ਖੋਜ, ਸਿਖਿਆ, ਖੇਡਾਂ ਅਤੇ ਸਭਿਆਚਾਰ ਦੇ ਖੇਤਰ ਵਿਚ ਮਾਰੀਆਂ ਮੱਲਾਂ
ਅੰਮ੍ਰਿਤਸਰ, 29 ਦਸੰਬਰ (ਰੋਮਿਤ ਸ਼ਰਮਾ)- ਬੀਤੇ ਵਰ੍ਹੇ ਅਹਿਮ ਪ੍ਰਾਪਤੀਆਂ ਵਿਚੋਂ ਭਾਰਤ ਦੀ ਉੱਚ ਵਿਦਿਅਕ ਅਦਾਰਿਆਂ ਦਾ ਮੁਲਾਂਕਣ ਕਰਨ ਵਾਲੀ ਸੰਸਥਾ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੀਸ਼ਨ ਕੌਂਸਲ (ਨੈਕ), ਬੰਗਲੌਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਤੀਜੀ ਵਾਰ ਸਰਵ-ਉੱਚ ਗਰੇਡ (4 ਵਿਚੋਂ 3.51) ਨਾਲ ਨਿਵਾਜਿਆ ਹੈ। ਵਰਣਨਯੋਗ ਹੈ ਕਿ ਸੰਸਥਾ ਵੱਲੋਂ ਪਹਿਲਾ ਦੋ ਵਾਰ ਮੁਲਾਂਕਣ ‘ਤੇ ਯੂਨੀਵਰਸਿਟੀ ਨੂੰ ਆਹਲਾ ਦਰਜੇ ਦੀਆਂ ਖੋਜ ਸਹੂਲਤਾਂ, ਵਧੀਆ ਬੁਨਿਆਦੀ ਢਾਂਚਾ, ਮਿਆਰੀ ਸਿਖਿਆ ਅਤੇ ਪੜ੍ਹਾਈ ਦੇ ਅਨੁਕੂਲ ਸ਼ੁੱਧ ਵਾਤਾਵਰਣ ਹੋਣ ਸਦਕਾ ਸਰਵ-ਉੱਚ ਗਰੇਡ ਨਾਲ ਹੀ ਨਿਵਾਜਿਆ ਗਿਆ ਸੀ।
ਯੂਨੀਵਰਸਿਟੀ ਸਿਖਿਆ, ਖੇਡ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਮੱਲਾਂ ਮਾਰਦੇ ਹੋਏ ਨਵੀਆਂ ਪੁਲਾਘਾਂ ਨਾਲ ਸਾਲ 2015 ਵਿਚ ਦਾਖਲ ਹੋ ਰਹੀ ਹੈ।ਬੀਤੇ ਵਰ੍ਹੇ ਢਾਂਚਾਗਤ ਬੁਨਿਆਦੀ ਸਹੂਲਤਾਂ ਵਿਚ ਵੀ ਵਾਧਾ ਕੀਤਾ ਜਿਸ ਦੀ ਮਿਸਾਲ ਨਵੇਂ ਸਪੋਰਟਸ ਹੋਸਟਲ ਦੀ ਉਸਾਰੀ ਦੀ ਸ਼ੁਰੂਆਤ ਕਰਨ ਤੋਂ ਇਲਾਵਾ, ਆਰਕੀਟੈਕਚਰ ਵਿਭਾਗ, ਹੈਲਥ ਸੈਂਟਰ ਅਤੇ ਮਹਾਰਾਜਾ ਰਣਜੀਤ ਸਿੰਘ ਭਵਨ ਦੀਆਂ ਇਮਾਰਤਾਂ ਵਿਚ ਨਵੀਆਂ ਲੋੜਾਂ ਅਨੁਸਾਰ ਵਾਧਾ ਕਰਨਾ ਸ਼ਾਮਿਲ ਹੈ। ਆਧੁਨਿਕ ਸਹੂਲਤਾਂ ਨਾਲ ਲੈਸ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੀ ਉਸਾਰੀ ਲਗਪਗ ਮੁਕਮੰਲ ਹੋਣ ਦੇ ਕਿਨਾਰੇ ਹੈ।
ਅੰਤਰਰਾਸ਼ਟਰੀ ਪੱਧਰ ‘ਤੇ ਵਿਗਿਆਨ ਅਤੇ ਖੋਜ ਨਾਲ ਸਬੰਧਤ ਗਤੀਵਿਧੀਆਂ ਦੇ ਵਿਕਾਸ ਲਈ ਯੂਨੀਵਰਸਿਟੀ ਵੱਲੋਂ ਆਰ. ਡਬਲਯੂ. ਟੀ.ਐਚ. ਆਖਨ ਯੂਨੀਵਰਸਿਟੀ, ਜਰਮਨੀ ਨਾਲ ਇਕ ਸਮਝੌਤਾ ਕੀਤਾ ਗਿਆ। ਆਰ.ਡਬਲਯੂ.ਟੀ.ਐਚ. ਆਖ਼ਨ ਯੂਨੀਵਰਸਿਟੀ, ਜਰਮਨੀ ਦੇ ਡਾਇਰੈਕਟਰ, ਪ੍ਰੋਫੈਸਰ (ਡਾ.) ਐਚ.ਸੀ. ਬਰਨਹਾਰਡ ਬਲੂਮਿਚ ਵੱਲੋਂ ਇਸ ਸਮਝੌਤੇ ‘ਤੇ ਦਸਤਖਤ ਕੀਤੇ। ਦੋਵਾਂ ਯੂਨੀਵਰਸਿਟੀਆਂ ਵਿਚਕਾਰ ਹੋਏ ਇਸ ਸਮਝੌਤੇ ਅਨੁਸਾਰ ਵਿਗਿਆਨ ਅਤੇ ਖੋਜ ਨਾਲ ਸਬੰਧਤ ਗਤੀਵਿਧੀਆਂ ਦੇ ਵਿਕਾਸ ਲਈ ਦੋਵੇਂ ਯੂਨੀਵਰਸਿਟੀਆਂ ਸਾਂਝੇ ਤੌਰ ਤੇ ਯਤਨ ਕਰਨਗੀਆਂ।
ਯੂਨੀਵਰਸਿਟੀ ਦੇ ਅਧਿਆਪਕਾਂ ਨੇ ਡੀ.ਬੀ.ਟੀ., ਸੀ.ਐਸ.ਆਈ.ਆਰ., ਬੀ.ਏ.ਆਰ.ਸੀ., ਯੂ.ਜੀ.ਸੀ. ਅਤੇ ਡੀ.ਐਸ.ਟੀ. ਵਰਗੀਆਂ ਸੰਸਥਾਵਾਂ ਤੋਂ ਕਰੋੜਾਂ ਰੁਪਏ ਦੇ ਖੋਜ ਪ੍ਰੋਜੈਕਟ ਹਾਸਲ ਕੀਤੇ। ਇਸ ਵਰ੍ਹੇ ਯੂੁਨੀਵਰਸਿਟੀ ਨੇ ਸਾਇੰਸ ਸਬੰਧੀ ਕਰੋੜਾਂ ਰੁਪਏ ਦੇ ਉਪਕਰਨ ਵੱਖ-ਵੱਖ ਸਕੀਮਾਂ ਹੇਠ ਖਰੀਦੇ ਹਨ। ਯੂਨੀਵਰਸਿਟੀ ਦੇ ਵਿਦਿਆਰਥੀ ਦੇਸ਼ ਦੀਆਂ ਮਲਟੀਨੈਸ਼ਨਲ ਕੰਪਨੀਆਂ ਵਿਚ ਵੱਡੇ ਪੱਧਰ ‘ਤੇ ਨੌਕਰੀਆਂ ਹਾਸਲ ਕਰ ਰਹੇ ਹਨ। ਇਸ ਸਾਲ ਕੈਂਪਸ ਪਲੇਸਮੈਂਟ ਰਾਹੀਂ ਇੰਜੀਨੀਅਰਿੰਗ ਦੇ ਬਹੁਤ ਸਾਰੇ ਵਿਦਿਆਰਥੀਆਂ ਦੀ ਵੱਖ-ਵੱਖ ਕੰਪਨੀਆਂ ਵਿਚ ਪਲੇਸਮੈਂਟ ਕਰਵਾਈ ਗਈ।
ਸਾਲ 2014 ਵਿਚ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਤ ਕਾਲਜਾਂ ਅਤੇ ਕੈਂਪਸਾਂ ਵਿਚ ਵਿਦਿਆਰਥੀਆਂ ਦੀਆਂ ਸੰਖਿਆ ਵਿਚ ਰਿਕਾਰਡ ਪੱਧਰ ਤੇ ਲਗਭਗ 24 ਹਜ਼ਾਰ ਦਾ ਵਾਧਾ ਹੋਇਆ। ਇਨ੍ਹਾਂ ਵਿਦਿਆਰਥੀਆਂ ਨੂੰ ਮਾਹਿਰ ਅਧਿਆਪਕ ਸਿਖਿਆ ਮੁਹਈਆ ਕਰਵਾ ਰਹੇ ਹਨ। ਇਸ ਵਰ੍ਹੇ ਸੁਲਤਾਨਪੁਰ ਲੋਧੀ ਵਿਖੇ ਯੂਨੀਵਰਸਿਟੀ ਵੱਲੋਂ ਸਥਾਪਿਤ ਰਿਜ਼ਨਲ ਕੈਂਪਸ ਦੀ ਇਮਾਰਤ ਵਿਚ ਵਿਧੀਵਤ ਕਲਾਸਾਂ ਦੀ ਸ਼ੁਰੂਆਤ ਹੋ ਗਈ ਹੈ।
ਖੇਡਾਂ ਦੇ ਖੇਤਰ ਵਿਚ ਬੀਤੇ ਵਰ੍ਹੇ ਸਰਵਉੱਚ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ ਨਾਲ ਸਬੰਧਤ ਦੂਜਾ ਸਥਾਨ ਹਾਸਲ ਕੀਤਾ। ਏਸੇ ਵਰ੍ਹੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਯੂਨੀਵਰਸਿਟੀ ਕੈਂਪਸ ਦੇ ਵੈਲੋਡਰੋਮ ਸਟੇਡੀਅਮ ਵਿਖੇ ਆਯੋਜਿਤ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਇਕਲਿੰਗ (ਇਸਤਰੀ ਅਤੇ ਪੁਰਸ਼ ਦੋਵੇਂ ਵਰਗਾਂ ਦੀ) ਚੈਂਪੀਅਨਸ਼ਿਪ ਜਿੱਤੀ ਹੈ। ਅੰਤਰਾਸ਼ਟਰੀ ਐਥਲੀਟ, ਮਿਸ ਖੁਸ਼ਬੀਰ ਕੌਰ ਤੋਂ ਇਲਾਵਾ ਹੋਰਨਾਂ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਵੀ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਕੀਤੀਆਂ ਪ੍ਰਾਪਤੀਆਂ ਸਦਕਾ ਨਗਦ ਇਨਾਮ ਨਾਲ ਸਨਾਮਨਿਤ ਕੀਤਾ ਗਿਆ।
ਯੂਨੀਵਰਸਿਟੀ ਨੇ 14ਵੀਂ ਵਾਰ ਨਾਰਥ ਜੋਨ ਇੰਟਰ ਯੂਨੀਵਰਸਿਟੀ ਕਲਚਰਲ ਚੈਂਪੀਅਨਸ਼ਿਪ ਜਿੱਤੀ ਜਿਸ ਵਿਚ ਪਿਛਲੇ ਛੇ ਸਾਲਾ ਤੋਂ ਲਗਾਤਾਰ ਇਹ ਚੈਂਪੀਅਨਸ਼ਿਪ ਟਰਾਫੀ ਯੂਨੀਵਰਸਿਟੀ ਦੀ ਝੋਲੀ ਵਿਚ ਪੈ ਰਹੀ ਹੈ। ਬੀਤੇ ਵਰ੍ਹੇ ਆਲ ਇੰਡੀਆ ਇੰਟਰ-ਵਰਸਿਟੀ ਯੁਵਕ ਮੁਕਾਬਲਿਆ ਵਿਚ ਨੌਂਵੀ ਵਾਰੀ ਵੀ ਚੈਂਪੀਅਨਸ਼ਿਪ ਟਰਾਫੀ ‘ਤੇ ਕਾਬਜ ਰਹੀ।ਅਕਾਦਮਿਕ ਸਟਾਫ ਕਾਲਜ ਵੱਲੋਂ ਇਸ ਸਾਲ 15 ਜਨਰਲ ਓਰੀਐਂਟੇਸ਼ਨ ਕੋਰਸ, ਰਿਫਰੈਸ਼ਰ ਕੋਰਸ ਅਤੇ ਸਾਰਟ ਟਰਮ ਕੋਰਸ ਜੋ ਕਿ ਵੱਖ-ਵੱਖ ਵਿਸ਼ਿਆਂ ਤੇ ਤੇ ਆਧਾਰਿਤ ਸਨ ਕਰਵਾਏ ਗਏ।
40ਵੀਂ ਕਨਵੋਕੇਸ਼ਨ ਮੌਕੇ ਪੰਜਾਬ ਦੇ ਗਵਰਨਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ੍ਰੀ ਸ਼ਿਵਰਾਜ ਵਿਸ਼ਵਨਾਥ ਪਾਟਿਲ ਨੇ ਪ੍ਰਧਾਨਗੀ ਕੀਤੀ ਅਤੇ ਯੂ.ਜੀ.ਸੀ. ਦੇ ਚੇਅਰਮੈਨ, ਪ੍ਰੋ. ਵੇਦ ਪ੍ਰਕਾਸ਼ ਨੂੰ ਡਾਕਟਰ ਆਫ ਸਾਇੰਸ (ਆਨਰਜ਼ ਕਾਜ਼ਾ) ਦੀ ਡਿਗਰੀ, ਉਘੇ ਸਮਾਜ ਸੇਵੀ ਅਤੇ ਮਹਾਤਮਾ ਗਾਂਧੀ ਦੇ ਪੋਤਰੇ, ਪ੍ਰੋਫੈਸਰ ਰਾਜਮੋਹਨ ਗਾਂਧੀ ਤੇ ਪੰਜਾਬੀ ਨਾਟਕ ਅਤੇ ਥੀਏਟਰ ਦੀ ਉੱਘੀ ਸ਼ਖਸੀਅਤ, ਸ੍ਰੀ ਅਜਮੇਰ ਔਲਖ ਨੂੰ ਡਾਕਟਰ ਆਫ ਲਿਟਰੇਚਰ (ਆਨਰਜ਼ ਕਾਜ਼ਾ) ਦੀਆਂ ਡਿਗਰੀਆਂ ਨਾਲ ਸਨਮਾਨਿਤ ਕੀਤਾ।
ਯੂਨੀਵਰਸਿਟੀ ਦਾ 45ਵਾਂ ਸਥਾਪਨਾ ਦਿਵਸ ਇਸ ਸਾਲ ਵੀ ਹਰ ਵਾਰ ਵਾਂਗ ਧੁੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ‘ਤੇ ਪ੍ਰੋਫੈਸਰ ਐਸ.ਪੀ. ਗੌਤਮ, ਸਾਬਕਾ ਉਪ-ਕੁਲਪਤੀ, ਐਮ.ਜੇ.ਪੀ. ਰੋਹੇਲਖੰਡ ਯੂਨੀਵਰਸਿਟੀ, ਬਰੇਲੀ ਤੇ ਪ੍ਰੋਫੈਸਰ, ਸੈਂਟਰ ਫਾਰ ਫਿਲਾਸਫੀ, ਸਕੂਲ ਆਫ ਸੋਸ਼ਲ ਸਾਇੰਸਜ਼, ਜਵਾਹਰਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਅਤੇ ਸ੍ਰੀ ਐਸ.ਬੀ. ਸਿੰਘ, ਆਈ.ਜੀ. (ਹੈਡਕੁਆਟਰਜ਼) ਸੈਂਟਰਲ ਇੰਡਸਟ੍ਰੀਅਲ ਸਕਿਓਰਟੀ ਫੋਰਸ ਨੇ ਆਪਣੇ ਅਕਾਦਮਿਕ ਭਾਸ਼ਣ ਦਿੱਤੇ।