਸ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ ਅਤੇ ਸਮੂਹ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਹੋਇਆਂ ਇਸ ਸਮਾਗਮ ਵਿੱਚ ਤਨ ਮਨ ਧਨ ਨਾਲ ਭਰਵਾਂ ਸਹਿਯੋਗ ਕਰਨ ਤੇ ਧੰਨਵਾਦ ਕੀਤਾ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply