ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਦੇ ਮੈਥਸ ਕਲੱਬ ਵੱਲੋਂ ਅੰਤਰਰਾਸ਼ਟਰੀ ਗਣਿਤ ਦਿਵਸ ਨੂੰ ਸਮਰਪਿਤ ‘ਮੈਥਸ ਫੈਸਟ’ ਪ੍ਰੋਗਰਾਮ ਕਰਵਾਇਆ ਗਿਆ।ਪ੍ਰੋਗਰਾਮ ਮੌਕੇ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਜਤਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਇਸ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਸਬੰਧੀ ਚਾਨਣਾ ਪਾਇਆ।
ਪ੍ਰਿੰਸੀਪਲ ਡਾ. ਮਨਦੀਪ ਕੌਰ ਨੇ ਦੱਸਿਆ ਕਿ ਹਰ ਸਾਲ ਮਾਰਚ ਮਹੀਨੇ ’ਚ ਅੰਤਰਰਾਸ਼ਟਰੀ ਗਣਿਤ ਦਿਵਸ ਨੂੰ ਮਨਾਇਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਵਿਸ਼ਵ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ’ਚ ਇਸ ਦੀ ਭੂਮਿਕਾ ਨੂੰ ਸਮਰਪਿਤ ਇਹ ਇਕ ਦਿਨ ਹੈ।
ਡਾ. ਜਤਿੰਦਰ ਕੁਮਾਰ ਨੇ ਕਿਹਾ ਕਿ ਸਾਈਰਾਕਿਊਜ਼ ਦੇ ਗਣਿਤ ਵਿਗਿਆਨੀ ਆਰਕੀਮੀਡੀਜ਼ ਨੇ ਸਭ ਤੋਂ ਪਹਿਲਾਂ ਪਾਈ ਦੇ ਮੁੱਲ ਦੀ ਗਣਨਾ ਕੀਤੀ, ਬਾਅਦ ’ਚ ਵਿਗਿਆਨਕ ਭਾਈਚਾਰੇ ਵੱਲੋਂ ਸਵਿਕਾਰ ਕੀਤਾ ਗਿਆ ਸੀ, ਜਦੋਂ ਲਿਓਨਹਾਰਡ ਯੂਲਰ ਨੇ 1737 ’ਚ ਪਾਈ ਦੇ ਪ੍ਰਤੀਕ ਦੀ ਵਰਤੋਂ ਕੀਤੀ ਸੀ।ਉਨ੍ਹਾਂ ਕਿਹਾ ਕਿ ਸਾਲ 2019 ’ਚ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਨੇ ਆਪਣੀ 40ਵੀਂ ਜਨਰਲ ਕਾਨਫ਼ਰੰਸ ’ਚ ਪਾਈ ਦਿਵਸ ਨੂੰ ਅੰਤਰਰਾਸ਼ਟਰੀ ਗਣਿਤ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਇਹ ਦਿਨ ਸਾਡੇ ਰੋਜ਼ਮਰ੍ਹਾ ਜੀਵਨ ’ਚ ਗਣਿਤ ਦੇ ਮਹੱਤਵ ਨੂੰ ਪਛਾਣਨ ਅਤੇ ਉਸ ਦੀ ਕਦਰ ਕਰਨ ਲਈ ਮਨਾਇਆ ਜਾਂਦਾ ਹੈ।
ਵਿਸ਼ੇ ਨਾਲ ਸਬੰਧਿਤ ਪੋਸਟਰ ਪੇਸ਼ਕਾਰੀ, ਸੁਧਾਰ ਅਧਿਆਪਨ ਸਹਾਇਤਾ ਅਤੇ ਰੰਗੋਲੀ ਸਮੇਤ ਵੱਖ-ਵੱਖ ਗਤੀਵਿਧੀਆਂ ਵੀ ਕਰਵਾਈਆਂ ਗਈਆਂ।ਪ੍ਰੋਗਰਾਮ ਕਨਵੀਨਰ ਡਾ. ਪਰਵਿੰਦਰਜੀਤ ਕੌਰ ਨੇ ਕਿਹਾ ਕਿ ਸਮਾਰੋਹ ਦੌਰਾਨ ਵੱਖ-ਵੱਖ ਕਾਲਜਾਂ ਦੇ ਸਿੱਖਿਆਂ ਮਾਹਿਰਾਂ ਨੇ ਗਣਿਤ ਦੇ ਡੋਮੇਨਾਂ ’ਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਵੀ ਕੀਤਾ।ਡਾ: ਸਤਨਾਮ ਕੌਰ ਜੌਹਲ ਨੇ ਸਮਾਗਮ ਦੀ ਸਮਾਪਤੀ ਸਬੰਧੀ ਧੰਨਵਾਦੀ ਮਤਾ ਪੇਸ਼ ਕੀਤਾ।