Monday, July 8, 2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਨਵੇਂ ਗ੍ਰੰਥੀ ਸਿੰਘ ਸਾਹਿਬਾਨ ਨਿਯੁੱਕਤ

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ’ਚ ਲਏ ਗਏ ਅਹਿਮ ਫੈਸਲੇ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਦੋ ਗ੍ਰੰਥੀ ਸਿੰਘ ਸਾਹਿਬਾਨ ਦੀ ਨਿਯੁੱਕਤੀ ਨੂੰ ਪ੍ਰਵਾਨਗੀ ਦੇਣ ਦੇ ਨਾਲ-ਨਾਲ ਸੰਸਦ ਅੰਦਰ ਕਾਂਗਰਸ ਦੇ ਐਮਪੀ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਅਭਯ ਮੁਦਰਾ ਨੂੰ ਜੋੜਨ ਦਾ ਸਖ਼ਤ ਨੋਟਿਸ ਲਿਆ ਗਿਆ।ਇਸ ਤੋਂ ਇਲਾਵਾ ਰਾਜਸਥਾਨ ਅੰਦਰ ਜੁਡੀਸ਼ੀਅਲ ਪ੍ਰੀਖਿਆ ’ਚ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਕਿਰਪਾਨ ਲਾਹੁਣ ਲਈ ਮਜ਼ਬੂਰ ਕਰਨ ਅਤੇ ਕੰਗਨਾ ਰਣੌਤ ਵਲੋਂ ਪੰਜਾਬੀਆਂ ਵਿਰੁੱਧ ਟਿੱਪਣੀਆਂ ਖਿਲਾਫ਼ ਵੀ ਮਤੇ ਪਾਸ ਕੀਤੇ ਗਏ ਹਨ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਲੋੜ ਨੂੰ ਵੇਖਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੰਜ ਪਿਆਰਿਆਂ ਵਿਚ ਸੇਵਾ ਨਿਭਾਅ ਰਹੇ ਭਾਈ ਕੇਵਲ ਸਿੰਘ ਅਤੇ ਬਟਾਲਾ ਵਾਸੀ ਕਥਾਵਾਚਕ ਭਾਈ ਪਰਵਿੰਦਰਪਾਲ ਸਿੰਘ ਨੂੰ ਗ੍ਰੰਥੀ ਵਜੋਂ ਨਿਯੁੱਕਤ ਕੀਤਾ ਗਿਆ ਹੈ।ਇਸ ਸਬੰਧ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਅਤੇ ਸਿੰਘ ਸਾਹਿਬਾਨ ਵਲੋਂ ਵੱਖ-ਵੱਖ ਉਮੀਦਵਾਰਾਂ ਦਾ ਟੈਸਟ ਲਿਆ ਗਿਆ ਸੀ, ਜਿਨ੍ਹਾਂ ਵਿਚੋਂ ਕੀਤੀ ਗਈ ਸਿਫ਼ਾਰਸ਼ ਅਨੁਸਾਰ ਦੋ ਗ੍ਰੰਥੀ ਸਿੰਘਾਂ ਦੀ ਨਿਯੁੱਕਤੀ ਕੀਤੀ ਗਈ ਹੈ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਅੱਜ ਰਾਜਸਥਾਨ ਅੰਦਰ ਬੀਤੇ ਦਿਨੀਂ ਜੁਡੀਸ਼ੀਅਲ ਪ੍ਰੀਖਿਆ ’ਚ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਤੰਗ ਪ੍ਰੇਸ਼ਾਨ ਅਤੇ ਕਰਾਰ ਉਤਾਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਵਿੱਚ ਸਰਕਾਰ ਪਾਸੋਂ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਮੰਗੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੋਸ਼ੀਆਂ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਕੇ ਕਾਰਵਾਈ ਕਰੇ।
ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਦੀ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਵੱਲੋਂ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀਆਂ ਦੀ ਵੀ ਅੰਤ੍ਰਿੰਗ ਕਮੇਟੀ ਵੱਲੋਂ ਨਿੰਦਾ ਮਤਾ ਪਾਸ ਕੀਤਾ ਗਿਆ ਹੈ।  ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਨਿਸ਼ਚੈ ਪ੍ਰਸਾਸ਼ਕੀ ਸੇਵਾਵਾਂ ਸਿਖਲਾਈ ਕੇਂਦਰ ਦੇ ਵਿਦਿਆਰਥੀ ਗੁਰਜੋਤ ਸਿੰਘ ਵੱਲੋਂ ਯੂ.ਪੀ.ਐਸ.ਸੀ ਦੀ ਸਿਵਲ ਸੇਵਾ ਦੀ ਪ੍ਰੀਲਿਮੀਨਰੀ ਪ੍ਰੀਖਿਆ 2024 ਪਾਸ ਕਰਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਵਾਰ ਨਿਸ਼ਚੈ ਅਕੈਡਮੀ ਦੇ ਨਵੇਂ ਬੈਚ ਲਈ ਚੰਡੀਗੜ੍ਹ ਵਿਖੇ 25 ਸਿੱਖ ਨੌਜੁਆਨਾਂ ਦੇ ਨਾਲ-ਨਾਲ ਬਹਾਦਰਗੜ੍ਹ ਪਟਿਆਲਾ ਵਿਖੇ ਨਿਸ਼ਚੈ ਜੁਡੀਸ਼ੀਅਲ ਅਕੈਡਮੀ ਲਈ ਵੀ 25 ਸਿੱਖ ਨੌਜੁਆਨਾਂ ਦੀ ਚੋਣ ਕਰ ਲਈ ਗਈ ਹੈ।
ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਵਿਚ ਸੰਸਥਾ ਦੇ ਵਿਦਿਅਕ ਅਦਾਰਿਆਂ ਦੇ 250 ਤੋਂ ਜ਼ਿਆਦਾ ਨੌਜੁਆਨਾਂ ਨੂੰ ਵੱਖ-ਵੱਖ ਕੰਪਨੀਆਂ ਵਿੱਚ ਰੋਜ਼ਗਾਰ ਲਈ ਚੁਣਿਆ ਗਿਆ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਨਾਲ ਸਬੰਧਤ ਜਾਇਦਾਦ ਦੇ ਮਾਮਲੇ ’ਤੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਕਿ ਸਰਕਾਰ ਗੁਰੂ ਘਰ ਦੇ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਬਾਜ਼ ਆਵੇ।
ਸ੍ਰੀ ਦਰਬਾਰ ਸਾਹਿਬ ਵਿਖੇ ਇਕ ਲੜਕੀ ਵੱਲੋਂ ਯੋਗਾ ਕਰਨ ਬਾਰੇ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਵੱਲੋਂ ਇਸ ਘਟਨਾ ਉਪਰ ਰਾਏ ਦਿੱਤੀਆਂ ਗਈਆਂ ਹਨ ਅਤੇ ਉਸ ਲੜਕੀ ਵੱਲੋਂ ਵੀ ਲਿਖਤੀ ਤੌਰ ’ਤੇ ਮੁਆਫ਼ੀ ਭੇਜੀ ਗਈ ਹੈ।ਪਰੰਤੂ ਹਰ ਧਾਰਮਿਕ ਅਸਥਾਨ ਦੀ ਇਕ ਮਰਯਾਦਾ ਹੁੰਦੀ ਹੈ ਅਤੇ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਬਖ਼ਸ਼ਣਯੋਗ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਬਾਰੇ ਨਿਯਮ ਨਿਰਧਾਰਤ ਕੀਤੇ ਜਾਣਗੇ, ਪਰੰਤੂ ਤੁਰੰਤ ਪ੍ਰਭਾਵ ਤੋਂ ਕਿਸੇ ਵੀ ਕਲਾਕਾਰ ਜਾਂ ਅਦਾਕਾਰ ਨੂੰ ਇਥੇ ਆਪਣੀ ਮਸ਼ਹੂਰੀ ਕਰਨ ਵਾਸਤੇ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਕੱਤਰਤਾ ’ਚ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਲਈ ਭਾਈ ਰਾਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ, ਰਘਬੀਰ ਸਿੰਘ ਸਹਾਰਨਮਾਜਰਾ, ਜਸਮੇਰ ਸਿੰਘ ਲਾਛੜੂ, ਖੁਸ਼ਵਿੰਦਰ ਸਿੰਘ ਭਾਟੀਆ, ਬੀਬੀ ਹਰਦੀਪ ਕੌਰ ਖੋਖ, ਇੰਦਰਮੋਹਨ ਸਿੰਘ ਲਖਮੀਰਵਾਲਾ, ਗੁਰਪ੍ਰੀਤ ਸਿੰਘ ਝੱਬਰ, ਬੀਬੀ ਮਲਕੀਤ ਕੌਰ ਕਮਾਲਪੁਰ, ਅਮਰਜੀਤ ਸਿੰਘ ਭਲਾਈਪੁਰ, ਜਸਵੰਤ ਸਿੰਘ ਪੁੜੈਣ, ਓ.ਐਸ.ਡੀ ਸਤਬੀਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਇੰਜੀ: ਸੁਖਮਿੰਦਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਹਰਭਜਨ ਸਿੰਘ ਵਕਤਾ ਆਦਿ ਸ਼ਾਮਲ ਹਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …