Monday, December 30, 2024

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਰਾਸ਼ਟਰ ਪੱਧਰੀ ‘ਐਗਰੀ-ਵਰਸਿਟੀ ਵਾਇਸ ਚਾਂਸਲਰ’ ਕਨਵੈਨਸ਼ਨ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ‘ਭੋਜਨ ਅਤੇ ਪੌਸ਼ਟਿਕ ਸੁਰੱਖਿਆ ਅਤੇ ਕਿਸਾਨ ਭਲਾਈ: ਵਿਜ਼ਨ ਇੰਡੀਆ-2047 ਅਤੇ ਇਸ ਤੋਂ ਅੱਗੇ’ ਵਿਸ਼ੇ ’ਤੇ 47ਵੇਂ ਵਾਈਸ ਚਾਂਸਲਰਜ਼ ਕਨਵੈਨਸ਼ਨ ਕਰਵਾਈ ਗਈ।ਸ਼ੁਰੂਆਤੀ ਸੈਸ਼ਨ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਦ ਕਿ ‘ਖੇਤੀਬਾੜੀ ਵਿਸਥਾਰ: ਆਈ.ਸੀ.ਏ.ਆਰ ਅਤੇ ਐਸ.ਏ.ਯੂ ਕਿੱਥੇ ਫਿੱਟ ਹਨ’ ਵਿਸ਼ੇ ’ਤੇ ਤਕਨੀਕੀ ਸੈਸ਼ਨ ਕਾਲਜ ਵਿਖੇ ਹੋਇਆ।
ਕਨਵੈਨਸ਼ਨ ਦੀ ਪ੍ਰਧਾਨਗੀ ਬਿਹਾਰ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਪਟਨਾ ਦੇ ਉਪ-ਕੁਲਪਤੀ ਤੇ ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਮੇਸ਼ਵਰ ਸਿੰਘ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕੀਤੀ।ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ਼ ਐਗਰੀਕਲਚਰ ਐਂਡ ਟੈਕਨਾਲੋਜੀ ਰਾਜਸਥਾਨ ਦੇ ਉਪ ਕੁਲਪਤੀ ਡਾ. ਏ.ਕੇ ਕਰਨਾਟਕ ਨੇ ਕੀਤੀ।18 ਵੱਕਾਰੀ ਖੇਤੀਬਾੜੀ ਅਤੇ ਸਹਾਇਕ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਨੇ ਹਾਜ਼ਰੀ ਭਰਦਿਆਂ ਪੈਨਲਿਸਟ ਵਜੋਂ ਕੰਮ ਕੀਤਾ।
ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ.ਕੇ ਨਾਗਪਾਲ ਨੇ ਸਨਮਾਨ ਸਮਾਰੋਹ ’ਚ ਸੰਸਥਾ ਦੇ ਬੁਨਿਆਦੀ ਢਾਂਚੇ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।ਕਾਲਜ ਪ੍ਰਿੰਸੀਪਲ ਡਾ. ਐਚ.ਕੇ ਵਰਮਾ ਜੋ ਉਕਤ ਵਿਸ਼ੇ ਦੇ ਮੁੱਖ ਬੁਲਾਰੇ ਸਨ, ਨੇ ‘ਟੀਚਿੰਗ-ਰਿਸਰਚ-ਐਕਸਟੇਂਸ਼ਨ-ਐਂਟਰਪ੍ਰੀਨਿਓਰਸ਼ਿਪ’ ਦੀ ਮਹੱਤਤਾ ਨੂੰ ਦੁਹਰਾਇਆ। ਉਨ੍ਹਾਂ ਨੇ ਟਿਕਾਊ ਅਤੇ ਲਾਭਦਾਇਕ ਖੇਤੀਬਾੜੀ ਸੈਕਟਰ ਲਈ ਕਿਸਾਨਾਂ ’ਚ ਨਵੀਨਤਾਵਾਂ ਨੂੰ ਪ੍ਰਫੁਲਿੱਤ ਕਰਨ, ਮੰਡੀਆਂ ਦੇ ਵਿਸਤਾਰ ਅਤੇ ਕਿਸਾਨਾਂ ’ਚ ਉੱਦਮੀ ਹੁਨਰ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।
ਡਾ. ਵਰਮਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਐਸ.ਏ.ਯੂ ਅਤੇ ਆਈ.ਸੀ.ਏ.ਆਰ ਸੰਸਥਾਨ ਨੂੰ ਰਾਜ ਦੇ ਲਾਈਨ ਵਿਭਾਗਾਂ ਅਤੇ ਖੇਤਾਂ ’ਚ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੁਸ਼ਲ ਐਕਸਟੈਂਸ਼ਨ ਵਰਕਰਾਂ ਨੂੰ ਸਿਖਲਾਈ ਦੇ ਕੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵੈਟਰਨਰੀ ਅਫਸਰਾਂ ਅਤੇ ਫੀਲਡ ਫੰਕਸ਼ਨਰੀਆਂ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਐਕਸਟੈਨਸ਼ਨ ਸੇਵਾਵਾਂ ਨਾਕਾਫੀ ਹਨ, ਕਿਉਂਕਿ ਉਹ ਪਸ਼ੂਆਂ ਦੇ ਇਲਾਜ ਅਤੇ ਰੋਕਥਾਮ ’ਤੇ ਵਧੇਰੇ ਕੇਂਦ੍ਰਿਤ ਹਨ ਅਤੇ ਇਸ ਲਈ ਏ.ਐਚ ਵਿਭਾਗ ’ਚ ਇਕ ਵੱਖਰਾ ਕੇਡਰ ਬਣਾਉਣ ਦੀ ਲੋੜ ਹੈ।
ਉਨ੍ਹਾਂ ਸਲਾਹਕਾਰ ਸੇਵਾਵਾਂ ’ਚ ‘ਮਹਿਲਾ ਵੈਟਰਨਰੀ’ ਦੀ ਨਿਯੁੱਕਤੀ ਦਾ ਸੁਝਾਅ ਦਿੰਦਿਆਂ ਕਿਹਾ ਕਿ ਪ੍ਰਬੰਧਨ ਅਭਿਆਸਾਂ ਦੇ ਸਬੰਧ ’ਚ ਸੰਚਾਰ ’ਚ ਉਲਝਣਾਂ ਤੋਂ ਬਚਣ ਲਈ, ਯੂਨੀਵਰਸਿਟੀਆਂ ਨੂੰ ਸੁਨੇਹੇ ਦੀ ਏਕਤਾ ਲਈ ਅਭਿਆਸਾਂ ਦਾ ਇਕ ਪੈਕੇਜ਼ ਵਿਕਸਿਤ ਕਰਨਾ ਚਾਹੀਦਾ ਹੈ।
ਫਿਸ਼ਰੀਜ਼ ਯੂਨੀਵਰਸਿਟੀ ਤਾਮਿਲਨਾਡੂ ਦੇ ਉਪ ਕੁਲਪਤੀ, ਪੈਨਲਿਸਟ ਡਾ. ਐਨ.ਫੇਲਿਕਸ ਨੇ ਐਕਸਟੈਂਸ਼ਨ ਪ੍ਰਣਾਲੀ ਦੀ ਘਾਟ, ਮੱਛੀ ਪਾਲਣ ਖੇਤਰ ’ਚ ਸੇਵਾਵਾਂ ਬਾਰੇ ਚਾਨਣਾ ਪਾਇਆ ਅਤੇ ਕਾਲਜ, ਯੂਨੀਵਰਸਿਟੀ ਪੱਧਰ ’ਤੇ ਮੱਛੀ ਪਾਲਣ ਐਕਸਟੈਂਸ਼ਨ ਸੇਵਾਵਾਂ ਨੂੰ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ। ਜਦੋਂਕਿ ਖਮਧੇਨੂ ਯੂਨੀਵਰਸਿਟੀ ਗੁਜਰਾਤ ਦੇ ਉਪ ਕੁਲਪਤੀ ਡਾ. ਐਨ.ਐਚ ਕੇਲਾਵਾਲਾ ਨੇ ਮੰਡੀਕਰਨ ਸਲਾਹਕਾਰ ਪ੍ਰਣਾਲੀ ਨੂੰ ਵਿਕਸਿਤ ਕਰਨ ਦੀ ਲੋੜ ਧਿਆਨ ਕੇਂਦਰਿਤ ਕੀਤਾ।ਪੀ.ਏ.ਯੂ ਲੁਧਿਆਣਾ ਦੇ ਡਾਇਰੈਕਟਰ ਐਕਸਟੈਂਸ਼ਨ ਡਾ. ਐਮ.ਐਸ ਭੁੱਲਰ ਨੇ ਖੇਤਾਂ ’ਚ ਕਿਸਾਨਾਂ ਦੀ ਧਾਰਨਾ ਨੂੰ ਬਦਲਣ ਲਈ ਮਨੁੱਖੀ ਪ੍ਰਬੰਧਨ, ਮਨੋਵਿਗਿਆਨ ਦੀ ਮਹੱਤਤਾ ਅਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਡਾ. ਪੀ.ਐਸ ਬਰਾੜ ਨੇ ਗਿਆਨ ਦੇ ਸਹੀ ਪ੍ਰਸਾਰ ਲਈ ਸਮੂਹ ਵਿਭਾਗਾਂ ਦੁਆਰਾ ਵਿਸਥਾਰ ਗਤੀਵਿਧੀਆਂ ਨੂੰ ਇਕਸਾਰ ਕਰਨ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …