ਕਿਹਾ, ਮੇਰਾ ਦਾਮਨ ਤੇ ਨੀਯਤ ਸਾਫ਼, ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨਾਕਾਮ ਹੋਣਗੀਆਂ

ਮਜੀਠਾ, 2 ਜਨਵਰੀ (ਪੱਤਰ ਪ੍ਰੇਰਕ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸਪਸ਼ਟ ਕਿਹਾ ਕਿ ਅਕਾਲੀ ਦਲ ਬੀਐਸਐਫ ਜਾਂ ਕਿਸੇ ਸੁਰੱਖਿਆ ਏਜੰਸੀ ਦੇ ਖ਼ਿਲਾਫ਼ ਨਹੀਂ ਹੈ, ੫ ਜਨਵਰੀ ਨੂੰ ਦਾਣਾ ਮੰਡੀ ਅਟਾਰੀ ਵਿਖੇ ਉਨ੍ਹਾਂ ਲੋਕਾਂ ਖ਼ਿਲਾਫ਼ ਸ਼ਾਂਤਮਈ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਜੋ ਮਾੜੀਆਂ ਹਰਕਤਾਂ ਅਤੇ ਨਸ਼ਿਆਂ ਨੂੰ ਬੜ੍ਹਾਵਾ ਦੇ ਕੇ ਪੰਜਾਬ ਅਤੇ ਦੇਸ਼ ਦਾ ਨੁਕਸਾਨ ਕਰਨਾ ਚਾਹੁੰਦੇ ਹਨ । ਸ: ਮਜੀਠੀਆ ਅੱਜ ਇੱਥੇ ਦਾਣਾ ਮੰਡੀ ਮਜੀਠਾ ਵਿਖੇ ਇੱਕ ਕਰੋੜ ਰੁਪੈ ਲਾਗਤ ਨਾਲ ਬਣਾਏ ਗਏ ਮਾਰਕੀਟ ਕਮੇਟੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨ ਅਤੇ ਮਾਰਕੀਟ ਕਮੇਟੀ ਮਜੀਠਾ ਦੇ ਨਵ ਨਿਯੁਕਤ ਚੇਅਰਮੈਨ ਸ: ਬਲਬੀਰ ਸਿੰਘ ਚੰਦੀ ਅਤੇ ਉਪ ਚੇਅਰਮੈਨ ਦੁਰਗਾ ਦਾਸ ਦੀ ਤਾਜਪੋਸ਼ੀ ਦੀ ਰਸਮ ਅਦਾ ਕਰਨ ਲਈ ਪਹੁੰਚੇ ਹੋਏ ਸਨ, ਨੇ ਕਿਹਾ ਕਿ ਅਕਾਲੀ ਦਲ ਬੀਐਸਐਫ ਅਤੇ ਫੌਜ ਸਮੇਤ ਤਮਾਮ ਸੁਰੱਖਿਆ ਏਜੰਸੀਆਂ ਦਾ ਦਿਲੋਂ ਸਤਿਕਾਰ ਕਰਦਾ ਹੋਇਆ ਉਹਨਾਂ ਨਾਲ ਹਰ ਵਕਤ ਖੜਾ ਹੈ।ਇਸ ਮੌਕੇ ਹਲਕਾ ਮਜੀਠਾ ਦੇ ਲੋਕਾਂ ਦੀ ਭਾਰੀ ਇਕੱਠ ਨੂੰ ਸੰਬੋਧਨ ਮੌਕੇ ਖੁੱਲ ਕੇ ਆਪਣੇ ਦਿਲ ਦੀ ਗਲ ਕਰਦਿਆਂ ਕਿਹਾ ਕਿ ਉਸ ਦੀ ਨੀਯਤ ਅਤੇ ਦਾਮਨ ਦੋਹੇ ਪੂਰੀ ਤਰਾਂ ਸਾਫ਼ ਹਨ ਤੇ ਗੁਰੂ ਦੀ ਮਿਹਰ ਅਤੇ ਮਜੀਠਾ ਵਾਸੀਆਂ ਦੀਆਂ ਸੁਭਕਾਮਨਾਵਾਂ ਸਕਦਾ ਉਹਨਾਂ ਨੂੰ ਬਦਨਾਮ ਕਰਨ ਦੀਆਂ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਕਦੀ ਕਾਮਯਾਬ ਨਹੀਂ ਹੋਣਗੀਆਂ।
ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹਨਾਂ ‘ਤੇ ਦੂਸ਼ਣਬਾਜ਼ੀ ਕਰਨ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦਾ ਪਿਛੋਕੜ ਤੇ ਦਾਮਨ ਖੁਦ ਨਸ਼ਿਆਂ ‘ਚ ਲਿਪਟ ਹਨ, ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਨੀਆ ਗਾਂਧੀ ਨੂੰ ਚਿਠੀ ਲਿਖੀ ਜਾ ਚੁਕੀ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ੫ ਜਨਵਰੀ ਨੂੰ ਦਿੱਤੇ ਜਾ ਰਹੇ ਧਰਨੇ ”ਬਾਜਵਾ ਭਜਾਓ ਕਾਂਗਰਸ ਬਜਾਓ” ਦਾ ਹੀ ਹਿੱਸਾ ਹਨ। ਉਹਨਾਂ ਸ; ਬਾਜਵਾ ‘ਤੇ ਵਿਅੰਗ ਕਸਦਿਆਂ ਕਿਹਾ ਇਹ ਪਹਿਲੀ ਵਾਰ ਦੇਖਣ ਵਿੱਚ ਆਇਆ ਕਿ ਬਾਜਵਾ ਮੁੱਖ ਮੰਤਰੀ ਲਈ ਵੋਟਾਂ ਮੰਗ ਰਿਹਾ ਸੀ ਜਦ ਕਿ ਉਹ ਲੋਕ ਸਭਾ ਲਈ ਦੀ ਚੋਣ ਲੜ ਰਹੇ ਸਨ, ਜਿਸ ਨੂੰ ਲੋਕਾਂ ਨੇ ੧ ਲਖ ੩੪ ਹਜ਼ਾਰ ਵੋਟਾਂ ਨਾਲ ਹਰਾ ਕੇ ਮੰਜੀ ਠੋਕਦਿਤੀ। ਉਹਨਾਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੀ ਕਾਂਗਰਸ ਮੁਦਾਹੀਣ ਅਤੇ ਦਿਸ਼ਾਹੀਣ ਪਾਰਟੀ ਬਣ ਚੁੱਕੀ ਹੈ ਜੋ ਕਿ ਮਹਿਜ਼ ੪੪ ਲੋਕ ਸਭਾ ਸੀਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਅਤੇ ਲੋਕ ਮਾਰੂ ਨੀਤੀਆਂ ਕਾਰਨ ਇਸ ਦਾ ਸਿਆਸੀ ਵਜੂਦ ਆਪਣੇ ਭਾਰ ਨਾਲ ਹੀ ਖਤਮ ਹੋਣ ਜਾ ਰਹੀ ਹੈ।
Punjab Post Daily Online Newspaper & Print Media