Friday, October 18, 2024

ਕਿਸੇ ਵੀ ਉਮੀਦਵਾਰ ਦੇ ਚੋਣ ਪ੍ਰਚਾਰ ‘ਚ ਰੁਕਾਵਟ ਨਹੀਂ ਪਾਈ ਜਾ ਸਕਦੀ- ਘਨਸ਼ਾਮ ਥੋਰੀ

ਚੋਣ ਪ੍ਰਚਾਰ ‘ਚ ਅੜਿੱਕਾ ਪਾਉਣ ਵਾਲਿਆਂ ‘ਤੇ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ

ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ)- ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਵਿੱਚ ਕੁੱਝ ਇਕ ਥਾਵਾਂ ‘ਤੇ ਰੁਕਾਵਟ ਪਾਉਣ ਦੀਆਂ ਘਟਨਾਵਾਂ ਨੂੰ ਚੋਣ ਕਮਿਸ਼ਨ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਬਾਬਤ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਚੋਣ ਪ੍ਰਚਾਰ ਕਰਨਾ ਹਰੇਕ ਉਮੀਦਵਾਰ ਦਾ ਹੱਕ ਅਤੇ ਇਸ ਹੱਕ ਤੋਂ ਕਿਸੇ ਨੂੰ ਵੀ ਵਿਰਵੇ ਨਹੀਂ ਕੀਤਾ ਜਾ ਸਕਦਾ।ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਨ੍ਹਾਂ ਹਦਾਇਤਾਂ ਦੇ ਹਵਾਲੇ ਵਿੱਚ ਜਿਲ੍ਹੇ ਅੰਦਰ ਕੰਮ ਕਰ ਰਹੀ ਚੋਣ ਮਸ਼ੀਨਰੀ ਜਿਸ ਵਿੱਚ ਉਮੀਦਵਾਰਾਂ ਦੀ ਸੁਰੱਖਿਆ ਵਿੱਚ ਲੱਗਾ ਅਮਲਾ ਵੀ ਸ਼ਾਮਲ ਹੈ, ਨੂੰ ਹਦਾਇਤ ਕੀਤੀ ਹੈ ਕਿ ਅਜਿਹੀ ਕੋਈ ਵੀ ਘਟਨਾ ਜਿਸ ਵਿੱਚ ਉਮੀਦਵਾਰਾਂ ਦਾ ਚੋਣ ਪ੍ਰਚਾਰ ਰੋਕਿਆ ਜਾਵੇ, ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਸਮਝਦੇ ਹੋਏ ਰੁਕਾਵਟ ਪਾਉਣ ਵਾਲੇ ਲੋਕਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਜਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਹਰੇਕ ਉਮੀਦਵਾਰ ਨੂੰ ਚੋਣ ਪ੍ਰਚਾਰ ਕਰਨ ਅਤੇ ਆਪਣੀ ਗੱਲ, ਆਪਣੇ ਚੋਣ ਮਨੋਰਥ ਪੱਤਰ ਦੀ ਗੱਲ ‘ਤੇ ਪ੍ਰਚਾਰ ਕਰਨ ਦਾ ਸੰਵਿਧਾਨਕ ਹੱਕ ਅਤੇ ਇਹ ਹੱਕ ਕਿਸੇ ਨੂੰ ਖੋਹਣ ਨਹੀਂ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਦਾ ਬਰਾਬਰ ਮੌਕਾ ਦੇਣਾ ਸਾਡਾ ਫਰਜ਼ ਹੈ ਅਤੇ ਇਸ ਵਿੱਚ ਕੋਈ ਲਾਪਰਵਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਉਮੀਦਵਾਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜ਼ੀਹ ਹੈ ਅਤੇ ਉਨਾਂ ਦੇ ਪ੍ਰਚਾਰ ਵਿੱਚ ਰੁਕਾਵਟ ਜੋ ਕਿ ਉਨਾਂ ਦੀ ਸੁਰੱਖਿਆ ਲਈ ਵੀ ਖਤਰਾ ਬਣ ਜਾਂਦੀ ਹੈ, ਨੂੰ ਕਿਸੇ ਵੀ ਹਾਲ ਵਿੱਚ ਬਰਦਾਸਤ ਨਹੀਂ ਕੀਤਾ ਜਾਵੇਗਾ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …