Wednesday, April 15, 2026

ਵਾਈਸ ਚਾਂਸਲਰ ਵਲੋਂ `ਡਾਇਨਾਮਿਕਸ ਆਫ਼ ਡਰੱਗ ਐਡਿਕਸ਼ਨ ਐਂਡ ਅਬਿਊਜ਼ ਇਨ ਇੰਡੀਆ` ਪੁਸਤਕ ਰਲੀਜ਼

ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਰੂਟਲਜ ਯੂ.ਕੇ ਦੁਆਰਾ ਪ੍ਰਕਾਸ਼ਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਆਫ਼ ਐਮੀਨੈਂਸ ਪ੍ਰੋ. ਆਰ.ਐਸ ਘੁੰਮਣ, ਡਾ. ਜਤਿੰਦਰ ਸਿੰਘ ਅਤੇ ਡਾ. ਗੁਰਿੰਦਰ ਕੌਰ ਵੱਲੋਂ ਲਿਖੀ ਪੁਸਤਕ `ਡਾਇਨਾਮਿਕਸ ਆਫ਼ ਡਰੱਗ ਐਡਿਕਸ਼ਨ ਐਂਡ ਅਬਿਊਜ਼ ਇਨ ਇੰਡੀਆ` ਅੱਜ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ‘ਚ ਰਲੀਜ਼ ਕੀਤੀ ਗਈ।ਇਸ ਤੋਂ ਪਹਿਲਾਂ ਡਾ. ਸਵਾਤੀ ਮਹਿਤਾ ਨੇ ਪੰਜਾਬ ਸਕੂਲ ਆਫ਼ ਇਕਨਾਮਿਕਸ ਵਿਭਾਗ ਦੇ ਮੁਖੀ ਪ੍ਰੋ. ਮਨਦੀਪ ਕੌਰ ਵੱਲੋਂ ਵਾਈਸ ਚਾਂਸਲਰ ਪ੍ਰੋ. ਸੰਧੂ ਦਾ ਸਵਾਗਤ ਕੀਤਾ।ਫੈਕਲਟੀ ਮੈਂਬਰ, ਰਿਸਰਚ ਸਕਾਲਰ ਅਤੇ ਵਿਦਿਆਰਥੀ ਦੀ ਭਰਵੀਂ ਹਾਜ਼ਰੀ ਸੀ ਅਤੇ ਉਨ੍ਹਾਂ ਨੇ ਸੁਆਲ ਜੁਆਬ ਦੇ ਸੈਸ਼ਨ ਵਿਚ ਭਰਪੂਰਤਾ ਦੇ ਨਾਲ ਹਿੱਸਾ ਵੀ ਲਿਆ।
ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਨਸ਼ਿਆਂ ਦੀ ਸਮੱਸਿਆ ਨੂੰ ਇਕ ਗੰਭੀਰ ਅਤੇ ਗੁੰਝਲਦਾਰ ਸਮੱਸਿਆ ਦਸਦਿਆਂ ਕਿ ਇਸ ਦੇ ਹੱਲ ਲਈ ਵੱਡੇ ਪੱਧਰ `ਤੇ ਉਪਰਾਲੇ ਕਰਨ ਦੀ ਲੋੜ ਹੈ।ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਬਣਾਏ ਗਏ ਇਕ ਚੰਗੇ ਮਾਹੌਲ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਥੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਸਰਗਰਮੀਆਂ ਦਾ ਹਿੱਸਾ ਬਣਾਇਆ ਜਾਂਦਾ ਹੈ ਤਾਂ ਜੋ ਉਨ੍ਹਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਉਨ੍ਹਾਂ ਇਸ ਪੁਸਤਕ ਦੇ ਲੇਖਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮਾਜ ਦੇ ਵਿਕਾਸ ਲਈ ਦਿੱਤੇ ਗਏ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦੇ ਉਪਰਾਲੇ ਹੋਣਗੇ।
ਪ੍ਰੋ. ਆਰ.ਐਸ ਘੁੰਮਣ ਨੇ ਨਸ਼ਿਆਂ ਨੂੰ ਇਕ ਵਿਸ਼ਵਵਿਆਪੀ ਚੁਣੌਤੀ ਦੱਸਦਿਆਂ ਕਿਹਾ ਕਿ ਇਸ ਵਰਤਾਰੇ ਨੂੰ ਸਮਝਣ ਲਈ ਸਮਾਜਿਕ-ਸੱਭਿਆਚਾਰਕ ਅਤੇ ਰਾਜਨੀਤਿਕ-ਆਰਥਿਕ ਪੱਖਾਂ ਤੋਂ ਅਧਿਐਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਫਗਾਨਿਸਤਾਨ, ਈਰਾਨ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਿਆਂ ਦਾ ਰਸਤਾ ਪੰਜਾਬ ਹੋਣ ਕਰਕੇ ਇਥੇ ਨਸ਼ੇ ਦੀ ਸਥਿਤੀ ਠੀਕ ਨਹੀਂ ਹੈ।ਉਨ੍ਹਾਂ ਕਿਹਾ ਇਸ ਪੁਸਤਕ ਵਿੱਚ ਨਸ਼ਿਆਂ ਦਾ ਅਧਿਐਨ ਕਰਨ ਲਈ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਰਾਜਸਥਾਨ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ 10 ਤੋਂ 35 ਸਾਲ ਦੀ ਉਮਰ ਵਿੱਚ ਨਸ਼ਿਆਂ ਦੀ ਅਲਾਮਤ ਨੇ 89 ਫੀਸਦ ਲੋਕਾਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਇਸ ਸਮੇਂ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਰੱਖਣ ਲਈ ਕੀ ਅਤੇ ਕਿਵੇਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ, ਉਨਾਂ ਉਪਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਉਪਲੱਬਧਾ ਬਹੁਤ ਅਸਾਨੀ ਨਾਲ ਹੋ ਜਾਣ ਦੇ ਕਾਰਨ 10 ਸਾਲ ਦੀ ਉਮਰ ਦੇ ਬੱਚੇ ਵੀ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਇਸ ਪੁਸਤਕ ਦੇ ਅਧਿਐਨ ਤੋਂ ਇਹ ਨਤੀਜਾ ਨਿਕਲਿਆ ਹੈ ਕਿ ਜਦ ਤੱਕ ਦ੍ਰਿੜ ਇਰਾਦੇ ਨਾਲ ਲਗਾਤਾਰ ਨਸ਼ਿਆਂ ਦੀ ਸਪਲਾਈ ਅਤੇ ਮੰਗ ਨੂੰ ਸਮਾਜ ਅਤੇ ਸਰਕਾਰ ਦੇ ਸਾਂਝੇ ਯਤਨਾਂ ਨਾਲ ਤੋੜਿਆ ਨਹੀਂ ਜਾਂਦਾ, ਓਨਾ ਚਿਰ ਤਕ ਨਸ਼ਿਆਂ ਉਪਰ ਕਾਬੂੂ ਪਾਉਣਾ ਮੁਸ਼ਕਿਲ ਹੁੰਦਾ ਰਹੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …