ਨਵੀਂ ਦਿੱਲੀ, 14 ਫਰਵਰੀ (ਪੰਜਾਬ ਪੋਸਟ ਬਿਊਰੋ) – ਰਾਸ਼ਟਰੀ ਘੱਟਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵਲੋਂ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਨਿੱਜ਼ੀ ਡਾਇਰੀਆਂ (1901-1938 ਈ.) ਦਾ ਪੁਸਤਕ ਰੂਪ ‘ਚ ਸੰਪਾਦਿਤ ਪਹਿਲਾ ਸੰਸਕਰਣ ਸੀ.ਜੀ.ਓ ਕੰਪਲੈਕਸ ਦਿੱਲੀ ਵਿਖੇ ਰਲੀਜ਼ ਕੀਤਾ ਗਿਆ।ਮੈਸੋਪੋਟਾਮੀਆ ਪਬਲਿਸ਼ਰਜ਼ ਦਿਲੀ ਵਲੋਂ ਪ੍ਰਕਾਸ਼ਿਤ ਇਨ੍ਹਾਂ ਡਾਇਰੀਆਂ ਦੇ ਸੰਪਾਦਿਤ ਸੰਸਕਰਣ ਨੂੰ ਡਾ. ਜਗਮੇਲ ਸਿੰਘ ਭਾਠੂਆਂ ਅਤੇ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਸਾਬਕਾ ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੌਂ ਪੁਸਤਕ ਰੂਪ ‘ਚ ਤਿਆਰ ਕੀਤਾ ਗਿਆ ਹੈ।
ਸਰਦਾਰ ਲਾਲਪੁਰਾ ਨੇ ਕਿਹਾ ਕਿ ਇਨਾਂ ਵਡਮੁੱਲੀਆਂ ਡਾਇਰੀਆਂ ‘ਚ ਭਾਰਤ ਤੇ ਪੰਜਾਬ ਦਾ ਓਹ ਅਣਲਿਖਿਆ ਇਤਿਹਾਸ ਮੌਜ਼ੂਦ ਹੈ, ਜਿਸਦੇ ਖੁਦ ਭਾਈ ਕਾਨ੍ਹ ਸਿੰਘ ਨਾਭਾ ਸ਼ਾਖਸੀ ਰਹੇ ਹਨ। ਉਨ੍ਹਾਂ ਡਾ. ਜਗਮੇਲ ਸਿੰਘ ਭਾਠੂਆਂ ਤੇ ਡਾ. ਰਵਿੰਦਰ ਕੌਰ ਰਵੀ ਨੂੰ ਇਸ ਇਤਿਹਾਸਿਕ ਕਾਰਜ਼ ਲਈ ਮੁਬਾਰਕਬਾਦ ਦੇਂਦਿਆਂ ਕਿਹਾ ਕਿ ‘ਪਿਉ ਦਾਦੇ ਕਾ ਖੋਲਿ ਡਿਠਾ ਖਜਾਨਾ’ ਦੇ ਮਹਾਂਵਾਕ ਅਨੁਸਾਰ ਨਿਰਸੰਦੇਹ ਇਨ੍ਹਾਂ ਡਾਇਰੀਆਂ ਦੇ ਪ੍ਰਕਾਸ਼ਮਾਨ ਹੋਣ ਸਦਕਾ ਪੰਜਾਬੀ ਪ੍ਰੇਮੀਆਂ ਤੇ ਖੋਜਕਾਰਾਂ ਨੂੰ ਭਾਈ ਕਾਨ੍ਹ ਸਿੰਘ ਜੀ ਦੀ ਸ਼ਖ਼ਸੀਅਤ ਦਾ ਇੱਕ ਹੋਰ ਨਵਾਂ ਪਹਿਲੂ ਵੇਖਣ ਨੂੰ ਮਿਲੇਗਾ।ਇਕਬਾਲ ਸ਼ਿੰਘ ਲਾਲਪੁਰਾ ਨੇ ਕਿਹਾ ਕਿ ਡਾਇਰੀ ਲੇਖਨ ਸਾਹਿਤ ਦੀ ਇੱਕ ਪ੍ਰਮੁੱਖ ਵਿਧਾ ਹੈ, ਜਿਸ ਵਿੱਚ ਲੇਖਕ ਦੁਨੀਆਂ ਤੇ ਸਮਾਜ ਨੂੰ ਆਪਣੀ ਵਿਲੱਖਣ ਤੇ ਵਿਅਕਤੀਗਤ ਕਲਪਨਾ ਸ਼ਕਤੀ ਰਾਹੀਂ ਆਤਮ ਸ਼ਾਖਸ਼ਾਤ ਕਰਕੇ ਮਾਨਸਿਕ ਤੌਰ ‘ਤੇ ਆਨੰਦ ਜਾਂ ਖੁਸ਼ੀ ਮਹਿਸੂਸ ਕਰਦਾ ਹੈ।ਵਿਸ਼ਵ ਦੇ ਮਹਾਨ ਵਿਅਕਤੀ ਸਦੀਆਂ ਤੋਂ ਡਾਇਰੀ ਲੇਖਨ ਦਾ ਕਾਰਜ਼ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੀਆਂ ਡਾਇਰੀਆਂ ਦੇ ਪ੍ਰਕਾਸ਼ਨ ਨਾਲ ਲੇਖਕ ਦੇ ਨਿੱਜੀ ਅਨੁਭਵਾਂ ਤੋਂ ਲੋਕਾਂ ਨੂੰ ਜੀਵਨ ਵਿੱਚ ਸਹੀ ਗਲਤ ਦੀ ਪਹਿਚਾਣ ਲਈ ਬਹੁਤ ਪ੍ਰੇਰਨਾ ਮਿਲਦੀ ਹੈ।ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਅਤੇ ਦਿੱਲੀ ਦੇ ਉਘੇ ਸਿੱਖ ਆਗੂ ਵੀ ਇਸ ਸਮੇਂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਡਾਇਰੀਆਂ ਵਿੱਚੋਂ ਲਗਭਗ ਸਵਾ ਸੌ ਸਾਲ ਪਹਿਲਾਂ ਦੇ ਪੰਜਾਬ ਦੇ ਜਨਜੀਵਨ ਤੇ ਸੰਸਕ੍ਰਿਤੀ ਦੇ ਦਰਸ਼ਨ ਹੁੰਦੇ ਹਨ।ਫੁਲਕੀਆਂ ਰਿਆਸਤਾਂ ਦੇ ਰਾਜੇ-ਮਹਾਰਾਜਿਆਂ ਦੇ ਨਾਲ-ਨਾਲ ਅੰਗਰੇਜ਼ ਹੁਕਮਰਾਨਾਂ ਦੇ ਕੰਮ-ਕਾਜ਼ ਕਰਨ ਦੇ ਢੰਗ ਤਰੀਕਿਆਂ ਬਾਰੇ ਵੀ ਬੜੀ ਹੀ ਰੌਚਕ ਜਾਣਕਾਰੀ ਡਾਇਰੀਆਂ ਵਿਚੋਂ ਉਜ਼ਾਗਰ ਹੁੰਦੀ ਹੈ। ਇਨ੍ਹਾਂ ਵਿੱਚ ਨਿਰੇ ਥਾਵਾਂ-ਘਟਨਾਵਾਂ ਦਾ ਜ਼ਿਕਰ ਮਾਤਰ ਨਹੀਂ ਸਿਧਾਂਤਕ ਨਿਰਖ ਪਰਖ ਵੀ ਮੌਜ਼ੂਦ ਹੈ।
Check Also
ਖਾਲਸਾ ਕਾਲਜ ਵੁਮੈਨ ਵਿਖੇ ਅੱਖਾਂ ਦੀ ਦੇਖਭਾਲ ’ਤੇ ਲੈਕਚਰ ਕਰਵਾਇਆ ਗਿਆ
ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਫਾਰ ਵੁਮੈਨ ਵਿਖੇ ਰੋਟਰੈਕਟ ਕਲੱਬ …