Saturday, November 2, 2024

ਮਾਨਸੂਨ ਤੋਂ ਪਹਿਲਾਂ ਹੀ ਨਗਰ ਨਿਗਮ ਨੇ ਸੀਵਰੇਜ ਲਾਈਨਾਂ ਦੀ ਸ਼ੂਰੂ ਕੀਤੀ ਸਫਾਈ- ਕਮਿਸ਼ਨਰ ਨਿਗਮ

ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ)- ਅੰਮ੍ਰਿਤਸਰ ਨਗਰ ਨਿਗਮ ਨੇ ਮਾਨਸੂਨ ਦੀ ਬਰਸਾਤ ਤੋਂ ਪਹਿਲਾਂ ਹੀ ਸੀਵਰੇਜ ਦੀਆਂ ਲਾਈਨਾਂ ਦੀ ਸਫਾਈ ਸ਼ੂਰੂ ਕਰ ਦਿੱਤੀ ਹੈ।ਦਫਤਰ ਨਗਰ ਨਿਗਮ ਅੰਮ੍ਰਿਤਸਰ ਵਿਖੇ ਬੀਤੇ ਦਿਨ ਕਮਿਸ਼ਨਰ ਹਰਪ੍ਰੀਤ ਸਿੰਘ ਵਲੋਂ ਮੀਟਿੰਗ ਦੌਰਾਨ ਸ਼ਹਿਰ ਦੀਆਂ ਸੀਵਰੇਜ ਲਾਈਨਾਂ ਦੇ ਨਿਕਾਸ ਸਬੰਧੀ ਵੱਖ-ਵੱਖ ਮੁੱਦਿਆਂ `ਤੇ ਚਰਚਾ ਕੀਤੀ ਗਈ।ਮੀਟਿੰਗ ਵਿੱਚ ਐਡੀ. ਕਮਿਸ਼ਨਰ ਸੁਰਿੰਦਰ ਸਿੰਘ, ਐਸ.ਈ.ਓ ਐਂਡ ਐਮ. ਸੁਰਜੀਤ ਸਿੰਘ, ਐਸ.ਈ ਸਿਵਲ ਸੰਦੀਪ ਸਿੰਘ, ਐਕਸੀਅਨ ਗੁਰਜਿੰਦਰ ਸਿੰਘ, ਨਗਰ ਨਿਗਮ ਅੰਮ੍ਰਿਤਸਰ ਦੇ ਸਾਰੇ ਜੇ.ਈ ਅਤੇ ਐਕਸੀਅਨ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਹਰਪ੍ਰੀਤ ਸਿੰਘ ਢਿੱਲੋਂ ਤੇ ਸਟਾਫ਼ ਹਾਜ਼ਰ ਸੀ।
ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਹਿੱਸਿਆਂ ਲਈ ਇੱਕ ਸ਼ਡਿਊਲ ਤਿਆਰ ਕੀਤਾ ਜਾ ਸਕਦਾ ਹੈ ਤਾਂ ਜੋ ਗਾਰ ਕੱਢਣ ਦਾ ਕੰਮ ਪੜਾਅਵਾਰ ਕੀਤਾ ਜਾ ਸਕੇ, ਜਿਸ ਲਈ ਨਗਰ ਨਿਗਮ ਅੰਮ੍ਰਿਤਸਰ ਅਤੇ ਪੰਜਾਬ ਜਲ ਅਤੇ ਸੀਵਰੇਜ ਸਪਲਾਈ ਵਿਭਾਗ ਨਾਲ ਮਿਲ ਕੇ ਕੰਮ ਕਰਨਗੇ।ਉਨ੍ਹਾਂ ਕਿਹਾ ਕਿ ਅੱਜ ਮਜੀਠਾ ਰੋਡ ਬਾਈਪਾਸ `ਤੇ ਤੁੰਗ ਢਾਬ ਡਰੇਨ ਤੋਂ ਗਾਰ ਕੱਢਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਉਨਾਂ ਕਿਹਾ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਾਰੀਆਂ ਸੀਵਰੇਜ ਲਾਈਨਾਂ ਦੀਆਂ ਮੇਨ ਲਾਈਨਾਂ ਦੀ ਗਾਰ ਕਢਾਉਣ ਦੇ ਨਾਲ-ਨਾਲ ਸਫਾਈ ਕਰਵਾਉਣੀ ਬਹੁਤ ਜਰੂਰੀ ਹੈ।ਮੌਜ਼ੂਦਾ ਸਮੇਂ ਵਿੱਚ ਨਗਰ ਨਿਗਮ ਅੰਮ੍ਰਿਤਸਰ ਕੋਲ ਸੀਵਰੇਜ ਬਾਲਟੀ ਮਸ਼ੀਨਾਂ ਅਤੇ ਸੁਪਰ ਸੱਕਰ ਮਸ਼ੀਨਾਂ ਵਾਲੀ ਆਪਣੀ ਮਸ਼ੀਨਰੀ ਹੈ ਜੋ ਲਗਭਗ ਸਾਰੇ ਹਲਕੇ ਦੇ ਖੇਤਰਾਂ ਵਿੱਚ ਤਾਇਨਾਤ ਕੀਤੀ ਗਈ ਹੈ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਯਕੀਨ ਦਿਵਾਇਆ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਮੁੱਖ ਸੀਵਰੇਜ ਲਾਈਨਾਂ ਦੀ ਸਫਾਈ ਕਰਵਾ ਦਿੱਤੀ ਜਾਵੇਗੀ।ਹਾਲਾਂਕਿ ਉਨ੍ਹਾਂ ਅਪੀਲ ਕੀਤੀ ਕਿ ਨਾਗਰਿਕਾਂ ਨੂੰ ਸੀਵਰੇਜ ਵਿੱਚ ਪਲਾਸਟਿਕ ਦੇ ਥੈਲੇ ਜਾਂ ਹੋਰ ਸਮੱਗਰੀ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜੋ ਕਿ ਸੀਵਰੇਜ ਦੀ ਰੁਕਾਵਟ ਦਾ ਮੁੱਖ ਕਾਰਨ ਹੈ।

Check Also

ਸ਼ਾਹਬਾਜ਼ ਸਿੰਘ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਕੱਤਰ

ਅੰਮ੍ਰਿਤਸਰ, 1 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …