Monday, March 16, 2026

ਅੰਮ੍ਰਿਤਸਰ ਵਿਚ 7 ਰੋਜ਼ਾ ‘ਰੰਗਲਾ ਪੰਜਾਬ’ ਮੇਲਾ 23 ਫਰਵਰੀ ਤੋਂ- ਡਿਪਟੀ ਕਮਿਸ਼ਨਰ

ਕਿਹਾ, ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਵੇਗਾ ਉਦਘਾਟਨੀ ਸਮਾਰੋਹ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸੈਰ ਸਪਾਟਾ, ਸਭਿਆਚਾਰਕ ਮਾਮਲੇ ਤੇ ਪੁਰਾਤਤਵ ਵਿਭਾਗ ਵਲੋਂ ਅੰਮਿਰਤਸਰ ਵਿੱਚ ਪਹਿਲੀ ਵਾਰ 7 ਦਿਨ ਚੱਲਣ ਵਾਲਾ ‘ਰੰਗਲਾ ਪੰਜਾਬ’ ਮੇਲਾ ਕਰਵਾਇਆ ਜਾ ਰਿਹਾ ਹੈ।ਇਸਦਾ ਉਦਘਾਟਨ 23 ਫਰਵਰੀ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਵੇਗਾ।ਇਸ ਸਮਾਰੋਹ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਆਪਣੀ ਕਲਾ ਨਾਲ ਸਮਾਂ ਬੰਨ੍ਹਣਗੇ।
ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਹ ਮੇਲਾ 23 ਤੋਂ 29 ਫਰਵਰੀ ਤੱਕ ਹੋਵੇਗਾ ਅਤੇ ਵੱਖ-ਵੱਖ ਮਿਤੀਆਂ ਅਨੁਸਾਰ ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਕਰਵਾਏ ਜਾਣਗੇ।ਉਨਾਂ ਦੱਸਿਆ ਕਿ ਇਸ 7 ਰੋਜ਼ਾ ਮੇਲੇ ਦੌਰਾਨ ਹੈਰੀਟੇਜ਼ ਵਾਕ, ਕਾਰਨੀਵਾਲ, ਫੂਡ ਸਟਰੇਨ, ਗਰੀਨਥਨ ਤੋਂ ਇਲਾਵਾ ਮਿਊਜ਼ਿਕ ਫੈਸਟੀਵਲ ਵੀ ਕਰਵਾਇਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਨੂੰ ਮਨਾਉਣ ਲਈ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰ ਨਿਯੁੱਕਤ ਕੀਤੇ ਜਾ ਚੁੱਕੇ ਹਨ।ਉਨਾਂ ਕਿਹਾ ਕਿ ਪੰਜਾਬ ਵਿੱਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਹਨ।ਲਗਾਤਾਰ ਦੋ ਸਾਲਾਂ ਤੋਂ ਵਿਭਾਗ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਦੀ ਹਾਜ਼ਰੀ ਲਗਾ ਰਿਹਾ ਹੈ ਅਤੇ ਇਹ ਮੇਲਾ ਸਾਡਾ ਅੰਤਰਰਾਸ਼ਟਰੀ ਪੱਧਰ ਦਾ ਮੇਲਾ ਹੋਵੇਗਾ।
ਥੋਰੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬੀ ਗਾਇਕੀ ਦੇ ਵੱਡੇ ਗਾਇਕ, ਨਾਟਕ ਕਲਾ ਦੇ ਰੰਗ ਬਿਖੇਰਦੇ ਨਾਟਕ, ਡਰਾਮੇ, ਲੋਕ ਕਲਾਵਾਂ ਦੇ ਮੇਲਾ, ਮੈਰਾਥਨ ਦੌੜ, ਪੇਂਟਿੰਗ ਦੇ ਮੁਕਾਬਲਿਆਂ ਤੋਂ ਇਲਾਵਾ ਹਰ ਉਹ ਰੰਗ ਵੇਖਣ ਨੂੰ ਮਿਲੇਗਾ, ਜਿਸ ਕਰਕੇ ਪੰਜਾਬੀ ਜਾਣੇ ਜਾਂਦੇ ਹਨ।ਉਨਾਂ ਦੱਸਿਆ ਕਿ ਇਸ ਲਈ ਅਸੀਂ ਪੰਜਾਬ ਦੇ ਸਾਰੇ ਲਜ਼ੀਜ਼ ਖਾਣਿਆਂ ਦਾ ਇਕੋ ਸਥਾਨ ‘ਤੇ ਪ੍ਰਬੰਧ ਕਰਾਂਗੇ।
ਇਸ ਮੀਟਿੰਗ ਵਿੱਚ ਵਧੀਕ ਡਾਇਰੈਕਟਰ ਟੂਰਿਜ਼ਮ ਵਿਭਾਗ ਤੋਂ ਰਾਕੇਸ਼ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਵਧੀਕ ਮੁੱਖ ਪ੍ਰਸ਼ਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਟੀ ਰਜ਼ਤ ਓਬਰਾਏ, ਸਹਾਇਕ ਕਮਿਸ਼ਨਰ ਜਨਰਲ ਮੈਡਮ ਗੁਰਸਿਮਰਨ ਕੌਰ, ਐਸ.ਡੀ.ਐਮ ਮਨਕੰਵਲ ਸਿੰਘ ਚਾਹਲ, ਵਧੀਕ ਕਮਿਸ਼ਨਰ ਨਗਰ ਨਿਗਮ ਸੁਰਿੰਦਰ ਸਿੰਘ, ਸਿਵਲ ਸਰਜਨ ਡਾ. ਵਿਜੈ ਕੁਮਾਰ, ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ ਅਰਸ਼ਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …