Sunday, May 25, 2025
Breaking News

ਲਾਈਨ ਟਰੱਸਟ ਅਤੇ ਵਰਲਡ ਪੰਜਾਬੀ ਕਾਨਫਰੰਸ ਕਨੇਡਾ ਵਲੋਂ ਮਾਤ ਭਾਸ਼ਾ ਦਿਵਸ ਸਬੰਧੀ ਸਮਾਗਮ

ਸੰਗਰੂਰ, 21 ਜਨਵਰੀ (ਜਗਸੀਰ ਲੌਂਗੋਵਾਲ) – ਲਾਈਨ ਟਰੱਸਟ ਅਤੇ ਵਰਲਡ ਪੰਜਾਬੀ ਕਾਨਫਰੰਸ ਕਨੇਡਾ ਵਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਸੰਬੰਧ ਵਿੱਚ ਘਰਾਚੋਂ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦੇ ਤੌਰ ‘ਤੇ ਅਜੈਬ ਸਿੰਘ ਚੱਠਾ ਕਨੇਡਾ ਤੋਂ ਵਿਸ਼ੇਸ਼ ਰੂਪ ‘ਚ ਹਾਜ਼ਰ ਹੋਏ।ਆਪਣੇ ਭਾਸ਼ਣ ‘ਚ ਬੋਲਦੇ ਹੋਏ ਉਹਨਾਂ ਕਿਹਾ ਕਿ ਸਾਡੀ ਮਾਤ ਭਾਸ਼ਾ ਹੀ ਸਾਨੂੰ ਸਹੀ ਪਹਿਚਾਣ ਦਿਵਾਉਂਦੀ ਹੈ।ਉਹਨਾਂ ਦੱਸਿਆ ਕਿ ਨਵ-ਕਿਰਨ ਪੰਜਾਬੀ ਸਾਹਿਤ ਸਭਾ ਵਲੋਂ ਪੰਜਾਬੀ ਮਾਤ ਭਾਸ਼ਾ ਦੀ ਸੇਵਾ ਲਈ ਵੱਡੇ ਯਤਨ ਕੀਤੇ ਜਾ ਰਹੇ ਹਨ।ਨਵ- ਕਿਰਨ ਪੰਜਾਬੀ ਸਾਹਿਤ ਸਭਾ ਦੇ ਕੌਮੀ ਪ੍ਰਧਾਨ ਹਰਵੀਰ ਢੀਡਸਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅਸੀਂ ਭਾਵੇਂ ਸੱਤ ਸਮੁੰਦਰੋਂ ਪਾਰ ਵਸਦੇ ਹੋਈਏ।ਪਰੰਤੂ ਸਾਡੇ ਦਿਲਾਂ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਹੀ ਰਹਿੰਦੀ ਹੈ।ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਅਵਿਨਾਸ਼ ਰਾਣਾ ਨੇ ਆਪਣੇ ਉਦਘਾਟਨੀ ਭਾਸ਼ਣ ‘ਚ ਕਿਹਾ ਕਿ ਅੱਜ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅਜੈਬ ਸਿੰਘ ਚੱਠਾ ਵਿਸ਼ੇਸ਼ ਰੂਪ ਵਿੱਚ ਇਥੇ ਪਧਾਰੇ ਹਨ।ਉਹਨਾਂ ਦੱਸਿਆ ਕਿ ਅਜੈਬ ਸਿੰਘ ਚੱਠਾ ਅਤੇ ਉਹਨਾਂ ਦੀ ਪੂਰੀ ਟੀਮ ਵਲੋਂ ਇਕੱਲੇ ਕਨੇਡਾ ਹੀ ਨਹੀਂ, ਬਲਕਿ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ ਲਈ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਵਿਸ਼ੇਸ਼ ਬੁਲਾਰੇ ਦੇ ਤੌਰ ‘ਤੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਸੰਦੀਪ ਨਾਗਰ (ਪ੍ਰਿੰਸੀਪਲ ਡਾਇਟ ਨਾਭਾ) ਨੇ ਆਖਿਆ ਕਿ ਅੱਜ ਦੀ ਨਵੀਂ ਪੀੜੀ ਨੂੰ ਪੰਜਾਬੀ ਦਾ ਸੰਪੂਰਨ ਗਿਆਨ ਦੇਣਾ ਸਮੇਂ ਦੀ ਲੋੜ ਹੈ।ਪ੍ਰੋ. ਅਰਵਿੰਦਰ ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਬੋਲਦੇ ਹੋਏ ਆਖਿਆ ਕਿ ਸਾਨੂੰ ਸਾਡੀ ਮਾਤ ਭਾਸ਼ਾ ਪੰਜਾਬੀ ‘ਤੇ ਮਾਣ ਹੈ ਅਤੇ ਰਹੇਗਾ।ਉਹਨਾਂ ਦੱਸਿਆ ਕਿ ਦਿੱਲੀ ਵਿਖੇ ਮਾਤ ਭਾਸ਼ਾ ਦਿਵਸ ‘ਤੇ ਹੋਣ ਵਾਲੇ ਸਮਾਗਮ ਵਿੱਚ ਪੰਜਾਬ ਤੋਂ ਬਹੁਤ ਸਾਰੇ ਬੁੱਧੀਜੀਵੀ ਅਤੇ ਲੇਖਕ ਪਹੁੰਚ ਰਹੇ ਹਨ।
ਇਸ ਮੌਕੇ ਰੇਨੂ ਰਾਣਾ (ਕੋ ਕਨਵੀਨਰ ਹਿਊਮਨ ਰਾਈਟਸ ਸੈਲ) ਸ਼ਿਵਦੀਪ ਸਿੰਘ, ਮਨਜੀਤ ਸਿੰਘ, ਪ੍ਰੋ. ਰਾਜਵੀਰ ਕੌਰ (ਸਰਕਾਰੀ ਕਾਲਜ ਸੁਨਾਮ) ਕਰਨੈਲ ਸਿੰਘ ਲਖਬੀਰ ਕੌਰ, ਡਾਕਟਰ ਲਖਬੀਰ ਲੈਜੀਆ (ਸੈਂਟਰਲ ਯੂਨੀਵਰਸਿਟੀ ਬਠਿੰਡਾ) ਤੇ ਦਲਵੀਰ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਬੁੱਧੀਜੀਵੀ ਅਤੇ ਲੇਖਕਾਂ ਨੇ ਸ਼ਿਰਕਤ ਕੀਤੀ।

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …