Wednesday, March 19, 2025

ਯੁਵਾ ਸੰਗਮ ਪ੍ਰੋਗਰਾਮ- ਪੰਜਾਬ ਦੌਰੇ `ਤੇ ਆਏ ਝਾਰਖੰਡ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਜਲਿਆਂਵਾਲਾ ਬਾਗ਼ ਵਿਖੇ ਆਜ਼ਾਦੀ ਘੁਲਾਟੀਆਂ ਨੂੰ ਕੀਤਾ ਯਾਦ

ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ‘ਯੁਵਾ ਸੰਗਮ’ ਪ੍ਰੋਗਰਾਮ ਤਹਿਤ ਝਾਰਖੰਡ ਤੋਂ ਪੰਜਾਬ ਦੀ ਇੱਕ ਹਫ਼ਤੇ (9-14 ਮਾਰਚ 2024 ਤੱਕ) ਦੀ ਵਿਦਿਅਕ ਅਤੇ ਸਭਿਆਚਾਰਕ ਯਾਤਰਾ `ਤੇ ਆਈ 51-ਮੈਂਬਰੀ ਟੀਮ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਆਯੋਜਿਤ ਆਪਣੇ ਦੌਰੇ ਅਧੀਨ ਬਠਿੰਡਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਸਿੱਖ ਧਰਮ ਦੇ ਸ਼ਾਨਦਾਰ ਇਤਿਹਾਸ ਅਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਬਾਰੇ ਜਾਣਿਆ।
ਝਾਰਖੰਡ ਦੇ ਵਿਦਿਆਰਥੀ ਨੁਮਾਇੰਦੇ 9 ਮਾਰਚ 2024 ਦੀ ਸਵੇਰ ਨੂੰ ਪੰਜਾਬ ਪਹੁੰਚੇ।ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀ.ਯੂ.ਪੀ.ਬੀ) ਵਿਖੇ ਪਹੁੰਚਣ `ਤੇ ਝਾਰਖੰਡ ਦੇ ਨੌਜਵਾਨ ਡੈਲੀਗੇਟਾਂ ਦਾ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਯੂਨੀਵਰਸਿਟੀ ਪਰਿਵਾਰ ਵਲੋਂ ਰਵਾਇਤੀ ਪੰਜਾਬੀ ਸੰਗੀਤ ਨਾਲ ਸਵਾਗਤ ਕੀਤਾ ਗਿਆ।ਯਾਤਰਾ ਦੇ ਪਹਿਲੇ ਦਿਨ ਵਿਦਿਆਰਥੀਆਂ ਨੇ ਇਤਿਹਾਸਕ ਕਿਲਾ ਮੁਬਾਰਕ ਅਤੇ ਬਠਿੰਡਾ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਕੀਤਾ।ਅਗਲੇ ਦਿਨ ਯੁਵਾ ਸੰਗਮ ਝਾਰਖੰਡ ਦੇ ਨੁਮਾਇੰਦਿਆਂ ਨੇ ਕੌਮੀ ਸ਼ਹੀਦੀ ਸਮਾਰਕ ਹੁਸੈਨੀਵਾਲਾ ਬਾਰਡਰ ਵਿਖੇ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ।
ਤੀਜੇ ਦਿਨ ਝਾਰਖੰਡ ਦੇ ਨੌਜਵਾਨ ਨੁਮਾਇੰਦਿਆਂ ਨੇ ਜਲਿਆਂਵਾਲਾ ਬਾਗ਼ ਦਾ ਦੌਰਾ ਕੀਤਾ ਅਤੇ ਮਾਤ੍ਰਭੂਮੀ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕੀਤਾ।ਵਿਦਿਆਰਥੀਆਂ ਨੇ ਜਾਤ-ਪਾਤ ਅਤੇ ਰੰਗਾਂ ਦੇ ਭੇਦਭਾਵ ਦੀਆਂ ਬੰਧਨਾਂ ਨੂੰ ਤੋੜਦਿਆਂ ਪੰਜਾਬ ਦੇ ਆਪਣੇ ਦੋਸਤਾਂ ਨਾਲ ਜ਼ਮੀਨ `ਤੇ ਬੈਠ ਕੇ ਲੰਗਰ ਛਕਿਆ।ਸ਼ਾਮ ਨੂੰ ਝਾਰਖੰਡ ਦੇ ਵਿਦਿਆਰਥੀਆਂ ਨੇ ਅਟਾਰੀ-ਵਾਹਗਾ ਸਰਹੱਦ ਦੀ ਯਾਤਰਾ ਕੀਤੀ ਅਤੇ ਰੀਟਰੀਟ ਸਮਾਰੋਹ ਵਿੱਚ ਹਿੱਸਾ ਲਿਆ।ਸ਼ਾਨਦਾਰ ਰੀਟਰੀਟ ਸਮਾਰੋਹ ਦੌਰਾਨ ਨੌਜਵਾਨ ਵਿਦਿਆਰਥੀਆਂ ਵਿੱਚ ਆਪਸੀ ਭਾਈਚਾਰੇ ਅਤੇ ਦੇਸ਼ ਭਗਤੀ ਦੀ ਭਾਵਨਾ ਪ੍ਰਫੁਲਿਤ ਹੋਈ।ਝਾਰਖੰਡ ਦੇ ਨੌਜਵਾਨ ਨੁਮਾਇੰਦਿਆਂ ਨੂੰ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਬਾਰੇ ਜਾਣੂ ਕਰਵਾਇਆ ਗਿਆ।
ਆਪਣੇ ਤਿੰਨ ਦਿਨਾਂ ਦੌਰੇ ਦੌਰਾਨ, ਨੌਜਵਾਨਾਂ ਨੂੰ ਬ੍ਰਿਗੇਡੀਅਰ ਪਵਨ ਬਜਾਜ, ਸੇਵਾਮੁਕਤ, ਡੀ.ਆਈ.ਜੀ, ਐਸ.ਐਚ.ਕਿਊ ਬੀ.ਐਸ.ਐਫ ਫਿਰੋਜ਼ਪੁਰ ਅਤੇ ਬੀ.ਐਸ.ਐਫ ਅੰਮ੍ਰਿਤਸਰ ਸੈਕਟਰ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ।ਡੀ.ਆਈ.ਜੀ ਨੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਤਿੰਨ ਦਿਨਾਂ ਵਿੱਚ ਝਾਰਖੰਡ ਦੇ ਨੌਜਵਾਨ ਨੁਮਾਇੰਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸਪੋਰਟਸ ਅਥਾਰਟੀ ਆਫ਼ ਇੰਡੀਆ, ਨੇਤਾ ਜੀ ਸੁਭਾਸ਼ ਚੰਦਰ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਪਟਿਆਲਾ; ਰੌਕ ਗਾਰਡਨ ਚੰਡੀਗੜ੍ਹ ਸਮੇਤ ਪੰਜਾਬ ਦੇ ਹੋਰ ਧਾਰਮਿਕ ਅਤੇ ਸੈਰ ਸਪਾਟਾ ਸਥਾਨਾਂ ਦਾ ਦੌਰਾ ਕਰਨਗੇ।
ਸੰਗਮ ਪੜਾਅ 4 ਪ੍ਰੋਗਰਾਮ ਦੀ ਇਹ ਯੋਜਨਾ ਸਿੱਖਿਆ ਮੰਤਰਾਲੇ (ਭਾਰਤ ਸਰਕਾਰ) ਦੁਆਰਾ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਜਿਵੇਂ ਕਿ ਸੱਭਿਆਚਾਰ, ਸੈਰ-ਸਪਾਟਾ, ਰੇਲਵੇ, ਸੂਚਨਾ ਅਤੇ ਪ੍ਰਸਾਰਣ, ਯੁਵਾ ਮਾਮਲੇ ਅਤੇ ਖੇਡ, ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।ਇਸ ਪ੍ਰੋਗਰਾਮ ਤਹਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਪੰਜਾਬ ਸੂਬੇ ਦੇ ਨੋਡਲ ਸੰਸਥਾ ਵਜੋਂ ਝਾਰਖੰਡ ਦੇ ਨੌਜਵਾਨਾਂ ਦੇ ਸਮੂਹ ਦੀ ਮਹਿਮਾਨ ਨਿਵਾਜ਼ੀ ਅਤੇ ਯਾਤਰਾ ਦੇ ਪ੍ਰਬੰਧਾਂ ਵਿੱਚ ਸਹਾਇਤਾ ਪ੍ਰਦਾਨ ਕਰ ਰਹੀ ਹੈ।

Check Also

ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …