ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਪੰਜਾਬ ਟਰੇਡਰਜ਼ ਕਮਿਸ਼ਨ ਦੇ ਸੰਵਿਧਾਨਿਕ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰਾ ਜਸਕਰਨ ਬੰਦੇਸ਼ਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ `ਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਪੰਜਾਬ ਸਰਕਾਰ ਦਾ ਬਜਟ ਪੇਸ਼ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਜ਼ਟ ਪੰਜਾਬ ਦੇ ਇਤਿਹਾਸ `ਚ ਪਹਿਲੀ ਵਾਰ 2 ਲੱਖ ਕਰੋੜ ਤੋਂ ਵੱਧ ਰਾਸ਼ੀ ਦੀ ਹੱਦ ਪਾਰ ਕਰਕੇ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਇਆ ਹੈ। ਪੰਜਾਬ ਦੇ ਸਿਹਤ, ਸਿੱਖਿਆ, ਖੇਤੀ ਲਈ ਕ੍ਰਾਂਤੀਕਾਰੀ ਹੋਣ ਸਮੇਤ ਪੰਜਾਬ ਦੇ ਵਪਾਰ ਨੂੰ ਪ੍ਰਫੁਲਿਤ ਕਰਨ ਲਈ ਉਦਯੋਗਾਂ ਤੇ ਵਪਾਰ ਨੂੰ ਸਹੂਲਤਾਂ ਦੇਣ ਵਾਲਾ ਰਚਨਾਤਮਕ ਉਸਾਰੂ ਬਜ਼ਟ ਸਾਬਿਤ ਹੋਣ `ਤੇ ਮੋਹਰ ਲਗਾਉਂਦਾ ਹੈ।ਜਿਸ ਦੇ ਨਤੀਜੇ ਵਜੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਰੰਗਲਾ ਪੰਜਾਬ ਬਨਾਉਣ ਦਾ ਲਿਆ ਗਿਆ ਸੁਫਨਾ ਸਾਕਾਰ ਕਰਨ ਲਈ ਕਈ ਕਦਮ ਹੋਰ ਅੱਗੇ ਵਧਾਉਂਦਾ ਹੈ।ਉਨ੍ਹਾਂ ਨੇ ਇਸ ਵਿਕਾਸ ਮੁਖੀ ਤੇ ਪੰਜਾਬ ਲਈ ਰਚਨਾਤਮਕ ਬਜ਼ਟ ਦਾ ਸਵਾਗਤ ਕਰਦਿਆਂ ਕਿਹਾ ਕਿ ਬਜਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਟੈਕਸਾਂ ਦੀ ਚੋਰੀ ਰੋਕਣ ਅਤੇ ਹੋਰ ਵੱਖ-ਵੱਖ ਜਾਇਜ਼ ਸ੍ਰੋਤਾਂ ਤੋਂ ਸਰਕਾਰ ਨੂੰ ਸਾਲ 2024-25 `ਚ ਇੱਕ ਲੱਖ ਕਰੋੜ ਤੋਂ ਵੱਧ ਮਾਲੀਆ ਪ੍ਰਾਪਤ ਹੋਵੇਗਾ।ਇਸ ਮਾਲੀਏ ਦੀ ਇਤਿਹਾਸਿਕ ਪ੍ਰਾਪਤੀ ਨਾਲ ਪੰਜਾਬ `ਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐਮ.ਐਸ.ਐਮ.ਈ) ਨੂੰ ਹੋਰ ਉਤਸ਼ਾਹਿਤ ਕਰਨ ਅਤੇ ਇਸ ਵਪਾਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ, ਮੁਕਾਬਲੇਬਾਜੀ ਨੂੰ ਵਧਾਉਣ ਦੇ ਨਾਲ-ਨਾਲ ਛੋਟੇ ਉਦਯੋਗਾਂ ਦੇ ਵਿਸਥਾਰ ਤੇ ਨਵੀਨਤਾ ਲਈ ਵਿੱਤੀ ਸੰਸਥਾਵਾਂ ਤੋਂ ਲੋੜੀਂਦੇ ਕਰਜ਼ੇ ਸੁਖਾਲੇ ਤੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਬਨਾਉਣ ਹਿੱਤ ਇਕ ਨਵਾਂ ਐਮ.ਐਸ.ਐਮ.ਈ ਵਿੰਗ ਸਥਾਪਿਤ ਕਰਨ ਦੀ ਰੱਖੀ ਗਈ ਤਜ਼ਵੀਜ ਅਤੇ ਪਹਿਲਾਂ ਤੋਂ ਸੰਚਾਲਿਤ ਉਦਯੋਗਿਕ ਖੇਤਰ ਲਈ ਸਬਸਿਡੀ ਵਾਲੀ ਬਿਜਲੀ ਸਮੇਤ ਹੋਰ ਸਹੂਲਤਾਂ ਲਈ 3376 ਕਰੋੜ ਰੁਪਏ ਦੀ ਬਜ਼ਟ `ਚ ਵਿਵਸਥਾ ਕੀਤੇ ਜਾਣ ਤੋਂ ਪ੍ਰਤੱਖ ਹੋ ਗਿਆ ਹੈ ਕਿ ਖੇਤੀ ਪਿਛੋਂ ਰੁਜ਼ਗਾਰ ਦੇ ਵੱਡੇ ਸਾਧਨ ਉਦਯੋਗਾਂ ਤੇ ਵਪਾਰ ਨੂੰ ਹੁਣ ਕੋਈ ਵੀ ਸ਼ਕਤੀ ਬੁਰੀ ਨਜ਼ਰ ਨਹੀਂ ਲਗਾ ਸਕੇਗੀ।
ਗੱਲਬਾਤ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ `ਚ ਮਾਫੀਆ ਰਾਜ ਨੂੰ ਵੱਡੀ ਪੱਧਰ `ਤੇ ਨਕੇਲ ਪਾਏ ਜਾਣ ਕਾਰਨ ਪੰਜਾਬ `ਚ ਆਮਦਨ ਦੇ ਸਰੋਤ ਸਥਿਰ ਰੂਪ `ਚ ਵਧਣ ਦੇ ਨਤੀਜੇ ਵਜੋਂ ਹੀ ਜਿਥੇ ਪੰਜਾਬ ਦਾ ਬਜ਼ਟ 2 ਲੱਖ ਕਰੋੜ ਤੋਂ ਵੱਧ ਰਾਸ਼ੀ ਦਾ ਪੇਸ਼ ਕੀਤਾ ਜਾਣਾ ਸੰਭਵ ਹੋ ਸਕਿਆ ਹੈ. ਓਥੇ ਸਰਕਾਰੀ ਵਿੱਦਿਆ ਨੂੰ ਸਮੇਂ ਦੀ ਹਾਣੀ ਬਨਾਉਣ ਲਈ ਸੂਬੇ ਵਿੱਚ ਸਕੂਲ ਆਫ ਐਮੀਨੈਂਸ ਤੋਂ ਬਾਅਦ ਹੁਣ ਪਹਿਲੇ ਪੜਾਅ `ਚ 100 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਕੂਲ ਆਫ ਬ੍ਰਿਲੀਅਨਜ਼ ਤਬਦੀਲ ਕਰਨ ਲਈ 10 ਕਰੋੜ ਰੁਪਏ ਸ਼ੁਰੂਆਤੀ ਰਕਮ ਰੱਖੀ ਗਈ ਹੈ।ਸਰਕਾਰੀ ਸਿੱਖਿਆ ਕ੍ਰਾਂਤੀ ਨੂੰ ਅੱਗੇ ਤੋਰਦਿਆਂ 11 ਸਾਲ ਤੱਕ ਦੇ ਬੱਚਿਆਂ ਲਈ 100 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਤਬਦੀਲ ਕਰਨ ਲਈ ਵੱਖਰੇ ਤੌਰ `ਤੇ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …