ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਮੈਟ੍ਰਿਕ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਉ ਅਤੇ ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੁਸਾਇਟੀ (ਰਜਿ:) ਦੇ ਸਾਂਝੇ ਪ੍ਰੋਜੈਕਟ ਅਧੀਨ ਚੱਲਦੇ ਭਗਤ ਪੂਰਨ ਸਿੰਘ ਆਦਰਸ਼ ਸੀਨੀ. ਸੈਕੰ. ਸਕੂਲ ਮਾਨਾਂਵਾਲਾ ਕਲਾਂ ਦੇ ਪਿੰਗਲਵਾੜਾ ਸੰਸਥਾ ਵਿੱਚ ਪਲੇਅਪੈਨ ਪੜੇ੍ਹ ਵਿਦਿਆਰਥੀ ਨੇ ਪੰਜਾਬ ਦੀ ਮੈਟ੍ਰਿਕ ਪ੍ਰੀਖਿਆ ਵਿੱਚੋਂ 12ਵਾਂ ਰੈਂਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਪਣਾ ਨਾਮ ਦਰਜ਼ ਕਰਵਾਇਆ।ਉਚੇਚੇ ਤੌਰ ‘ਤੇ ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਸ਼ਾਇਨਿੰਗ ਸਟਾਰ ਬੱਚੇ ਅਤੇ ਅਧਿਆਪਕਾਂ ਨੂੰ ਵਧਾਈ ਦੇਣ ਲਈ ਪੁੱਜੇ।
ਉਨਾਂ ਕਿਹਾ ਕਿ ਅੱਜ ਬੜੇ ਮਾਣ ਭਰਿਆ ਦਿਨ ਹੈ, ਕਿ ਵਿਦਿਆਰਥੀ ਕੁਲਜੀਤ ਸਿੰਘ ਨੇ ਪਿੰਗਲਵਾੜਾ ਸੰਸਥਾ ਅਤੇ ਆਪਣੇ ਅਧਿਆਪਕਾਂ ਦਾ 634/650 ਅੰਕ ਲੈ ਕੇ ਮਾਣ ਵਧਾਇਆ।ਉਹਨਾਂ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਅਕਸਰ ਬੋਰਡ ਨਤੀਜਿਆਂ ਵਿੱਚ ਮੈਰਿਟ ਹਾਸਲ ਕਰਦੇ ਰਹਿੰਦੇ ਹਨ, ਜਿਸ ਲਈ ਸਮੂਹ ਸਟਾਫ਼ ਤੇ ਪਿੰਗਲਵਾੜਾ ਪਰਿਵਾਰ ਦੀ ਟੀਮ ਵਧਾਈ ਦੀ ਪਾਤਰ ਹੈ।ਸਕੂਲ ਦੇ ਪ੍ਰਿੰਸੀਪਲ ਨਰੇਸ਼ ਕਾਲੀਆ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੁੱਲ 43 ਵਿਦਿਆਰਥੀਆਂ ਵਿੱਚੋ 28 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 15 ਵਿਦਿਆਰਥੀਆਂ ਨੇ 80-90% ਅੰਕ ਪ੍ਰਾਪਤ ਕੀਤੇ।ਜਿਸ ਵਿੱਚ ਕੁਲਜੀਤ ਸਿੰਘ ਨੇ 650 ਵਿੱਚੋਂ 634 ਅੰਕ ਪ੍ਰਾਪਤ ਕਰਕੇ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ।ਹਰਪ੍ਰੀਤ ਕੌਰ, ਪਵਿੱਤਰ ਕੌਰ ਅਤੇ ਸੁਖਪ੍ਰੀਤ ਕੌਰ 650 ਵਿੱਚੋਂ 616 ਅੰਕ ਪ੍ਰਾਪਤ ਕਰਕੇ ਦੂਜੀ ਪੁਜੀਸ਼ਨ ਤੇ ਰਹੀਆਂ।ਰਵਨੀਤ ਕੌਰ 650 ਵਿੱਚੋਂ 615 ਅੰਕ ਪ੍ਰਾਪਤ ਕਰਕੇ ਤੀਜੀ ਪੁਜੀਸ਼ਨ ਤੇ ਰਹੀ।
ਸੰਸਥਾ ਦੇ ਵਾਈਸ ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸੈਕਟਰੀ ਮੁਖਤਾਰ ਸਿੰਘ ਗੁਰਾਇਆ, ਰਾਜਬੀਰ ਸਿੰਘ, ਮੈਂਬਰ, ਰਜਿੰਦਰਪਾਲ ਸਿੰਘ, ਡਾਇਰੈਕਟਰ, ਡਾ. ਅਮਰਜੀਤ ਸਿੰਘ ਗਿੱਲ, ਪ੍ਰਸ਼ਾਸ਼ਕ ਮਾਨਾਂਵਾਲਾ ਬ੍ਰਾਂਚ, ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਤੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਉਹ ਅਜਿਹੀਆਂ ਮੱਲ੍ਹਾਂ ਮਾਰਦੇ ਰਹਿਣ।ਸਾਰੇ ਜੇਤੂ ਬੱਚਿਆਂ ਅਤੇ ਸਟਾਫ ਦਾ ਮੂੰਹ ਮਿੱਠਾ ਕਰਵਾਇਆ ਗਿਆ।ਮੀਡੀਆ ਨਾਲ ਪਿੰਗਲਵਾੜਾ ਸੰਸਥਾ ਵਿੱਚ ਪਲਿਆ ਤੇ ਪੜ੍ਹਿਆ ਬੱਚਾ ਕੁਲਜੀਤ ਸਿੰਘ ਸਹਿਜ਼ੇ ਹੀ ਆਖਦਾ ਹੈ ਕਿ ਉਸ ਦਾ ਸੁਪਨਾ ਹੈ ਕਿ ਉਹ ਸੁਪਰੀਮ ਕੋਰਟ ਦਾ ਜੱਜ ਬਣੇ।ਇਸ ਵਾਸਤੇ ਉਸ ਨੇ ਹੁਣ ਤੋਂ ਹੀ ਗਿਆਰਵੀਂ ਕਲਾਸ ਲਈ ਵਿਸ਼ੇ ਚੁਣ ਲਏ ਹਨ।ਉਸ ਦੇ ਹੋਸਟਲ ਵਾਰਡਨ ਜਤਿੰਦਰ ਸਿੰਘ ਦੱਸਦੇ ਹਨ ਕਿ ਉਹ ਦੇਰ ਰਾਤ ਤੱਕ ਪੜ੍ਹਦਾ ਸੀ ਅਤੇ ਕਈ ਵਾਰ ਉਸ ਨੂੰ ਜਬਰਦਸਤੀ ਸੌਣ ਲਈ ਕਹਿਣਾ ਪੈਂਦਾ ਸੀ।ਉਹ ਦੱਸਦੇ ਹਨ ਕਿ ਬੱਚਾ ਬੜਾ ਹੋਣਹਾਰ ਹੈ ਅਤੇ ਪੜ੍ਹਾਈ ਵਿੱਚ ਹੇਠਲੀਆਂ ਜਮਾਤਾਂ ਵਿੱਚ ਵੀ ਇਸ ਨੇ ਹਮੇਸ਼ਾਂ ਵਧੀਆ ਪ੍ਰਦਰਸ਼ਨ ਕੀਤਾ ਹੈ।
ਇਸ ਮੌਕੇ ਹਰਜੀਤ ਸਿੰਘ ਅਰੋੜਾ, ਪ੍ਰੀਤਇੰਦਰ ਕੌਰ, ਸੁਸਾਇਟੀ ਮੈਂਬਰ, ਜੈ ਸਿੰਘ, ਯੋਗੇਸ਼ ਸੂਰੀ, ਡਾ. ਅਮਨਦੀਪ ਕੌਰ, ਐਡਵੋਕੇਟ ਤਰਨਜੀਤ ਸਿੰਘ,ਹੋਸਟਲ ਵਾਰਡਨ ਹਰਤੇਜਪਾਲ ਕੌਰ, ਜਗਪ੍ਰੀਤ ਕੌਰ, ਕ੍ਰਿਸ਼ਨ ਕਾਂਤ, ਨਰਾਇਣ ਸਿੰਘ, ਰਾਜਦੀਪ ਸਿੰਘ, ਸੁਖਬੀਰ ਕੌਰ, ਅਨੁਪਮਾ ਸ਼ਰਮਾ, ਪੂਜਾ ਸ਼ਰਮਾ, ਅਰਵਿੰਦਰ ਕੌਰ, ਗਗਨਦੀਪ ਕੌਰ, ਜਤਿੰਦਰ ਸਿੰਘ, ਸਮੂਹ ਸਕੂਲ ਸਟਾਫ, ਵੱਖ-ਵੱਖ ਸਕੂਲਾਂ ਤੇ ਵਿਭਾਗਾਂ ਦੇ ਇੰਚਾਰਜ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …