Thursday, November 21, 2024

ਅਧਿਆਪਕ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਰੁਸ਼ਨਾਉਂਦਾ ਹੈ – ਅਧਿਆਪਕਾ ਅਮਨਦੀਪ ਕੌਰ

ਸੰਗਰੂਰ, 4 ਸਤੰਬਰ (ਜਗਸੀਰ ਲੌਂਗੋਵਾਲ) – ਸ਼ਹੀਦ ਮੇਜਰ ਸਿੰਘ ਸ.ਸ.ਸ ਸਕੂਲ ਦੀ ਪੰਜਾਬੀ ਅਧਿਆਪਕਾ ਅਮਨਦੀਪ ਕੌਰ ਨੇ ਅੱਜ ਅਧਿਆਪਕ ਦਿਵਸ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅਧਿਆਪਕ ਇਕ ਮੋਮਬੱਤੀ ਵਾਂਗ ਹੈ, ਜੋ ਆਪ ਬਲ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਰੁਸ਼ਨਾਉਂਦਾ ਹੈ।ਅਮਨਦੀਪ ਕੌਰ ਨੇ ਕਿਹਾ ਕਿ ਵੱਡੇ-ਵੱਡੇ ਸਾਹਿਤਕਾਰ, ਲੇਖਕ, ਆਈ.ਏ.ਐਸ.ਅਫਸਰ, ਪੀ.ਸੀ.ਐਸ ਅਫਸਰ ਹੋਣ ਜਾਂ ਕੋਈ ਦੇਸ਼ ਦਾ ਪ੍ਰਧਾਨ ਮੰਤਰੀ, ਸਾਰੇ ਹੀ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕਰਕੇ ਇਸ ਮੁਕਾਮ `ਤੇ ਪਹੁੰਚਦੇ ਹਨ।ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਹਨ, ਪ੍ਰੰਤੂ ਅਧਿਆਪਕ ਬੱਚੇ ਦੇ ਚਰਿੱਤਰ ਨਿਰਮਾਣ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਹਨ।ਅਰਥਾਤ ਅਧਿਆਪਕ ਇਨਸਾਨ ਦੀ ਜ਼ਿੰਦਗੀ ਰੂਪੀ ਵਿਸ਼ਾਲ ਇਮਾਰਤ ਦੀ ਨੀਂਹ ਦਾ ਪੱਥਰ ਰੱਖਣ ਦਾ ਕੰਮ ਕਰਦਾ ਹੈ।ਅਧਿਆਪਕਾ ਅਮਨਦੀਪ ਨੇ ਕਿਹਾ ਕਿ ਇੱਕ ਚੰਗੇ ਅਧਿਆਪਕ ਦੀ ਅਣਹੋਂਦ ਨਾਲ ਬੇਹਤਰੀਨ ਸਿੱਖਿਆ ਵਿਧੀਆਂ ਵੀ ਅਸਫਲ ਹੋ ਜਾਂਦੀਆਂ ਹਨ, ਜਦਕਿ ਚੰਗੇ ਅਧਿਆਪਕ ਦੀ ਹੋਂਦ ਸਿੱਖਿਆ ਪ੍ਰਣਾਲੀ ਦੇ ਸਭ ਦੋਸ਼ਾਂ ਨੂੰ ਵੀ ਬਹੁਤ ਹੱਦ ਤੱਕ ਦੂਰ ਕਰ ਦਿੰਦੀ ਹੈ।ਉਨ੍ਹਾਂ ਕਿਹਾ ਕਿ ਮੌਜ਼ੂਦਾ ਵਪਾਰੀਕਰਨ ਦੇ ਦੌਰ ਵਿੱਚ ਅਧਿਆਪਕ ਦਾ ਬਦਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰੰਤੂ ਕੋਈ ਕਿਤਾਬ, ਕੰਪਿਊਟਰ, ਦਸਤਾਵੇਜ਼ ਜਾਂ ਮੋਬਾਇਲ ਐਪ ਅਧਿਆਪਕ ਦਾ ਬਦਲ ਨਹੀਂ ਹੋ ਸਕਦੀ।ਇੰਟਰਨੈਟ, ਸਮਾਰਟਫੋਨ, ਗੂਗਲ, ਸਮਾਰਟ ਕਲਾਸਰੂਮ ਗਿਆਨ ਦੇਣ ਦੇ ਪਖੋਂ ਤਾਂ ਕੁੱਝ ਹੱਦ ਤੱਕ ਬਿਹਤਰ ਹੋ ਸਕਦੇ ਹੋਣਗੇ।ਪ੍ਰੰਤੂ ਲੰਮੇ ਸਮੇ ਲਈ ਨਹੀ, ਕਿਉਕਿ ਇਹ ਸਭ ਮਸ਼ੀਨਾਂ ਹੀ ਹਨ।ਉਨ੍ਹਾਂ ਕਿਹਾ ਕਿ ਬੱਚੇ ਦੇ ਸਰਬਪੱਖੀ ਵਿਕਾਸ ਲਈ ਲੋੜੀਂਦੀਆਂ ਕਦਰਾਂ ਕੀਮਤਾਂ ਜਿਵੇਂ ਪਿਆਰ, ਲਗਾਅ, ਸਨੇਹ, ਹਮਦਰਦੀ ਅਤੇ ਤਿਆਗ ਸਿਰਫ਼ ਅਧਿਆਪਕ ਤੋਂ ਹੀ ਮਿਲ ਸਕਦਾ ਹੈ।ਇਸ ਲਈ ਅਧਿਆਪਕ ਦਾ ਸਤਿਕਾਰ ਬੇਹੱਦ ਜ਼ਰੂਰੀ ਹੈ, ਜੇ ਅਧਿਆਪਕ ਬਚੇਗਾ ਤਾਂ ਹੀ ਦੇਸ਼ ਬਚੇਗਾ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …