Monday, May 27, 2024

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਗੋਲਡਨ ਜੁਬਲੀ ਕੇਂਦਰ ਦੇ ਕੋਆਰਡੀਨੇਟਰ ਡਾ. ਪੀ.ਕੇ ਪਤੀ ਦੇ ਸਹਿਯੋਗ ਨਾਲ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿੱਚ ਰੂਸਾ ਗ੍ਰਾਂਟ ਫੰਡ ਨਾਲ “ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ” ਪ੍ਰਯੋਗਸ਼ਾਲਾ (ਲੈਬਾਰਟਰੀ) ਸਥਾਪਿਤ ਕੀਤੀ ਗਈ ਹੈ।ਇਹ ਪਹਿਲਕਦਮੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦੇ ਖੇਤਰ ਵਿੱਚ ਸਮੇਂ ਦਾ ਹਾਣ ਦਾ ਅਤੇ ਅੱਗੇ ਰਹਿਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਇਸ ਪ੍ਰਾਪਤੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਦੱਸਿਆ ਕਿ ਯੂਨੀਵਰਸਿਟੀ ਭਾਰਤ ਵਿੱਚ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿੱਚ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦਾ ਬੁਨਿਆਦੀ ਢਾਂਚਾ ਸਥਾਪਤ ਕਰਨ ਲਈ ਚੁਣੀਆਂ ਗਈਆਂ ਚੋਣਵੇਂ ਪ੍ਰੀਮੀਅਮ ਸੰਸਥਾਵਾਂ ਵਿੱਚੋਂ ਇੱਕ ਹੈ।ਉਚ ਪਾਏ ਦਾ ਆਧੁਨਿਕ ਬੁਨਿਆਦੀ ਢਾਂਚਾ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਤਹਿਤ ਵਿਭਾਗ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਇੰਜੀਨੀਅਰਿੰਗ ਵਿੱਚ ਮੁਹਾਰਤ ਦੇ ਨਾਲ ਏਕੀਕ੍ਰਿਤ ਪੰਜ ਸਾਲਾ ਐਮ.ਟੈਕ ਕੋਰਸ ਪੇਸ਼ ਕੀਤਾ ਹੈ, ਜੋ ਆਰਟੀਫਿਸ਼ੀਅਲ ਦੀ ਵਰਤੋਂ ਕਰਦੇ ਹੋਏ ਰੋਬੋਟਾਂ ਦੇ ਸੰਕਲਪ, ਡਿਜ਼ਾਈਨ, ਨਿਰਮਾਣ ਅਤੇ ਸੰਚਾਲਨ `ਤੇ ਕੇਂਦਰਿਤ ਹੈ।12ਵੀਂ ਪਾਸ ਵਿਦਿਆਰਥੀਆਂ ਲਈ ਅਕਾਦਮਿਕ ਸੈਸ਼ਨ 2024-25 ਤੋਂ ਸ਼ੁਰੂ ਹੋਣ ਵਾਲੇ ਕੋਰਸ ਨੂੰ ਚਾਰ ਸਾਲ ਪੂਰੇ ਕਰਨ ਤੋਂ ਬਾਅਦ ਬੀ.ਟੈਕ ਡਿਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਹ ਪ੍ਰੋਗਰਾਮ ਆਰਟੀਫੀਸ਼ੀਅਲ ਖੇਤਰ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਰਿਮੋਟ ਸੈਂਸਿੰਗ, ਟਿਕਾਊ ਊਰਜਾ ਪ੍ਰਣਾਲੀਆਂ, ਆਟੋਮੇਸ਼ਨ, ਡਰੋਨ, ਸਵੈ-ਡਰਾਈਵਿੰਗ ਕਾਰਾਂ ਅਤੇ ਰੋਬੋਟਿਕਸ ਵਿੱਚ ਵੱਖ-ਵੱਖ ਕਰੀਅਰ ਦੀਆਂ ਸੰਭਾਵਨਾਵਾਂ ਪ੍ਰਦਾਨ ਕਰੇਗਾ।ਡਾ. ਸਿੰਘ ਨੇ ਕਿਹਾ ਅਸੀਂ ਆਪਣੇ ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਇੰਟਰਨਸ਼ਿਪ ਦੇ ਮੌਕਿਆਂ ਵਿੱਚ ਇੱਕ ਸ਼ਾਨਦਾਰ ਵਾਧਾ ਦੇਖਿਆ ਹੈ।ਇਸ ਸਮੇਂ ਪ੍ਰੋ. ਰਵਿੰਦਰ ਸਿੰਘ ਸਾਹਨੀ ਡੀਨ ਫੈਕਲਟੀ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਲਗਭਗ ਸਾਰੇ ਖੇਤਰਾਂ ਵਿੱਚ ਰੋਬੋਟਿਕਸ ਅਤੇ ਆਟੋਮੇਸ਼ਨ ਦੀ ਲਗਾਤਾਰ ਵਧ ਰਹੀ ਮੰਗ ਦੁਹਰਾਉਣ ਵਾਲੇ, ਖਤਰਨਾਕ ਅਤੇ ਔਖੇ ਕੰਮਾਂ ਨੂੰ ਸੁਚਾਰੂ ਬਣਾਵੇਗੀ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …