ਅੰਮ੍ਰਿਤਸਰ, 17 ਫਰਵਰੀ (ਜਗਦੀਪ ਸਿੰਘ) – ਰਾਹੀ ਪ੍ਰੋਜੈਕਟ ਤਹਿਤ ਈ-ਆਟੋ ਡਰਾਈਵਰਾਂ ਲਈ ਈ.ਵੀ ਚਾਰਜ਼ਿੰਗ ਸਟੇਸ਼ਨਾਂ ਲਈ ਬੁਨਿਆਦੀ ਢਾਂਚਾ ਤਿਆਰ ਹੈ ਅਤੇ ਇਹ ਸਟੇਸ਼ਨ ਅਗਲੇ ਹਫ਼ਤੇ ਤੱਕ ਚਾਲੂ ਹੋ ਜਾਣਗੇ।ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਰੀ ਮੀਡੀਆ ਰਲੀਜ਼ ਵਿੱਚ ਦੱਸਿਆ ਹੇ ਕਿ ਮੈਸਰਜ਼ ਅਦਾਨੀ ਟੋਟਲ ਐਨਰਜੀਜ਼ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ 19 ਈ.ਵੀ ਚਾਰਜ਼ਿੰਗ ਸਟੇਸ਼ਨ ਸਥਾਪਿਤ ਕਰਨ ਲਈ ਵਰਕ ਆਰਡਰ ਦਿੱਤਾ ਗਿਆ ਸੀ।ਇਸ ਲਈ ਨਗਰ ਨਿਗਮ ਅੰਮ੍ਰਿਤਸਰ ਨੇ ਕੰਪਨੀ ਨੂੰ ਆਪਣੀ ਜ਼ਮੀਨ ਲੀਜ਼ `ਤੇ ਦਿੱਤੀ ਸੀ ਅਤੇ ਕੰਪਨੀ ਮਾਲੀਆ ਵੰਡ ਦੇ ਆਧਾਰ `ਤੇ ਈ.ਵੀ ਚਾਰਜ਼ਿੰਗ ਸਟੇਸ਼ਨ ਸਥਾਪਿਤ ਕਰਨ ਜਾ ਰਹੀ ਹੈ।ਉਨਾਂ ਕਿਹਾ ਕਿ ਇਹ ਨਾ ਸਿਰਫ਼ ਈ ਆਟੋ ਡਰਾਈਵਰਾਂ, ਸਗੋਂ ਚਾਰ ਪਹੀਆ ਵਾਹਨ/ ਦੋ ਪਹੀਆ ਵਾਹਨ ਸਵਾਰਾਂ ਲਈ ਵੀ ਫਾਇਦੇਮੰਦ ਹੋਵੇਗਾ।ਸਰਕਾਰ ਵਾਤਾਵਰਣ ਦੀ ਸੁਰੱਖਿਆ ਅਤੇ ਸ਼ਹਿਰਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਰਾਹੀ ਪ੍ਰੋਜੈਕਟ ਅਧੀਨ ਆਪਣੇ ਡੀਜ਼ਲ ਆਟੋ ਨੂੰ ਈ-ਆਟੋ ਨਾਲ ਤਬਦੀਲ ਕਰਨ, ਕਿਉਂਕਿ 1.40 ਲੱਖ ਰੁਪਏ ਦੀ ਨਕਦ ਸਬਸਿਡੀ ਸਿਰਫ 31 ਮਾਰਚ 2024 ਤੱਕ ਹੈ।ਉਨ੍ਹਾਂ ਕਿਹਾ ਕਿ ਇਹ ਇੱਕੋ ਇੱਕ ਸਕੀਮ ਹੈ, ਜਿਸ ਵਿੱਚ ਸਰਕਾਰ ਡੀਜ਼਼ਲ ਆਟੋ ਨੂੰ ਈ ਆਟੋ ਨਾਲ ਬਦਲਣ `ਤੇ ਨਕਦ ਸਬਸਿਡੀ ਦੇ ਰਹੀ ਹੈ ਅਤੇ ਇਹ ਈ ਆਟੋ ਭਵਿੱਖ ਦਾ ਵਾਹਨ ਹੈ, ਜੋ ਹਰੇਕ ਆਟੋ ਚਾਲਕ ਨੂੰ ਖਰੀਦਣਾ ਹੋਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …