Saturday, January 25, 2025

ਸੱਤਿਆਜੀਤ ਮਜੀਠੀਆ ਨੇ ਖ਼ਾਲਸਾ ਕਾਲਜ ਵਿਖੇ ਨਵੀਂ ਉਸਾਰੀ ਆਲੀਸ਼ਾਨ ਇਮਾਰਤ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 12 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਗਰੀ ’ਚ ਕਰੀਬ 132 ਸਾਲਾ ਪੁਰਾਤਨ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਕੈਂਪਸ ਵਿਖੇ ਕਾਮਰਸ ਅਤੇ ਹੋਰਨਾਂ ਵਿਭਾਗਾਂ ਦੀ ਸਾਂਝੀ ਸੁਵਿਧਾ ਲਈ 3 ਬਲਾਕ ’ਚ ਕਰੀਬ 1 ਲੱਖ 35 ਹਜ਼ਾਰ ਸਕੇਅਰ ਫੁਟ ਉਸਾਰੀ ਗਈ ਨਵੀਂ ਆਲੀਸ਼ਾਨ ਇਮਾਰਤ ਦਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਵੱਲੋਂ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਉਦਘਾਟਨ ਕੀਤਾ ਗਿਆ।ਇਸ ਵਿੱਚ ਕਾਮਰਸ, ਇਕਨਾਮਕਿਸ, ਮਿਊਜ਼ਿਕ, ਫ਼ਾਇਨ ਆਰਟ ਅਤੇ ਕੰਪਿਊਟਰ ਨਾਲ ਸਬੰਧਿਤ ਵਿਭਾਗਾਂ ਦੀ ਸਾਲ 2024 ਦੇ ਜੁਲਾਈ ਮਹੀਨੇ ’ਚ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ’ਚ ਸ਼ੁਰੂਆਤ ਕੀਤੀ ਜਾਵੇਗੀ।
ਮਜੀਠੀਆ ਨੇ ਉਕਤ ਇਮਾਰਤ ਦੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਸਮੂਹ ਵਿਭਾਗਾਂ ਦੇ ਮੁੱਖੀਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਸ: ਛੀਨਾ, ਮੀਤ ਪ੍ਰਧਾਨ ਸਵਿੰਦਰ ਸਿੰਘ ਕੱਥੂਨੰਗਲ, ਵਧੀਕ ਆਨਰੇਰੀ ਸਕੱਤਰ ਜਤਿੰਦਰ ਬਰਾੜ ਆਦਿ ਵੀ ਮੌਜ਼ੂਦਗੀ ’ਚ ਕਿਹਾ ਕਿ ਮੈਨੇਜ਼ਮੈਂਟ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਹਰੇਕ ਸੁਵਿਧਾ ਪ੍ਰਦਾਨ ਕਰਨਾ ਹੈ ਅਤੇ ਭਵਿੱਖ ਲਈ ਸਮੂਹ ਅਦਾਰਿਆਂ ਦੇ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਦੀ ਸਹੂਲਤ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਨੇਪਰੇ ਚਾੜ੍ਹਨ ਲਈ ਵਿਉਂਤਬੰਦੀ ਤਿਆਰ ਕੀਤੀ ਗਈ ਹੈ, ਜਿਨ੍ਹਾਂ ’ਚੋਂ ਵਾਹਿਗੁਰੂ ਜੀ ਦੀ ਕ੍ਰਿਪਾ ਸਦਕਾ ਕੁੱਝ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਕਈ ਬਹੁਤ ਹੀ ਜਲਦ ਸ਼ੁਰੂ ਕੀਤੇ ਜਾ ਰਹੇ ਹਨ।
ਛੀਨਾ ਨੇ ਇਮਾਰਤ ਦੇ ਉਦਘਾਟਨ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਦੀ ਤੇਜ਼ ਰਫ਼ਤਾਰ ਤਕਨੀਕ ਨਾਲ ਤਾਲਮੇਲ ਕਾਇਮ ਕਰਨ ਲਈ ਖਾਲਸਾ ਕਾਲਜ ਗਵਰਨਿੰਗ ਕੌਂਸਲ ਆਪਣੇ ਅਧੀਨ ਆਉਂਦੀਆਂ ਹਰੇਕ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਐਡਵਾਂਸ ਤਕਨਾਲੋਜੀ ਮੁਹੱਈਆ ਕਰਨ ਲਈ ਯਤਨਸ਼ੀਲ ਹੈ।ਉਨ੍ਹਾਂ ਕਿਹਾ ਕਿ ਅੱਜ ਖਾਲਸਾ ਕਾਲਜ ਕੈਂਪਸ ਵਿਖੇ ਨਵੀਂ ਸਥਾਪਿਤ ਉਕਤ 5 ਮੰਜ਼ਿਲਾ ਮਨਮੋਹਕ ਇਮਾਰਤ ’ਚ 61 ਕਲਾਸ ਰੂਮ, ਸਟੇਡੀਅਮ, 2-2 ਵੱਡੇ ਅਤੇ ਛੋਟੇ ਹਾਲ, 7 ਲੈਬਰੋਟਰੀਆਂ, ਮਿਊਜ਼ਿਕ ਰੂਮ ਆਦਿ ਤੋਂ ਇਲਾਵਾ ਹੋਰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ, ਜੋ ਕਿ ਸਬੰਧਿਤ ਸਟਾਫ਼ ਅਤੇ ਵਿਦਿਆਰਥੀਆਂ ਲਈ ਭਵਿੱਖ ’ਚ ਲਾਹੇਵੰਦ ਸਾਬਿਤ ਹੋਵੇਗੀ।
ਡਾ. ਮਹਿਲ ਸਿੰਘ ਨੇ ਸ: ਮਜੀਠੀਆ, ਸ: ਛੀਨਾ ਅਤੇ ਸਮੂਹ ਕੌਂਸਲ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਮਾਰਤ ’ਚ ਕਾਮਰਸ, ਇਕਨਾਮਿਕਸ, ਮਿਊਜ਼ਿਕ, ਫਾਇਨ ਆਰਟ ਅਤੇ ਕੰਪਿਊਟਰ ਆਦਿ ਵਿਭਾਗਾਂ ਦਾ ਜੁਲਾਈ ਮਹੀਨੇ ਤੋਂ ਨਵੇਂ ਸੈਸ਼ਨ 2024-25 ਮੌਕੇ ਅਗਾਜ਼ ਕੀਤਾ ਜਾਵੇਗਾ।ਇਸ ਵਿੱਚ ਕਾਮਰਸ ਦੇ 30, ਇਕਨਾਮਿਕਸ ਦੇ 12, ਮਿਊਜ਼ਿਕ ਤੇ ਫਾਈਨ ਆਰਟ ਦੇ 10 ਅਤੇ ਕੰਪਿਊਟਰ ਦੇ 10 ਸਬੰਧਿਤ ਵਿਭਾਗਾਂ ਦੇ ਕਮਰੇ ਹੋਣਗੇ।
ਇਸ ਮੌਕੇ ਜੁਆਇੰਟ ਸਕੱਤਰ ਰਾਜਬੀਰ ਸਿੰਘ, ਗੁਰਪ੍ਰੀਤ ਸਿੰਘ ਗਿੱਲ, ਮੈਂਬਰ ਤੇਜਿੰਦਰ ਪਾਲ ਸਿੰਘ ਸੰਧੂ, ਪ੍ਰਿੰਸੀਪਲ ਡਾ. ਸੁਰਿੰਦਰ ਕੌਰ, ਪ੍ਰਿੰਸੀਪਲ ਡਾ. ਜਸਪਾਲ ਸਿੰਘ, ਪ੍ਰਿੰਸੀਪਲ ਹਰੀਸ਼ ਕੁਮਾਰ ਵਰਮਾ, ਪ੍ਰਿੰਸੀਪਲ ਡਾ. ਆਰ.ਕੇ ਧਵਨ, ਡਾ. ਖੁਸ਼ਵਿੰਦਰ ਕੁਮਾਰ, ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ, ਪ੍ਰਿੰਸੀਪਲ ਏ.ਐਸ ਗਿੱਲ, ਪ੍ਰੋਜੈਕਟ ਮੈਨੇਜ਼ਰ ਐਨ.ਕੇ ਸ਼ਰਮਾ, ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਸਟਾਫ਼ ਹਾਜ਼ਰ ਸੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ

ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …