Saturday, July 27, 2024

ਖ਼ਾਲਸਾ ਕਾਲਜ ਵਿਖੇ 5 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ’ ਦਾ ਸ਼ਾਨਦਾਰ ਅਗਾਜ਼

ਪੁਸਤਕਾਂ ਮੱਥੇ ਦੀਆਂ ਲਕੀਰਾਂ ਬਦਲਦੀਆਂ – ਪਦਮਸ੍ਰੀ ਹੰਸ ਰਾਜ ਹੰਸ
ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੇਸਬਰੀ ਨਾਲ ਸਾਹਿਤ ਅਤੇ ਪੁਸਤਕ ਪ੍ਰੇਮੀਆਂ ਦੁਆਰਾ ਚਿਰਾਂ ਤੋਂ ਉਡੀਕੇ ਜਾਂਦੇ ‘ਅੰਮਿ੍ਰਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ ਅੱਜ ਸੂਫ਼ੀ ਗਾਇਕੀ ਰਾਹੀਂ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਪਦਮਸ੍ਰੀ ਅਤੇ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਵੱਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਮਿਲ ਕੇ ਸ਼ਾਨਦਾਰ ਅਗਾਜ਼ ਕੀਤਾ ਗਿਆ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸੁੱਖੀ ਬਾਠ ਸੰਸਥਾਪਕ ਪੰਜਾਬੀ ਭਵਨ ਸਰੀ, ਸਰਜਿੰਦਰ ਸਿੰਘ ਢਾਹਾਂ ਅਤੇ ਅਜਾਇਬ ਸਿੰਘ ਚੱਠਾ ਚੇਅਰਪਰਸਨ ਜਗਤ ਪੰਜਾਬੀ ਸਭਾ ਕੈਨੇਡਾ ਪਹੁੰਚੇ।
ਹੰਸ ਰਾਜ ਹੰਸ ਨੇ ਕਿਹਾ ਕਿ ਪੁਸਤਕਾਂ ਨਾਲ ਜੁੜਨਾ ਇਨਸਾਨ ਦੀ ਖੁਸ਼ਨਸੀਬੀ ਹੁੰਦੀ ਹੈ, ਕਿਉਂਕਿ ਕਿਤਾਬਾਂ ਮੱਥੇ ਦੀਆਂ ਲਕੀਰਾਂ ਬਦਲਦੀਆਂ ਹਨ।ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ’ਤੇ ਬਣੇ ਖ਼ਾਲਸਾ ਕਾਲਜ ਦੀ ਮੁਕੱਦਸ ਧਰਤੀ ’ਤੇ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ।ਉਹਨਾਂ ਕਿਹਾ ਕਿ ਵੈਸੇ ਤਾਂ ਸਾਰਾ ਜੀਵਨ ਹੀ ਮੇਲਾ ਹੈ, ਪਰ ਪੁਸਤਕਾਂ ਦੇ ਮੇਲੇ ਬਹੁਤ ਮਹੱਤਵਪੂਰਨ ਹੁੰਦੇ ਹਨ, ਪੁਸਤਕਾਂ ਫੁੱਲਾਂ ਵਰਗੀਆਂ ਹੁੰਦੀਆਂ ਹਨ, ਜੋ ਜੀਵਨ ’ਚ ਖੁਸ਼ੀਆਂ ਵੰਡਦੀਆਂ ਹਨ।ਉਨ੍ਹਾਂ ਫੋਕ ਅਤੇ ਕਲਾਸਿਕ ਮਿਊਜਿਕ ਸੁਣਨ ਦੇ ਨਾਲ-ਨਾਲ ਪੁਸਤਕਾਂ ਪੜ੍ਹਨ ਦੇ ਸ਼ੌਕ ਨੂੰ ਉਜਾਗਰ ਕੀਤਾ।ਉਨ੍ਹਾਂ ਮੁਹੰਮਦ ਬੂਟਾ ਦੀ ਸ਼ਾਇਰੀ ਅਤੇ ਨਾਮਵਰ ਆਪਣੇ ਗੀਤਾਂ ਨੂੰ ਗਾ ਕੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ।
ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਲਗਾਏ ਜਾਣ ਵਾਲੇ 5 ਰੋਜ਼ਾ ਪੁਸਤਕ ਮੇਲੇ ਦੀ ਪ੍ਰਧਾਨਗੀ ਛੀਨਾ ਨੇ ਕੀਤੀ। ਉਨਾਂ ਹੰਸ ਰਾਜ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੇ 2-3 ਸਾਲਾਂ ਤੋਂ ਕਿਤਾਬਾਂ ਨਾਲ ਪ੍ਰੇਮ ਕਰਨ ਵਾਲਿਆਂ ਦੀ ਤਦਾਦ ’ਚ ਵਾਧਾ ਹੋਇਆ ਹੈ, ਜੋ ਕਿ ਬਹੁਤ ਹੀ ਸਲਾਹੁਣਯੋਗ ਗੱਲ ਹੈ, ਕਿਉਂਕਿ ਕਿਤਾਬ ਦਾ ਪੜ੍ਹਿਆ ਸਾਰਾ ਜੀਵਨ ਯਾਦ ਰਹਿੰਦਾ ਹੈ, ਕੰਪਿਊਟਰ ਦਾ ਪੜ੍ਹਿਆ ਨਹੀਂ।
ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਿਹਾ ਕਿ ਕਾਲਜ ਹਰ ਸਮੇਂ ਪੰਜਾਬ ’ਚ ਨਵੀਂ ਚੇਤਨਾ ਪੈਦਾ ਕਰਨ ਦੀ ਪਹਿਲ-ਕਦਮੀ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚੋਂ ਪਾਠਕ/ਦਰਸ਼ਕ ਇਸ ਮੇਲੇ ਨੂੰ ਵੇਖਣ ਲਈ ਪਹੁੰਚ ਰਹੇ ਹਨ।ਇਹ ਮੇਲਾ ਲਗਾਉਣ ਦੇ ਸਾਡੇ ਤਿੰਨ ਮਕਸਦ ਹੁੰਦੇ ਹਨ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੋੜਨਾ, ਪੰਜਾਬ ਦੇ ਭਖਵੇਂ ਮਸਲਿਆਂ ਤੇ ਬਹਿਸ ਕਰਵਾਉਣੀ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ ਕਰਨਾ।
ਸੁੱਖੀ ਬਾਠ ਨੇ ਕਿਹਾ ਕਿ ਅਸੀਂ ਭਾਵੇਂ ਰਹਿੰਦੇ ਵਿਦੇਸ਼ ਵਿਚ ਹਾਂ ਪਰ ਸਾਡਾ ਦਿਲ ਹਮੇਸ਼ਾਂ ਪੰਜਾਬ ’ਚ ਹੀ ਰਹਿੰਦਾ ਹੈ।ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਮੇਰਾ ਪਰਿਵਾਰ ਅਤੇ ਸਾਡੀ ਟੀਮ ਦਾ ਉਦੇਸ਼ ਸਾਹਿਤ, ਸਿਹਤ ਅਤੇ ਵਿਦਿਆ ਦਾ ਪ੍ਰਸਾਰ ਕਰਨਾ ਹੈ।ਸੈਸ਼ਨ ਵਿੱਚ ਕਾਲਜ ਦਾ ਖੋਜ਼ ਰਸਾਲਾ ਸੰਵਾਦ ਕਾਲਜ ਦੇ ਵਿਦਿਆਥਰਥੀਆਂ ਦਾ ਰਸਾਲਾ ਦਰਬਾਰ ਅਤੇ ਸਾਕਾ ਨਨਕਾਣਾ ਸਾਹਿਬ ਦੇ ਸਾਕੇ ਨੂੰ ਸਮਰਪਿਤ ਗੁਰਮੁੱਖ ਸਿੰਘ ਗੁਰਮੁੱਖ ਦੀ ਪੁਸਤਕ ਸ਼ਹੀਦਾਨ-ਏ-ਨਨਕਾਣਾ ਅਤੇ ਇਸ ਪੁਸਤਕ ਦਾ ਡਾ. ਹਰਦੇਵ ਸਿੰਘ ਇੰਚਾਰਜ਼ ਸਿੱਖ ਖੋਜ਼ ਕੇਂਦਰ ਖ਼ਾਲਸਾ ਕਾਲਜ ਵਲੋਂ ਪੰਜਾਬੀ ਅਨੁਵਾਦ ‘ਨਨਕਾਣਾ ਸਾਹਿਬ ਦੇ ਸ਼ਹੀਦ’ ਪੁਸਤਕਾਂ ਰਲੀਜ਼ ਕੀਤੀਆਂ ਗਈਆਂ।
ਦੂਸਰੇ ਸੈਸ਼ਨ ’ਚ ਨਾਰੀ ਕਵੀ ਦਰਬਾਰ ਕਰਵਾਇਆ ਗਿਆ।ਜਿਸ ਦੇ ਮੁੱਖ ਮਹਿਮਾਨ ਬਰਜ ਢਾਹਾਂ, ਸੰਸਥਾਪਕ ਢਾਹਾਂ ਅਵਾਰਡ ਕੈਨੇਡਾ ਸਨ, ਜਦਕਿ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸੁਖਵਿੰਦਰ ਅੰਮ੍ਰਿਤ ਨੇ ਕੀਤੀ।ਪੰਜਾਬ ਦੀਆਂ ਨਾਰੀ ਕਵਿੱਤਰੀਆਂ ਜਿੰਨ੍ਹਾਂ ’ਚ ਭੁਪਿੰਦਰ ਕੌਰ ਪ੍ਰੀਤ, ਨੀਤੂ ਅਰੋੜਾ, ਬਿਪਨਪ੍ਰੀਤ ਸਿਮਰਿਤ ਗਗਨ, ਸਿਮਰਨ ਅਕਸ, ਸੁਰਿੰਦਰ ਨੀਰ, ਸਿਮਰਨ, ਜਸਪ੍ਰੀਤ ਆਦਿ ਨੇ ਆਪਣਾ ਕਲਾਮ ਪੇਸ਼ ਕੀਤਾ।ਉਪਰੰਤ ਸੱਭਿਆਚਾਰਕ ਪ੍ਰੋਗਰਾਮ ਅਧੀਨ ਬਨੀ ਜੌਹਲ ਨੇ ਆਪਣੀ ਕਲਾ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ।ਇਕ ਘੰਟੇ ਲਈ ਕਾਲਜ ਦੇ ਵਿਦਿਆਰਥਆਂ ਨੇ ਫੈਰੇ ਫਲਿਊਡ ਪ੍ਰੋਗਰਾਮ ਅਧੀਨ ਪੰਜਾਬ ਦੀਆਂ ਕਾਵਿ ਗਾਥਾਵਾਂ ਦੀ ਜੁਗਲਬੰਦੀ ਪੇਸ਼ ਕੀਤੀ।ਮੇਲੇ ਦੇ ਪਹਿਲੇ ਦਿਨ ਦੀ ਸਮਾਪਤੀ ਪੰਜਾਬੀ ਲੋਕ ਨਾਚ ਗਿੱਧਾ ਦੀਆਂ ਬੋਲੀਆਂ ਨਾਲ ਹੋਇਆ ਜਿਸ ਨੇ ਕਾਲਜ ਦੀ ਫਿਜ਼ਾ ’ਚ ਸੰਗੀਤ ਦੀਆਂ ਸੁਰਾਂ ਘੋਲ ਦਿੱਤੀਆਂ। ਇਸ ਮੌਕੇ ਵਿਭਾਗ ਮੁੱਖੀ ਡਾ. ਆਤਮ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …