Saturday, July 27, 2024

ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਪ੍ਰਫੁਲਿਤਾ ਲਈ ਲੋਕ ਸਭਾ ਉਮੀਦਵਾਰਾਂ ਨੂੰ ਸੌਂਪੇ ਮੰਗ ਪੱਤਰ

ਅੰਮ੍ਰਿਤਸਰ, 22 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਬੋਲੀ, ਸਾਹਿਤ ਤੇ ਸਭਿਆਚਾਰ ਨੂੰ ਸੁਹਿਰਦਤਾ ਨਾਲ ਪ੍ਰਫ਼ੁਲਿਤ ਕਰਨ ਲਈ ਨਿੰਰਤਰ ਯਤਨਸ਼ੀਲ, ਭਾਰਤ-ਪਾਕਿ ਮਿੱਤਰਤਾ ਨੂੰ ਵੀ ਸਮਰਪਿਤ ਅਤੇ ਦੱਖਣੀ ਏਸ਼ੀਆ ’ਚ ਅਮਨ-ਸ਼ਾਂਤੀ ਦੀ ਕੱਟੜ ਮੁਦੱਈ ਸਥਾਨਕ ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਵਲੋਂ ਅੰਮ੍ਰਿਤਸਰ ਲੋਕ ਹਲਕਾ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ, ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਮੋਜ਼ੂਦਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਸੀ.ਪੀ.ਆਈ ਪਾਰਟੀ ਦੀ ਉਮੀਦਵਾਰ ਸ੍ਰੀਮਤੀ ਦਸਵਿੰਦਰ ਕੌਰ ਸਮੇਤ ਹੋਰਨਾਂ ਉਮੀਦਵਾਰਾਂ ਨੂੰ ਨਿੱਜੀ ਤੌਰ ’ਤੇ ਵੱਖ-ਵੱਖ ਮੀਟਿੰਗਾਂ ਦੌਰਾਨ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਸਰਪ੍ਰਸਤ ਐਸ. ਪ੍ਰਸ਼ੋਤਮ, ਜਨਰਲ ਸਕੱਤਰ ਸਤੀਸ਼ ਝੀਂਗਣ, ਦਿਲਬਾਗ ਸਿੰਘ ਸਰਕਾਰੀਆ, ਕਮਲ ਗਿੱਲ, ਕਰਮਜੀਤ ਕੌਰ ਜੱਸਲ, ਮਨਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਸਰਕਾਰੀਆ, ਭੁਪਿੰਦਰ ਸਿੰਘ ਸੰਧੂ, ਰਾਜੇਸ਼ ਕੁਮਾਰ ਆਦਿ ‘ਤੇ ਅਧਾਰਿਤ ਵਫ਼ਦ ਨੇ ਮੰਗ ਪੱਤਰ ਸੋਂਪਦਿਆਂ ਅਵਾਜ਼ ਬੁਲੰਦ ਕੀਤੀ ਅਤੇ ਕਿਹਾ ਕਿ ਬਤੌਰ ਸੰਸਦ ਮੈਂਬਰ ਚੁਣੇ ਜਾਣ ਪਿਛੋਂ ਮੰਗ ਪੱਤਰ ’ਚ ਅੰਕਿਤ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਸੰਸਦ ’ਚ ਕਾਨੂੰਨ ਪਾਸ ਕਰਵਾਏ ਜਾਣ ਅਤੇ ਆਪਣੇ ਚੋਣ ਪ੍ਰਚਾਰ ’ਚ ਇਹਨਾਂ ਉਠਾਏ ਗਏ ਮੁੱਦਿਆਂ ਨੂੰ ਆਪਣੇ ਵਿਜ਼ਨ ’ਚ ਸ਼ਾਮਿਲ ਕਰਨ ਦੇ ਨਾਲ-ਨਾਲ ਵੋਟਰਾਂ ਤੇ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਮੁੱਦੇ ਨਜ਼ਰ ਜਰੂਰ ਆਉਣੇ ਚਾਹੀਦੇ ਹਨ।
ਫ਼ੋਕਲੋਰ ਰਿਸਰਚ ਅਕਾਦਮੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੰਗ ਪੱਤਰ ’ਚ ਗਵਾਂਢੀ ਮੁਲਕ ਪਾਕਿਸਤਾਨ ’ਚ ‘ਲੋਕਾਂ ਦੀ ਲੋਕਾਂ ਨਾਲ ਸਾਂਝ’ ਤਹਿਤ ਪਾਕਿਸਤਾਨ ਆਉਣ ਜਾਣ ਵਾਲੇ ਬੁੱਧੀਜੀਵੀਆਂ, ਸਾਹਿਤਕਾਰਾਂ, ਕਲਾਕਾਰਾਂ ਅਤੇ ਸਭਿਆਚਾਰਕ ਨੂੰ ਆਦਾਨ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਤੇ ਨਿੱਜੀ ਰੂਪ ’ਚ ਯਤਨਸ਼ੀਲ ਲੋਕਾਂ ਦੀ ਸਹੂਲਤ ਲਈ ਅੰਮ੍ਰਿਤਸਰ ਵਿਖੇ ਵੀਜ਼ਾ ਕੇਂਦਰ ਖੁੱਲ੍ਹਵਾਇਆ ਜਾਵੇ ਤਾਂ ਕਿ ਲੋਕ ਆਸਾਨੀ ਨਾਲ ਪਾਕਿਸਤਾਨ ਵਿੱਚ ਆਪਣੇ ਗੁਰਧਾਮਾਂ ਅਤੇ ਸਭਿਆਚਾਰਕ ਪ੍ਰੋਗਰਾਮਾਂ ਦਾ ਹਿੱਸਾ ਬਣ ਸਕਣ।ਪਾਕਿਸਤਾਨ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਤਿਮ ਬਿਤਾਏ ਸਮੇਂ ਨਾਲ ਸੰਬਧਿਤ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਜਾਣ ਵਾਲੀਆਂ ਸੰਗਤਾਂ ਦੀ ਸ਼ਰਧਾ ਨੂੰ ਮੁੱਖ ਰਖਦੇ ਹੋਏ ਪਾਸਪੋਰਟ ਦੀ ਸ਼ਰਤ ਖ਼ਤਮ ਕਰਵਾਈ ਜਾਵੇ ਅਤੇ ਸਿਰਫ਼ ਅਧਾਰ ਕਾਰਡ ਰਾਹੀਂ ਦਰਸ਼ਨ ਦਿਦਾਰ ਕਰਨ ਲਈ ਖੁੱਲ ਹੋਵੇੇ।ਅੰਮ੍ਰਿਤਸਰ ਜ਼ਿਲ੍ਹੇ ਸਮੇਤ ਪੰਜਾਬ ਦੇ ਵਪਾਰਕ ਆਰਥਿਕ ਖੁਸ਼ਹਾਲੀ ਨੂੰ ਹੁਲਾਰਾ ਦੇਣ ਲਈ ਕੌਮਾਂਤਰੀ ਅਟਾਰੀ-ਵਾਹਘਾ ਸੜ੍ਹਕੀ ਰਸਤੇ ਵਪਾਰ ਲਈ ਬਾਰਡਰ ਮੁੜ ਖੁਲ੍ਹਵਾਇਆ ਜਾਵੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …