ਸੰਗਰੂਰ, 3 ਜੂਨ (ਜਗਸੀਰ ਲੌਂਗੋਵਾਲ) – ਲੋਕ ਸਭਾ ਹਲਕਾ 12-ਸੰਗਰੂਰ ‘ਚ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ 4 ਜੂਨ ਨੂੰ ਹੋਵੇਗੀ ਅਤੇ ਇਸ ਕਾਰਜ਼ ਲਈ
ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਰਿਟਰਨਿੰਗ ਅਫ਼ਸਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਤੇ ਜ਼ਿਲ੍ਹਾ ਮਲੇਰਕੋਟਲਾ ਦੇ ਇੱਕ ਵਿਧਾਨ ਸਭਾ ਹਲਕਾ ਮਲੇਰੋਕਟਲਾ ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ, ਬਰੜਵਾਲ ਵਿਖੇ ਸਥਾਪਿਤ ਕੀਤੇ ਵੱਖ-ਵੱਖ ਗਿਣਤੀ ਕੇਂਦਰਾਂ ਵਿਖੇ ਕਰਵਾਈ ਜਾਵੇਗੀ, ਜਦਕਿ ਬਰਨਾਲਾ, ਮਹਿਲ ਕਲਾਂ ਤੇ ਭਦੌੜ ਵਿਖੇ ਪਈਆਂ ਵੋਟਾਂ ਦੀ ਗਿਣਤੀ, ਐਸ.ਡੀ ਕਾਲਜ ਬਰਨਾਲਾ ਵਿਖੇ ਸਥਾਪਤ ਗਿਣਤੀ ਕੇਂਦਰਾਂ ‘ਚ ਹੋਵੇਗੀ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਹਰੇਕ ਗਿਣਤੀ ਕੇਂਦਰ ਵਿੱਚ 14 ਟੇਬਲ ਲਗਾਏ ਗਏ ਹਨ ਅਤੇ ਗਿਣਤੀ ਕੇਂਦਰਾਂ ‘ਚ ਤਾਇਨਾਤ ਹੋਣ ਵਾਲੇ ਸਮੂਹ ਚੋਣ ਅਮਲੇ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ ਹਨ ਅਤੇ ਸ਼ਨਾਖਤੀ ਕਾਰਡਾਂ ਤੋਂ ਬਿਨਾਂ ਕੋਈ ਵੀ ਅਣਅਧਿਕਾਰਤ ਵਿਅਕਤੀ ਗਿਣਤੀ ਕੇਂਦਰਾਂ ਵਿਖੇ ਦਾਖਲ ਨਹੀਂ ਹੋ ਸਕੇਗਾ।ਉਨ੍ਹਾਂ ਦੱਸਿਆ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਉਮੀਦਵਾਰਾਂ, ਅਧਿਕਾਰਤ ਚੋਣ ਏਜੰਟਾਂ ਨੂੰ ਵੀ ਚੋਣ ਕਮਿਸ਼ਨ ਦੀਆਂ ਗਿਣਤੀ ਪ੍ਰਕਿਰਿਆ ਸਬੰਧੀ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਚੁਕਾ ਹੈ।ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਸਬੰਧੀ ਸਮੁੱਚੀ ਪ੍ਰਕਿਰਿਆ ਨੂੰ ਪੂਰੇ ਪਾਰਦਰਸ਼ੀ, ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਿਹੜੇ ਪੱਤਰਕਾਰਾਂ ਨੂੰ ਅਥਾਰਟੀ ਕਾਰਡ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਸੁਵਿਧਾ ਲਈ ਮੀਡੀਆ ਸੈਂਟਰ ਬਣਾਇਆ ਗਿਆ ਹੈ, ਜਿਥੇ ਸਾਰੇ ਗਿਣਤੀ ਕੇਂਦਰਾਂ ਤੋਂ ਪ੍ਰਾਪਤ ਹੋਣ ਵਾਲੇ ਨਤੀਜੇ ਨਾਲੋ ਨਾਲ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media